ਡੇਰਾਬੱਸੀ, 19 ਫਰਵਰੀ (ਗੁਰਮੀਤ ਸਿੰਘ)-ਮੁਬਾਰਕਪੁਰ-ਸੁੰਡਰਾਂ ਸੜਕ 'ਤੇ ਟਰਾਲੇ ਤੇ ਕੈਂਟਰ ਦੀ ਭਿਆਨਕ ਟੱਕਰ ਹੋ ਗਈ | ਹਾਦਸੇ 'ਚ ਦੋਵੇਂ ਵਾਹਨ ਬੁਰੀ ਤਰ੍ਹਾਂ ਨੁਕਸਾਨੇ ਗਏ, ਜਦਕਿ ਟਰਾਲਾ ਚਾਲਕ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ, ਜਿਸ ਨੂੰ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਦਾਖ਼ਲ ਕਰਵਾਇਆ ਗਿਆ | ਰਾਹਗੀਰਾਂ ਨੇ ਦੱਸਿਆ ਕਿ ਦੋਵੇਂ ਵਾਹਨਾਂ ਦੀ ਆਹਮੋ-ਸਾਹਮਣੇ ਤੋਂ ਅਚਾਨਕ ਜ਼ੋਰਦਾਰ ਟੱਕਰ ਹੋ ਗਈ | ਖੜਾਕ ਸੁਣ ਕੇ ਸਾਰੇ ਲੋਕ ਮੌਕੇ 'ਤੇ ਇਕੱਤਰ ਹੋ ਗਏ | ਟੱਕਰ ਇੰਨੀ ਜ਼ੋਰਦਾਰ ਸੀ ਕਿ ਕੈਂਟਰ ਦੂਜੇ ਪਾਸੇ ਘੁੰਮ ਗਿਆ | ਦੋਵੇਂ ਵਾਹਨ ਅੱਗੇ ਤੋਂ ਇੰਨੀ ਬੁਰੀ ਤਰ੍ਹਾਂ ਨੁਕਸਾਨੇ ਗਏ ਕਿ ਟਰਾਲਾ ਚਾਲਕ ਵਿਚ ਹੀ ਫਸ ਗਿਆ | ਲੋਕਾ ਨੇ ਭਾਰੀ ਮੁਸ਼ੱਕਤ ਮਗਰੋਂ ਟਰਾਲਾ ਚਾਲਕ ਨੂੰ ਬਾਹਰ ਕੱਢਿਆ ਅਤੇ ਇਲਾਜ ਲਈ ਡੇਰਾਬੱਸੀ ਦੇ ਸਰਕਾਰੀ ਹਸਪਤਾਲ ਵਿਖੇ ਪਹੁੰਚਾਇਆ | ਉਧਰ ਮੁਬਾਰਕਪੁਰ ਪੁਲਿਸ ਚੌਕੀ ਦੇ ਇੰਚਾਰਜ ਕੁਲਵੰਤ ਸਿੰਘ ਨੇ ਦੱਸਿਆ ਕਿ ਨੁਕਸਾਨੇ ਗਏ ਵਾਹਨਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਹੈ ਅਤੇ ਜ਼ਖ਼ਮੀ ਦੇ ਬਿਆਨ ਦਰਜ ਕਰਕੇ ਬਣਦੀ ਕਾਰਵਾਈ ਅਮਲ 'ਚ ਲਿਆਂਦੀ ਜਾ ਰਹੀ ਹੈ |