ਡੇਰਾਬੱਸੀ, 19 ਫਰਵਰੀ (ਗੁਰਮੀਤ ਸਿੰਘ)-ਡਾਕਟਰ ਨੂੰ ਰੱਬ ਦਾ ਰੂਪ ਕਿਹਾ ਜਾਂਦਾ ਹੈ, ਪਰ ਕਈ ਵਾਰ ਸਟਾਫ਼ ਵੀ ਰੱਬ ਦਾ ਰੂਪ ਬਣ ਜਾਂਦਾ ਹੈ, ਫੇਰ ਚਾਹੇ ਉਹ 108 ਨੰਬਰ ਐਂਬੂਲੈਂਸ ਦਾ ਸਟਾਫ਼ ਹੀ ਕਿਉਂ ਨਾ ਹੋਵੇ | ਅਜਿਹਾ ਹੀ ਇਕ ਮਾਮਲਾ ਡੇਰਾਬੱਸੀ ਵਿਖੇ ਉਦੋਂ ਦੇਖਣ ਨੂੰ ਮਿਲਿਆ, ਜਦੋਂ ਐਮਰਜੈਂਸੀ ਦੇ ਚਲਦਿਆਂ ਐਂਬੂਲੈਂਸ 'ਚ ਹੀ ਔਰਤ ਦਾ ਜਣੇਪਾ ਕਰਵਾਉਣਾ ਪਿਆ | ਜੱਚਾ ਤੇ ਬੱਚਾ ਦੇ ਸੁਰੱਖਿਆਤ ਹੋਣ ਕਾਰਨ ਔਰਤ ਦਾ ਪਰਿਵਾਰ ਐਂਬੂਲੈਂਸ ਦੇ ਸਟਾਫ਼ ਦੀ ਸ਼ਲਾਘਾ ਕਰ ਰਿਹਾ ਹੈ | ਹਾਸਿਲ ਜਾਣਕਾਰੀ ਮੁਤਾਬਿਕ ਲਾਲੜੂ ਦੀ ਰਹਿਣ ਵਾਲੀ ਚੰਦਾ ਦੇਵੀ ਦੇ ਜਣੇਪੇ ਦਾ ਦਰਦ ਸ਼ੁਰੂ ਹੋ ਗਿਆ ਸੀ, ਲਿਹਾਜ਼ਾ ਉਸ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਲਿਆਉਣ ਲਈ 108 ਨੰਬਰ ਐਂਬੂਲੈਂਸ ਦਾ ਸਹਾਰਾ ਲੈਣਾ ਪਿਆ, ਪਰ ਰਾਹ 'ਚ ਅਚਾਨਕ ਲੇਬਰ ਪੇਨ ਸ਼ੁਰੂ ਹੋ ਗਈ ਅਤੇ ਇਸ ਸੰਕਟ ਦੀ ਘੜੀ 'ਚ 108 ਨੰਬਰ ਐਂਬੂਲੈਂਸ 'ਚ ਮੌਜੂਦ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਪਵਨ ਕੁਮਾਰ ਨੇ ਸੂਝ-ਬੂਝ ਨਾਲ ਕੰਮ ਲੈਂਦਿਆਂ ਐਂਬੂਲੈਂਸ 'ਚ ਹੀ ਸੁਰੱਖਿਅਤ ਜਣੇਪਾ ਕਰਵਾ ਦਿੱਤਾ ਅਤੇ ਚੰਦਾ ਦੇਵੀ ਨੇ ਬੇਟੀ ਨੂੰ ਜਨਮ ਦਿੱਤਾ | ਜਣੇਪੇ ਮਗਰੋਂ ਐਂਬੂਲੈਂਸ ਪਾਇਲਟ ਦਵਿੰਦਰ ਸਿੰਘ ਨੇ ਉਨ੍ਹਾਂ ਨੂੰ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਉਣ 'ਚ ਅਹਿਮ ਭੂਮਿਕਾ ਨਿਭਾਈ | ਹਸਪਤਾਲ ਪਹੁੰਚਣ 'ਤੇ ਡਾਕਟਰਾਂ ਨੇ ਜੱਚਾ ਤੇ ਬੱਚਾ ਦੀ ਹਾਲਤ ਸਥਿਰ ਤੇ ਸੁਰੱਖਿਅਤ ਐਲਾਨੀ | ਤਿੰਨ ਦਿਨ ਪਹਿਲਾਂ ਹੋਈ ਇਸ ਡਲੀਵਰੀ ਦੀ ਸ਼ਲਾਘਾ ਕਰਦਿਆਂ ਮਨੀਸ਼ ਬੱਤਰਾ ਪ੍ਰਾਜੈਕਟ ਹੈੱਡ 108 ਨੰਬਰ ਐਂਬੂਲੈਂਸ ਸੇਵਾ ਨੇ ਕਿਹਾ ਕਿਹਾ ਕਿ ਅਜਿਹੀ ਐਮਰਜੈਂਸੀ 'ਚ ਸਾਡੇ ਫ਼ੀਲਡ ਸਟਾਫ਼ ਦੀ ਚੌਕਸੀ, ਮੈਡੀਕਲ ਹੁਨਰ ਤੇ ਟੀਮ ਵਰਕ ਦੀ ਪਰਖ ਹੁੰਦੀ ਹੈ | ਉਨ੍ਹਾਂ ਕਿਹਾ ਕਿ ਅਸੀਂ ਮਾਣ ਮਹਿਸੂਸ ਕਰਦੇ ਹਾਂ ਕਿ ਸਾਡੀ ਟੀਮ ਨੇ ਮਾਂ ਤੇ ਬੱਚੀ ਦੀ ਜਾਨ ਬਚਾਈ ਹੈ | ਉਨ੍ਹਾਂ ਕਿਹਾ ਕਿ ਇਹ ਘਟਨਾ ਇਕ ਵਾਰ ਫਿਰ ਸਾਬਿਤ ਕਰਦੀ ਹੈ ਕਿ 108 ਨੰ. ਐਂਬੂਲੈਂਸ ਦਾ ਸਟਾਫ਼ ਐਮਰਜੈਂਸੀ 'ਚ ਵੀ ਪੂਰੀ ਜ਼ਿੰਮੇਵਾਰੀ ਤੇ ਲਗਨ ਨਾਲ ਸੇਵਾ ਨਿਭਾਉਂਦਾ ਹੈ | ਮਾਂ ਅਤੇ ਨਵਜੰਮੇ ਬੱਚੇ ਦੀ ਹਾਲਤ ਠੀਕ ਹੋਣ 'ਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਕਰ ਦਿੱਤੀ ਗਈ ਹੈ, ਜਿਨ੍ਹਾਂ ਦਾ ਪਰਿਵਾਰ ਐਂਬੂਲੈਂਸ ਦੇ ਸਟਾਫ਼ ਦਾ ਬਹੁਤ ਧੰਨਵਾਦੀ ਹੈ | ਇਸ ਮੌਕੇ ਐਮਰਜੈਂਸੀ ਮੈਡੀਕਲ ਟੈਕਨੀਸ਼ੀਅਨ ਪਵਨ ਕੁਮਾਰ ਨੇ ਦੱਸਿਆ ਕਿ ਐਂਬੂਲੈਂਸ 'ਚ ਉਹ ਪਹਿਲਾਂ ਵੀ ਦੋ ਸਫ਼ਲ ਡਲੀਵਰੀਆਂ ਕਰਵਾ ਚੁੱਕੇ ਹਨ |