ਜ਼ੀਰਕਪੁਰ, 19 ਫਰਵਰੀ (ਮਨਿੰਦਰ ਸਿੰਘ)-ਪਾਵਰਕਾਮ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਪੰਜਾਬ ਵਲੋਂ ਜ਼ੀਰਕਪੁਰ ਵਿਖੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਅਰਥੀਆਂ ਫੂਕੀਆਂ ਗਈਆਂ | ਇਸ ਮੌਕੇ ਸੀ. ਐੱਚ. ਬੀ. ਬਿਜਲੀ ਕਾਮਿਆਂ ਦੇ ਸਰਕਲ ਸਕੱਤਰ ਏਕਮ ਸਿੱਧੂ ਮੁਹਾਲੀ ਤੇ ਟੀ. ਐੱਸ. ਯੂ. ਜਥੇਬੰਦੀ ਦੇ ਰਾਜਿੰਦਰ ਕੁਮਾਰ ਨੇ ਦੱਸਿਆ ਕਿ ਪਿਛਲੇ ਦਿਨੀਂ ਕੇਂਦਰ ਸਰਕਾਰ ਨੇ ਚਾਰ ਲੇਬਰ ਕੋਡ ਪਾਰਲੀਮੈਂਟ ਵਿਚ ਪਾਸ ਕੀਤੇ ਹਨ, ਜਿਨ੍ਹਾਂ ਨਾਲ ਕਿਰਤੀ ਵਰਗ ਨੂੰ ਖ਼ਤਮ ਕਰਕੇ ਕਾਰਪੋਰੇਟ ਲੋਕਾਂ ਨੂੰ ਖੁਸ਼ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਇਨ੍ਹਾਂ ਕਾਨੂੰਨਾਂ ਤਹਿਤ ਕਿਰਤੀ ਲੋਕਾਂ ਦੀ ਕਿਰਤ ਦੀ ਲੁੱਟ ਹੋਵੇਗੀ ਤੇ ਉਨ੍ਹਾਂ ਨੂੰ 8 ਘੰਟਿਆਂ ਦੀ ਬਜਾਏ 12 ਘੰਟੇ ਕੰਮ ਕਰਨਾ ਪਵੇਗਾ | ਇਸ ਨਾਲ ਕੰਮ ਤਿੰਨ ਸ਼ਿਫਟਾਂ ਦੀ ਬਜਾਏ ਦੋ ਸ਼ਿਫਟਾਂ ਵਿਚ ਹੋਵੇਗਾ ਤੇ ਇਕ ਸ਼ਿਫਟ ਦੇ ਕਾਮੇ ਨੌਕਰੀ ਤੋਂ ਵਾਂਝੇ ਹੋ ਜਾਣਗੇ | ਇਸ ਤੋਂ ਇਲਾਵਾ ਲੋਕਾਂ ਵਲੋਂ ਜੋ ਜ਼ਮੀਨਾਂ ਸਰਕਾਰੀ ਅਦਾਰਿਆਂ ਨੂੰ ਦਾਨ ਵਿਚ ਦਿੱਤੀਆਂ ਗਈਆਂ ਸਨ, ਅੱਜ ਸਰਕਾਰ ਉਨ੍ਹਾਂ ਨੂੰ ਵੇਚ ਰਹੀ ਹੈ, ਜੋ ਕਿ ਬਹੁਤ ਹੀ ਨਿੰਦਣਯੋਗ ਕਾਰਵਾਈ ਹੈ | ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਆਪਣੇ ਇਸ ਮਾਰੂ ਫ਼ੈਸਲੇ ਨੂੰ ਵਾਪਸ ਨਹੀਂ ਲੈਂਦੀ, ਉਦੋਂ ਤੱਕ ਉਨ੍ਹਾਂ ਦਾ ਸੰਘਰਸ਼ ਜਾਰੀ ਰਹੇਗਾ | ਉਨ੍ਹਾਂ ਕਿਹਾ ਕਿ ਆਉਣ ਵਾਲੀ 22 ਫਰਵਰੀ ਨੂੰ ਪੰਜਾਬ ਭਰ 'ਚ ਭਾਜਪਾ ਦੇ ਦਫ਼ਤਰਾਂ ਤੇ ਪੰਜਾਬ ਸਰਕਾਰ ਦੇ ਹਲਕਾ ਵਿਧਾਇਕਾਂ ਦੇ ਦਫ਼ਤਰਾਂ ਤੇ ਰਿਹਾਇਸ਼ਾਂ ਅੱਗੇ ਧਰਨੇ ਪ੍ਰਦਰਸ਼ਨ ਕੀਤੇ ਜਾਣਗੇ | ਇਸ ਮੌਕੇ ਅਮਨਿੰਦਰ ਸਿੰਘ ਡਵੀਜ਼ਨ ਪ੍ਰਧਾਨ, ਰੋਹਿਤ ਸ਼ਰਮਾ, ਸੁਖਵਿੰਦਰ ਸੁੱਖੀ, ਗੁਰਤੇਜ ਸਿੰਘ, ਗੁਰਜਿੰਦਰ ਸਿੰਘ ਤੇ ਪਰਮਜੀਤ ਸਿੰਘ ਆਦਿ ਵੀ ਹਾਜ਼ਰ ਸਨ |