ਐੱਸ. ਏ. ਐੱਸ. ਨਗਰ, 26 ਮਾਰਚ (ਕਪਿਲ ਵਧਵਾ)-ਪੰਜਾਬ 'ਚ ਗੈਂਗਸਟਰਵਾਦ ਅਤੇ ਸੰਗਠਿਤ ਅਪਰਾਧਾਂ ਖ਼ਿਲਾਫ਼ ਚੱਲ ਰਹੀ ਮੁਹਿੰਮ ਤਹਿਤ ਐਂਟੀ ਗੈਂਗਸਟਰ ਟਾਸਕ ਫੋਰਸ (ਏ. ਜੀ. ਟੀ. ਐਫ.) ਵਲੋਂ ਮਹੱਤਵਪੂਰਨ ਕਾਰਵਾਈ ਕੀਤੀ ਗਈ ਹੈ | ਪੰਜਾਬ ਯੂਨੀਵਰਸਿਟੀ ਵਿਖੇ ਹੋਈ ਗੋਲੀਬਾਰੀ ਦੇ ਮਾਮਲੇ ਵਿਚ ਲੋੜੀਂਦੇ ਮੁਲਜ਼ਮ ਜਸਪ੍ਰੀਤ ਸਿੰਘ ਨਾਲ ਪੁਲਿਸ ਮੁਕਾਬਲੇ ਮਗਰੋਂ ਏ. ਜੀ. ਟੀ. ਐਫ. ਦੇ ਏ. ਆਈ. ਜੀ. ਗੁਰਮੀਤ ਚੌਹਾਨ ਦਾ ਬਿਆਨ ਸਾਹਮਣੇ ਆਇਆ ਹੈ | ਉਨ੍ਹਾਂ ਦੱਸਿਆ ਕਿ ਇਹ ਕਾਰਵਾਈ ਚੰਡੀਗੜ੍ਹ ਪੁਲਿਸ ਦੇ ਇੰਸਪੈਕਟਰਾਂ ਅਤੇ ਸਬ-ਇੰਸਪੈਕਟਰਾਂ ਦੀ ਟੀਮ ਵਲੋਂ ਏ. ਜੀ. ਟੀ. ਐਫ. ਦੇ ਡੀ. ਐਸ. ਪੀ. ਰਾਜਨ ਪਰਮਿੰਦਰ ਸਿੰਘ ਦੀ ਅਗਵਾਈ ਹੇਠ ਅਮਲ 'ਚ ਲਿਆਂਦੀ ਗਈ | ਉਨ੍ਹਾਂ ਦੱਸਿਆ ਕਿ ਸਾਲ 2022 ਤੋਂ ਲੈ ਕੇ ਹੁਣ ਤੱਕ ਕੁੱਲ 2868 ਅਪਰਾਧੀਆਂ ਨੂੰ ਗਿ੍ਫ਼ਤਾਰ ਕਰਕੇ ਜੇਲ੍ਹਾਂ ਵਿਚ ਭੇਜਿਆ ਗਿਆ ਹੈ | ਇਸ ਦੇ ਨਾਲ ਹੀ 1100 ਤੋਂ ਵੱਧ ਅਪਰਾਧਿਕ ਸੰਗਠਨਾਂ ਦਾ ਪਰਦਾਫਾਸ਼ ਕੀਤਾ ਗਿਆ ਹੈ, ਜਿਸ ਨਾਲ ਸੂਬੇ 'ਚ ਕਾਨੂੰਨ-ਵਿਵਸਥਾ ਮਜ਼ਬੂਤ ਹੋਈ ਹੈ | ਉਨ੍ਹਾਂ ਕਿਹਾ ਕਿ ਰਾਣਾ ਬਲਾਚੌਰੀਆ ਮਾਮਲੇ ਵਿਚ ਫੋਰਸ ਦੇ ਕਾਬਿਲ ਅਫ਼ਸਰਾਂ ਦੀ ਮੁਸ਼ਤੈਦੀ ਕਰਨ ਅਹਿਮ ਮੁਲਜ਼ਮ ਐਸ਼ਦੀਪ ਸਿੰਘ ਨੂੰ ਦਿੱਲੀ ਏਅਰਪੋਰਟ ਤੋਂ ਦਬੋਚਿਆ ਗਿਆ, ਜਦਕਿ ਸ਼ੂਟਰ ਕਰਨ ਪਾਠਕ ਨੂੰ ਪੱਛਮੀ ਬੰਗਾਲ ਤੋਂ ਹਿਰਾਸਤ ਵਿਚ ਲਿਆ ਗਿਆ | ਇਸ ਦੇ ਨਾਲ ਹੀ ਉਨ੍ਹਾਂ ਤਰਨਤਾਰਨ ਵਿਖੇ ਵਾਪਰੇ ਸਰਪੰਚ ਦੇ ਹੱਤਿਆਕਾਂਡ ਅਤੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੀ ਹੱਤਿਆ ਦੇ ਮਾਮਲੇ ਵਿਚ ਮੁਲਜ਼ਮਾਂ ਨੂੰ ਕਾਬੂ ਕਰਨ ਸੰਬੰਧੀ ਏ. ਜੀ. ਟੀ. ਐਫ. ਦੀ ਕਾਰਗੁਜ਼ਾਰੀ 'ਤੇ ਚਾਨਣਾ ਪਾਇਆ | ਉਨ੍ਹਾਂ ਅੱਗੇ ਕਿਹਾ ਕਿ ਇਨ੍ਹਾਂ ਕਾਰਵਾਈਆਂ ਦੌਰਾਨ ਲਗਭਗ 2300 ਹਥਿਆਰ ਵੀ ਬਰਾਮਦ ਕੀਤੇ ਗਏ ਹਨ, ਜੋ ਗੈਂਗਸਟਰਾਂ ਦੀ ਸਰਗਰਮੀ ਲਈ ਵੱਡਾ ਝਟਕਾ ਹੈ | ਉਨ੍ਹਾਂ ਕਿਹਾ ਕਿ ਏ. ਜੀ. ਟੀ. ਐਫ. ਵਲੋਂ ਨਸ਼ਾ ਤਸਕਰੀ, ਹਥਿਆਰਾਂ ਦੀ ਤਸਕਰੀ ਅਤੇ ਵਧ ਰਹੇ ਗੈਂਗਵਾਰ ਮਾਮਲਿਆਂ ਖ਼ਿਲਾਫ਼ ਵੀ ਲਗਾਤਾਰ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ, ਜਿਸ ਤਹਿਤ ਕਈ ਵੱਡੇ ਗੈਂਗਸਟਰ ਨੈੱਟਵਰਕ ਤੋੜੇ ਗਏ ਹਨ |