16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-03-2026

'ਆਪ' ਸਰਕਾਰ ਧੱਕੇ ਨਾਲ ਆਪਣਾ ਸੰਮਤੀ ਚੇਅਰਮੈਨ ਲਗਾਉਣਾ ਚਾਹੁੰਦੀ ਹੈ-ਚੰਨੀ <br/>

ਸੰਮਤੀ ਦਫ਼ਤਰ ਦੇ ਗੇਟ 'ਤੇ ਤਾਇਨਾਤ ਪੁਲਿਸ ਪਾਰਟੀ ਅਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ | ਤਸਵੀਰਾਂ : ਜੰਡਪੁਰੀ <br/> 06-03-2026
ਖਰੜ, 5 ਮਾਰਚ (ਤਰਸੇਮ ਸਿੰਘ ਜੰਡਪੁਰੀ/ਗੁਰਮੁਖ ਸਿੰਘ ਮਾਨ)-ਅੱਜ ਬਲਾਕ ਸੰਮਤੀ ਖਰੜ ਦੇ ਚੇਅਰਮੈਨ ਅਤੇ ਵਾਈਸ ਚੇਅਰਮੈਨ ਦੀ ਚੋਣ ਇਸ ਕਰਕੇ ਮੁਲਤਵੀ ਹੋ ਗਈ ਹੈ ਕਿਉਂਕਿ ਮੌਜੂਦਾ ਹਾਕਮ ਧਿਰ ਦੇ ਸੰਮਤੀ ਮੈਂਬਰ ਇਸ ਚੋਣ ਪ੍ਰਕਿਰਿਆ ਵਿਚ ਸ਼ਾਮਿਲ ਨਹੀਂ ਹੋਏ, ਜਦਕਿ ਦੂਜੇ ਪਾਸੇ ਕਾਂਗਰਸ ਅਤੇ ਅਕਾਲੀ ਦਲ ਦੇ ਸੰਮਤੀ ਮੈਂਬਰਾਂ ਸਮੇਤ ਆਮ ਆਦਮੀ ਪਾਰਟੀ ਦਾ ਇਕ ਮੈਂਬਰ ਚੋਣ ਪ੍ਰਕਿਰਿਆ 'ਚ ਹਾਜ਼ਰ ਰਿਹਾ | ਇਸ ਮੌਕੇ ਪੁਲਿਸ ਬਲ ਦੀ ਅਗਵਾਈ ਐਸ. ਪੀ. ਮਨਪ੍ਰੀਤ ਸਿੰਘ, ਡੀ. ਐਸ. ਪੀ. ਤਲਵਿੰਦਰ ਸਿੰਘ ਗਿੱਲ ਅਤੇ ਡੀ. ਐਸ. ਪੀ. ਕਰਨ ਸਿੰਘ ਸੰਧੂ ਕਰ ਰਹੇ ਸਨ, ਜਦਕਿ ਸੰਮਤੀ ਦਫ਼ਤਰ ਦੇ ਗੇਟ 'ਤੇ ਮੀਡੀਆ ਦੇ ਅੰਦਰ ਨਾ ਜਾਣ ਸੰਬੰਧੀ ਨੋਟਿਸ ਲਗਾਇਆ ਗਿਆ ਸੀ, ਜਿਸ ਨੂੰ ਲੈ ਕੇ ਪੱਤਰਕਾਰਾਂ ਵਿਚ ਵੀ ਭਾਰੀ ਰੋਸ ਦੇਖਣ ਨੂੰ ਮਿਲਿਆ | ਇਸ ਮੌਕੇ ਸਾਬਕਾ ਮੁੱਖ ਮੰਤਰੀ ਪੰਜਾਬ ਚਰਨਜੀਤ ਸਿੰਘ ਚੰਨੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਅੱਜ ਚੋਣ ਪ੍ਰਕਿਰਿਆ ਵਿਚ 15 ਸੰਮਤੀ ਮੈਂਬਰਾਂ 'ਚੋਂ ਕੇਵਲ 9 ਮੈਂਬਰ ਹੀ ਪੁੱਜੇ ਸਨ ਕਿਉਂਕਿ 'ਆਪ' ਪਾਰਟੀ ਕੋਲ ਪੂਰੇ ਮੈਂਬਰ ਨਹੀਂ ਹਨ, ਲਿਹਾਜ਼ਾ 'ਆਪ' ਆਗੂਆਂ ਨੇ ਆਪਣੇ ਮੈਂਬਰ ਪਾਸੇ ਕਰ ਦਿੱਤੇ, ਜਿਸ ਕਰਕੇ ਚੋਣ ਪ੍ਰਕਿਰਿਆ ਮੁਕੰਮਲ ਨਹੀਂ ਹੋ ਸਕੀ | ਉਨ੍ਹਾਂ ਦੋਸ਼ ਲਗਾਇਆ ਕਿ ਸਰਕਾਰ ਧੱਕੇਸ਼ਾਹੀ ਕਰ ਰਹੀ ਹੈ ਤੇ ਚੋਣ ਤੋਂ ਭੱਜ ਰਹੀ ਹੈ | ਉਨ੍ਹਾਂ ਕਿਹਾ ਕਿ ਭਾਵੇਂ ਸਰਕਾਰ ਕੋਈ ਵੀ ਹੱਥਕੰਡਾ ਅਪਣਾ ਲਏ ਖਰੜ ਦੀ ਬਲਾਕ ਸੰਮਤੀ ਦੇ ਚੇਅਰਮੈਨ ਦੀ ਚੋਣ ਕਾਂਗਰਸ ਹੀ ਜਿੱਤੇਗੀ | ਇਸੇ ਦੌਰਾਨ ਸੰਮਤੀ ਮੈਂਬਰ ਜਗਜੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਦੇ 8 ਮੈਂਬਰ ਉਨ੍ਹਾਂ ਦੇ ਨਾਲ ਹਨ, ਜਦਕਿ ਆਪ ਦੇ ਮੈਂਬਰ ਚੋਣ ਪ੍ਰਕਿਰਿਆ 'ਚੋਂ ਗ਼ੈਰਹਾਜ਼ਰ ਰਹੇ, ਜਿਸ ਕਾਰਨ ਚੋਣ ਅਫ਼ਸਰ ਨੇ ਕੋਰਮ ਪੂਰਾ ਨਾ ਹੋਣ ਦੀ ਗੱਲ ਕਰਦਿਆਂ ਚੋਣ ਪ੍ਰਕਿਰਿਆ ਰੱਦ ਕਰ ਦਿੱਤੀ | ਉਨ੍ਹਾਂ ਦੱਸਿਆ ਕਿ ਅਗਲੀ ਚੋਣ ਸੰਬੰਧੀ ਸਮੁੱਚੇ ਸੰਮਤੀ ਮੈਂਬਰਾਂ ਨੂੰ 24 ਘੰਟੇ ਪਹਿਲਾਂ ਨੋਟਿਸ ਦਿੱਤਾ ਜਾਵੇਗਾ | ਦੱਸਣਯੋਗ ਹੈ ਕਿ ਅੱਜ ਆਮ ਆਦਮੀ ਪਾਰਟੀ ਦੇ ਪਰਮਜੀਤ ਸਿੰਘ, ਜਸਪਾਲ ਕੌਰ, ਰਘਵੀਰ ਸਿੰਘ, ਜਗਜੀਤ ਸਿੰਘ, ਸੁਖਵਿੰਦਰ ਕੌਰ ਤੇ ਬਲਜੀਤ ਸਿੰਘ ਆਦਿ ਸੰਮਤੀ ਮੈਂਬਰ ਗ਼ੈਰਹਾਜ਼ਰ ਰਹੇ, ਜਦਕਿ ਮਾਛੀਪੁਰ ਜ਼ੋਨ ਤੋਂ 'ਆਪ' ਦੇ ਸੰਮਤੀ ਮੈਂਬਰ ਨਿਰਪਾਲ ਸਿੰਘ ਮੰਡੇਰ ਸਮੇਤ ਕਾਂਗਰਸ ਦੇ ਸਤੀਸ਼ ਕੁਮਾਰ, ਬਲਜਿੰਦਰ ਸਿੰਘ, ਬਲਵੀਰ ਕੌਰ, ਕਮਲਜੀਤ ਕੌਰ ਤੇ ਜਗਜੀਤ ਸਿੰਘ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸੁਪ੍ਰੀਤ ਕੌਰ, ਬਲਜੀਤ ਕੌਰ ਤੇ ਆਜ਼ਾਦ ਉਮੀਦਵਾਰ ਜਸਪ੍ਰੀਤ ਕੌਰ ਆਦਿ ਹਾਜ਼ਰ ਸਨ | ਇਸ ਮੌਕੇ ਖਰੜ ਦੇ ਐੱਸ. ਡੀ. ਐੱਮ. ਗੁਰਮੀਤ ਸਿੰਘ ਨੇ ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਕਿ ਚੇਅਰਮੈਨ ਦੀ ਚੋਣ ਮੌਕੇ ਮੈਂਬਰਾਂ ਦਾ ਕੋਰਮ ਪੂਰਾ ਨਾ ਹੋਣ ਕਰਕੇ ਚੋਣ ਮੁਲਤਵੀ ਕਰ ਦਿੱਤੀ ਗਈ ਹੈ | ਉਨ੍ਹਾਂ ਕਿਹਾ ਕਿ ਜਲਦ ਹੀ ਅਗਲੀ ਚੋਣ ਸੰਬੰਧੀ ਮਿਤੀ ਤੈਅ ਕਰਕੇ ਜਾਣਕਾਰੀ ਦਿੱਤੀ ਜਾਵੇਗੀ | ਇਸੇ ਦੌਰਾਨ ਜਦੋਂ ਹਲਕਾ ਵਿਧਾਇਕਾ ਅਨਮੋਲ ਗਗਨ ਮਾਨ ਨਾਲ ਮੋਬਾਈਲ ਫ਼ੋਨ 'ਤੇ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਗਈ ਤਾਂ ਉਨ੍ਹਾਂ ਫ਼ੋਨ ਨਹੀਂ ਚੁੱਕਿਆ | ਇਸ ਮੌਕੇ ਕਾਂਗਰਸ ਦੇ ਜ਼ਿਲ੍ਹਾ ਪ੍ਰਧਾਨ ਕਮਲ ਕਿਸ਼ੋਰ ਸ਼ਰਮਾ, ਕਾਂਗਰਸੀ ਆਗੂ ਗੁਰਪ੍ਰਤਾਪ ਸਿੰਘ ਪਡਿਆਲਾ, ਅਕਾਲੀ ਆਗੂ ਹਰਜਿੰਦਰ ਸਿੰਘ ਬਲੌਂਗੀ, ਹਰਜੀਤ ਗੰਜਾ, ਜਸਵਿੰਦਰ ਸਿੰਘ ਸਾਬਕਾ ਸਰਪੰਚ ਮਦਨਹੇੜੀ, ਨਿਰਮਲ ਸਿੰਘ, ਜਗਦੀਪ ਸਿੰਘ ਢੀਂਡਸਾ, ਐਸ. ਓ. ਗੜਾਂਗਾ, ਮਾਸਟਰ ਪ੍ਰੇਮ ਸਿੰਘ ਸ਼ੁਕਲਾ ਤੇ ਨਾਗਰ ਸਿੰਘ ਧੜਾਕ ਸਮੇਤ ਹੋਰ ਪਤਵੰਤੇ ਵੀ ਹਾਜ਼ਰ ਸਨ |

ਪਿਛਲੀ ਖ਼ਬਰ ਪੁਰਾਣੀ ਰੰਜਿਸ਼ ਕਾਰਨ ਕੀਤੀ ਮੇਰੀ ਧੀ ਦੀ ਹੱਤਿਆ-ਮਾਂ ਦਾ ਦੋਸ਼ <br/> ਅਗਲੀ ਖ਼ਬਰ ਗਰਮੀਆਂ ਤੋਂ ਪਹਿਲਾਂ ਪਾਵਰ ਸਿਸਟਮ ਨੂੰ ਮਜ਼ਬੂਤ ਕਰ ਰਿਹਾ ਬਿਜਲੀ ਵਿਭਾਗ- ਐਸ. ਈ. ਗਿੱਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।