ਪੰਚਕੂਲਾ, 26 ਮਾਰਚ (ਕਪਿਲ)- ਨਗਰ ਨਿਗਮ ਪੰਚਕੂਲਾ ਦੇ 160 ਕਰੋੜ ਰੁ. ਦੇ ਗਬਨ ਮਾਮਲੇ ਨੂੰ ਲੈ ਕੇ ਵੀਰਵਾਰ ਨੂੰ ਐਂਟੀ ਕੁਰੱਪਸ਼ਨ ਬਿਊਰੋ (ਏ. ਸੀ. ਬੀ.) ਵਲੋਂ ਕੋਟਕ ਮਹਿੰਦਰਾ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਦਲੀਪ ਰਾਘਵ ਨੂੰ ਪੰਚਕੂਲਾ ਅਦਾਲਤ 'ਚ ਪੇਸ਼ ਕੀਤਾ ਗਿਆ, ਜਿੱਥੋਂ ਅਦਾਲਤ ਵਲੋਂ ਦਲੀਪ ਰਾਘਵ ਨੂੰ 4 ਦਿਨਾਂ ਦਾ ਰਿਮਾਂਡ 'ਤੇ ਭੇਜ ਦਿੱਤਾ ਗਿਆ | ਜਾਣਕਾਰੀ ਮੁਤਾਬਿਕ ਉਕਤ ਮਾਮਲੇ 'ਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਪੁੱਛਗਿੱਛ ਤੋਂ ਬਾਅਦ ਕਈ ਹੋਰ ਲੋਕਾਂ ਦੇ ਨਾਂਅ ਵੀ ਸਾਹਮਣੇ ਆਏ ਹਨ, ਜਿਨ੍ਹਾਂ ਨੂੰ ਜਲਦੀ ਗਿ੍ਫ਼ਤਾਰ ਕੀਤਾ ਜਾਵੇਗਾ | ਉਕਤ ਮਾਮਲੇ ਨੂੰ ਲੈ ਕੇ ਕੋਟਕ ਮਹਿੰਦਰਾ ਬੈਂਕ ਦੇ ਰਿਲੇਸ਼ਨਸ਼ਿਪ ਮੈਨੇਜਰ ਦਲੀਪ ਰਾਘਵ ਦੇ ਵਕੀਲ ਨੀਰਜ ਨੇ ਦੱਸਿਆ ਕਿ ਅਦਾਲਤ ਨੇ 4 ਦਿਨਾਂ ਦਾ ਰਿਮਾਂਡ ਦਿੱਤਾ ਹੈ | ਉਨ੍ਹਾਂ ਦੱਸਿਆ ਕਿ ਦਲੀਪ ਨੂੰ ਕੱਲ੍ਹ ਸਵੇਰੇ 10 ਵਜੇ ਗਿ੍ਫ਼ਤਾਰ ਕੀਤਾ ਗਿਆ ਸੀ, ਜਦਕਿ ਗਿ੍ਫ਼ਤਾਰੀ ਸ਼ਾਮ ਦੀ ਦਰਸਾਈ ਗਈ ਹੈ, ਜਿਸ ਸੰਬੰਧੀ ਅਦਾਲਤ ਵਿਚ ਅਰਜ਼ੀ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ 24 ਘੰਟਿਆਂ ਦੇ ਅੰਦਰ ਅਦਾਲਤ ਵਿਚ ਪੇਸ਼ ਨਹੀਂ ਕੀਤਾ ਗਿਆ, ਜਿਸ ਕਰਕੇ ਇਹ ਗਿ੍ਫਤਾਰੀ ਗੈਰ-ਕਾਨੂੰਨੀ ਹੈ | ਇਸ ਮਾਮਲੇ ਦੀ ਸੁਣਵਾਈ ਲਈ ਅਦਾਲਤ ਨੇ 30 ਮਾਰਚ ਦੀ ਤਾਰੀਖ ਨਿਰਧਾਰਤ ਕੀਤੀ ਹੈ | ਉਨ੍ਹਾਂ ਕਿਹਾ ਕਿ ਵੱਡੀਆਂ ਗਲਤੀਆਂ ਨੂੰ ਲੁਕਾਉਣ ਲਈ ਛੋਟਿਆਂ ਨੂੰ ਨਿਸ਼ਾਨਾ ਬਣਾਇਆ ਜਾਂਦਾ ਹੈ | ਦਲੀਪ ਇਕ ਛੋਟਾ ਕਰਮਚਾਰੀ ਹੈ ਅਤੇ ਉਸਨੇ ਜੋ ਵੀ ਕੀਤਾ ਕਾਨੂੰਨ ਦੇ ਦਾਇਰੇ ਵਿਚ ਕੀਤਾ ਹੈ | ਉਨ੍ਹਾਂ ਦਾਅਵਾ ਕੀਤਾ ਕਿ ਸਾਰੇ ਲੈਣ-ਦੇਣ ਕਾਨੂੰਨੀ ਤਰੀਕੇ ਨਾਲ ਹੋਏ ਹਨ ਅਤੇ ਉਨ੍ਹਾਂ ਨੂੰ ਫਸਾਇਆ ਗਿਆ ਹੈ, ਜਿਸ ਨੂੰ ਉਹ ਅਦਾਲਤ 'ਚ ਸਾਬਿਤ ਕਰ ਦੇਣਗੇ | ਇਸ ਮਾਮਲੇ ਵਿਚ ਐਂਟੀ ਕੁਰੱਪਸ਼ਨ ਬਿਊਰੋ ਵਲੋਂ ਬੈਂਕ ਖਾਤਿਆਂ 'ਚੋਂ ਕਰੋੜਾਂ ਰੁ. ਦੀ ਐਂਟਰੀ ਕਰਨ ਵਾਲੇ ਮੁਲਜ਼ਮ ਰਜਤ ਧਾਰਾ ਨੂੰ ਵੀ ਹਿਰਾਸਤ 'ਚ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ |