30-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਮਰਦਮਸ਼ੁਮਾਰੀ–2027 ਲਈ ਯੂ. ਟੀ. ਪ੍ਰਸ਼ਾਸਨ ਤਿਆਰ, ਤਾਲੀਮ ਤੇ ਡਿਜੀਟਲ ਪ੍ਰਣਾਲੀ 'ਤੇ ਜ਼ੋਰ

ਅਜੀਤ ਡੈਸਕ 20-02-2026
ਚੰਡੀਗੜ੍ਹ, 19 ਫ਼ਰਵਰੀ (ਸੰਦੀਪ ਕੁਮਾਰ ਮਾਹਨਾ)–ਭਾਰਤ ਦੀ ਮਰਦਮਸ਼ੁਮਾਰੀ–2027 ਨੂੰ ਸੁਚਾਰੂ ਅਤੇ ਗਲਤੀ-ਰਹਿਤ ਢੰਗ ਨਾਲ ਕਰਵਾਉਣ ਲਈ ਯੂ. ਟੀ. ਪ੍ਰਸ਼ਾਸਨ ਵਲੋਂ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ | ਇਸ ਸਬੰਧੀ ਅੱਜ ਯੂ. ਟੀ. ਦੇ ਮੁੱਖ ਸਕੱਤਰ ਐੱਚ. ਰਾਜੇਸ਼ ਪ੍ਰਸਾਦ ਦੀ ਅਗਵਾਈ ਹੇਠ ਹੋਈ ਉੱਚ ਪੱਧਰੀ ਬੈਠਕ ਦੌਰਾਨ ਵੱਖ-ਵੱਖ ਵਿਭਾਗਾਂ ਦਰਮਿਆਨ ਤਾਲਮੇਲ, ਤਾਲੀਮੀ ਪ੍ਰਬੰਧ ਅਤੇ ਡਿਜੀਟਲ ਪ੍ਰਣਾਲੀ ਰਾਹੀਂ ਕਾਰਜਪ੍ਰਣਾਲੀ ਦੀ ਵਿਸਤਿ੍ਤ ਸਮੀਖਿਆ ਕੀਤੀ ਗਈ | ਬੈਠਕ 'ਚ ਗ੍ਰਹਿ ਸਕੱਤਰ ਮਨਦੀਪ ਸਿੰਘ ਬਰਾੜ, ਵਿੱਤ ਸਕੱਤਰ ਦਿਪਰਵਾ ਲਾਕੜਾ, ਸਿੱਖਿਆ ਸਕੱਤਰ ਪ੍ਰੇਰਣਾ ਪੂਰੀ, ਨਗਰ ਨਿਗਮ ਕਮਿਸ਼ਨਰ ਅਮਿਤ ਕੁਮਾਰ, ਡਾਇਰੈਕਟਰ-ਕਮ-ਚੀਫ ਪਿ੍ੰਸੀਪਲ ਸੈਂਸਸ ਅਫ਼ਸਰ ਡਾ. ਨਵਜੋਤ ਖੋਸਾ, ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਸੈਂਸਸ ਅਫ਼ਸਰ ਨਿਸ਼ਾਂਤ ਕੁਮਾਰ ਯਾਦਵ ਸਮੇਤ ਹੋਰ ਸੀਨੀਅਰ ਅਧਿਕਾਰੀ ਹਾਜ਼ਰ ਸਨ | ਮੀਟਿੰਗ ਦੀ ਸ਼ੁਰੂਆਤ ਮਰਦਮਸ਼ੁਮਾਰੀ ਪ੍ਰਕਿਰਿਆ ਸੰਬੰਧੀ ਇਕ ਛੋਟੀ ਫ਼ਿਲਮ ਦੇ ਪ੍ਰਦਰਸ਼ਨ ਨਾਲ ਹੋਈ, ਜਿਸ ਤੋਂ ਬਾਅਦ ਸੈਂਸਸ ਆਪ੍ਰੇਸ਼ਨ ਦੇ ਡਾਇਰੈਕਟਰ ਵਲੋਂ ਵਿਸਤਿ੍ਤ ਪ੍ਰਜ਼ੇਂਟੇਸ਼ਨ ਦਿੱਤੀ ਗਈ | ਮੁੱਖ ਸਕੱਤਰ ਨੇ ਕਿਹਾ ਕਿ ਮਰਦਮਸ਼ੁਮਾਰੀ ਇਕ ਵਿਸ਼ਾਲ ਅਤੇ ਜਟਿਲ ਅਭਿਆਸ ਹੈ, ਜਿਸ 'ਚ ਹਰ ਨਾਗਰਿਕ ਦੀ ਗਿਣਤੀ ਯਕੀਨੀ ਬਣਾਉਣੀ ਲਾਜ਼ਮੀ ਹੈ | ਉਨ੍ਹਾਂ ਕਿਹਾ ਕਿ ਹਰ ਅਧਿਕਾਰੀ ਦੀ ਭੂਮਿਕਾ ਅਹਿਮ ਹੈ ਅਤੇ ਤਾਲੀਮ ਅਤੇ ਦਿਸ਼ਾ-ਨਿਰਦੇਸ਼ਾਂ ਦੀ ਪੂਰੀ ਸਮਝ ਨਾਲ ਹੀ ਗਲਤੀ-ਰਹਿਤ ਡਾਟਾ ਇਕੱਠਾ ਕੀਤਾ ਜਾ ਸਕਦਾ ਹੈ | ਉਨ੍ਹਾਂ ਦੱਸਿਆ ਕਿ ਤਾਲੀਮ ਮਗਰੋਂ ਹਾਊਸ ਲਿਸਟਿੰਗ ਬਲਾਕ ਕ੍ਰੀਏਸ਼ਨ ਨੂੰ ਅੰਤਿਮ ਰੂਪ ਦਿੱਤਾ ਜਾਵੇਗਾ ਤਾਂ ਜੋ ਹਰ ਬਲਾਕ ਤੇ ਘਰ ਦੀ ਪੂਰੀ ਕਵਰੇਜ ਹੋ ਸਕੇ ਤੇ ਕੋਈ ਵੀ ਇਕਾਈ ਛੱਡੀ ਨਾ ਜਾਵੇ | ਗ੍ਰਹਿ ਮੰਤਰਾਲੇ ਵਲੋਂ ਜਨਵਰੀ 2026 'ਚ ਜਾਰੀ ਨੋਟੀਫ਼ਿਕੇਸ਼ਨ ਅਨੁਸਾਰ ਮਰਦਮਸ਼ੁਮਾਰੀ–2027 ਦੋ ਪੜਾਵਾਂ ਵਿਚ ਕਰਵਾਈ ਜਾਵੇਗੀ | ਪਹਿਲੇ ਪੜਾਅ ਤਹਿਤ ਹਾਊਸ-ਲਿਸਟਿੰਗ ਅਤੇ ਹਾਊਸਿੰਗ ਸੈਂਸਸ (ਐਚ.ਐਲ.ਓ.) ਕਰਵਾਇਆ ਜਾਵੇਗਾ | ਵੱਖ-ਵੱਖ ਪੱਧਰਾਂ ਦੇ ਅਧਿਕਾਰੀਆਂ ਲਈ ਤਾਲੀਮ ਫ਼ਰਵਰੀ ਤੋਂ ਅਪ੍ਰੈਲ 2026 ਤੱਕ ਚੱਲੇਗੀ ਅਤੇ 19 ਫ਼ਰਵਰੀ ਤੋਂ 29 ਅਪ੍ਰੈਲ ਦਰਮਿਆਨ ਸੰਰਚਿਤ ਤਾਲੀਮੀ ਪ੍ਰੋਗਰਾਮ ਕਰਵਾਏ ਜਾਣਗੇ | ਘਰ-ਸੂਚੀਬੰਦੀ ਮਈ 2026 ਵਿਚ ਅਤੇ ਆਬਾਦੀ ਗਿਣਤੀ ਫ਼ਰਵਰੀ 2027 'ਚ ਕੀਤੀ ਜਾਵੇਗੀ | ਚੰਡੀਗੜ੍ਹ ਨੂੰ 10 ਸੈਂਸਸ ਚਾਰਜਾਂ ਵਿਚ ਵੰਡਿਆ ਗਿਆ ਹੈ, ਜਿਨ੍ਹਾਂ ਦੀ ਜ਼ਿੰਮੇਵਾਰੀ ਐਸ.ਡੀ.ਐਮ ਅਤੇ ਸੀਨੀਅਰ ਵਿਭਾਗੀ ਅਧਿਕਾਰੀਆਂ ਨੂੰ ਸੌਂਪੀ ਗਈ ਹੈ | ਹਰ ਚਾਰਜ ਲਈ ਵਾਰਡ ਅਨੁਸਾਰ ਹੱਦਬੰਦੀ ਕੀਤੀ ਗਈ ਹੈ ਤਾਂ ਜੋ ਜ਼ਿੰਮੇਵਾਰੀ ਅਤੇ ਪ੍ਰਭਾਵਸ਼ਾਲੀ ਨਿਗਰਾਨੀ ਯਕੀਨੀ ਬਣ ਸਕੇ | ਮਰਦਮਸ਼ੁਮਾਰੀ ਕਾਰਜ ਲਈ ਲਗਭਗ 2,800 ਕਰਮਚਾਰੀ ਤਾਇਨਾਤ ਕੀਤੇ ਜਾਣਗੇ | ਬੈਠਕ ਤੋਂ ਬਾਅਦ ਚਾਰਜ ਅਧਿਕਾਰੀਆਂ ਲਈ ਵਿਸ਼ੇਸ਼ ਤਾਲੀਮੀ ਸੈਸ਼ਨ ਵੀ ਕਰਵਾਇਆ ਗਿਆ, ਜਿਸ ਵਿਚ ਆਪੇ੍ਰਸ਼ਨਜ਼ ਪ੍ਰਕਿਰਿਆਵਾਂ, ਡਿਜੀਟਲ ਸਾਧਨਾਂ ਦੀ ਵਰਤੋਂ, ਨਿਗਰਾਨੀ ਪ੍ਰਣਾਲੀ ਅਤੇ ਪਹਿਲੇ ਪੜਾਅ ਦੇ ਕਾਰਜਾਂ ਬਾਰੇ ਵਿਸਤਿ੍ਤ ਜਾਣਕਾਰੀ ਦਿੱਤੀ ਗਈ | ਡਾਟਾ ਦੀ ਸ਼ੁੱਧਤਾ ਅਤੇ ਮੈਦਾਨੀ ਪੱਧਰ 'ਤੇ ਤਾਲਮੇਲ 'ਤੇ ਖ਼ਾਸ ਧਿਆਨ ਦੇਣ ਦੇ ਨਿਰਦੇਸ਼ ਦਿੱਤੇ ਗਏ | ਮੁੱਖ ਸਕੱਤਰ ਨੇ ਨਿਯਮਿਤ ਸਮੀਖਿਆ ਬੈਠਕਾਂ ਕਰਦੇ ਰਹਿਣ ਅਤੇ ਸਾਰੇ ਵਿਭਾਗਾਂ ਵਿਚਕਾਰ ਮਜ਼ਬੂਤ ਸਹਿਯੋਗ ਬਣਾਈ ਰੱਖਣ 'ਤੇ ਜ਼ੋਰ ਦਿੱਤਾ |
ਪਿਛਲੀ ਖ਼ਬਰ ਟਰਾਲੇ ਤੇ ਕੈਂਟਰ ਦੀ ਟੱਕਰ 'ਚ ਟਰਾਲਾ ਚਾਲਕ ਜ਼ਖ਼ਮੀ ਅਗਲੀ ਖ਼ਬਰ ਪੀ. ਜੀ. ਆਈ. 'ਚ ਮਰੀਜ਼ਾਂ ਦੀ ਦੇਖਭਾਲ ਨੂੰ ਵੱਡਾ ਹੁਲਾਰਾ ਦੇਣ ਲਈ 82 ਨਵੀਆਂ ਅਸਾਮੀਆਂ ਨੂੰ ਦਿੱਤੀ ਪ੍ਰਵਾਨਗੀ ਨਿਊਰੋਸ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।