ਪੰਚਕੂਲਾ, 26 ਮਾਰਚ (ਕਪਿਲ)-ਰਾਏਪੁਰ ਰਾਣੀ ਤੋਂ ਛੋਟਾ ਤਿ੍ਲੋਕਪੁਰ ਨੂੰ ਜਾਣ ਵਾਲੇ ਮਾਰਗ 'ਤੇ ਟਾਇਲਾਂ ਨਾਲ ਭਰੀ ਇਕ ਟਰੈਕਟਰ-ਟਰਾਲੀ ਬੇਕਾਬੂ ਹੋ ਕੇ ਪਲਟ ਗਈ | ਇਸ ਹਾਦਸੇ 'ਚ ਟਰੈਕਟਰ ਚਾਲਕ ਸਮੇਤ ਦੋ ਮਜ਼ਦੂਰ ਜ਼ਖ਼ਮੀ ਹੋ ਗਏ | ਪ੍ਰਾਪਤ ਜਾਣਕਾਰੀ ਮੁਤਾਬਿਕ ਟਰੈਕਟਰ-ਟਰਾਲੀ ਟਾਇਲਾਂ ਲੈ ਕੇ ਜਾ ਰਹੀ ਸੀ ਅਤੇ ਜਿਵੇਂ ਹੀ ਉਹ ਪਿੰਡ ਲਸਕਰੀਵਾਲਾ ਤੋਂ ਅੱਗੇ ਪੁੱਜੀ ਤਾਂ ਚਾਲਕ ਦਾ ਸੰਤੁਲਨ ਵਿਗੜਨ ਕਾਰਨ ਟਰੈਕਟਰ-ਟਰਾਲੀ ਸੜਕ ਕਿਨਾਰੇ ਪਲਟ ਗਏ | ਘਟਨਾ ਸਥਾਨ ਨੇੜੇ ਮੌਜੂਦ ਲੋਕਾਂ ਵਲੋਂ ਜ਼ਖ਼ਮੀਆਂ ਨੂੰ ਤੁਰੰਤ ਇਲਾਜ ਲਈ ਰਾਏਪੁਰ ਰਾਣੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ ਗਿਆ, ਜਿਥੇ ਕਿ ਮੁੱਢਲੀ ਸਹਾਇਤਾ ਦੇਣ ਤੋਂ ਬਾਅਦ ਉਨ੍ਹਾਂ ਨੂੰ ਗੰਭੀਰ ਹਾਲਤ ਦੇ ਚਲਦਿਆਂ ਪੰਚਕੂਲਾ ਦੇ ਸੈਕਟਰ-6 ਦੇ ਹਸਪਤਾਲ ਵਿਖੇ ਰੈਫ਼ਰ ਕਰ ਦਿੱਤਾ ਗਿਆ | ਸਥਾਨਕ ਲੋਕਾਂ ਦਾ ਕਹਿਣਾ ਹੈ ਕਿ ਇਸ ਮਾਰਗ 'ਤੇ ਸੜਕੀ ਹਾਦਸਿਆਂ ਦੀ ਗਿਣਤੀ ਦਿਨੋਂ ਦਿਨ ਵਧਦੀ ਜਾ ਰਹੀ ਹੈ ਅਤੇ ਪਿਛਲੇ 72 ਘੰਟਿਆਂ 'ਚ ਇਹ ਚੌਥਾ ਹਾਦਸਾ ਵਾਪਰਿਆ ਹੈ, ਜਿਸ ਨਾਲ ਇਲਾਕੇ ਦੇ ਲੋਕਾਂ 'ਚ ਰੋਸ ਅਤੇ ਚਿੰਤਾ ਵਧ ਗਈ ਹੈ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਸੜਕ 'ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਜਾਣ ਤਾਂ ਜੋ ਭਵਿੱਖ 'ਚ ਅਜਿਹੇ ਹਾਦਸਿਆਂ ਨੂੰ ਰੋਕਿਆ ਜਾ ਸਕੇ |