ਚੰਡੀਗੜ੍ਹ, 19 ਫ਼ਰਵਰੀ (ਅਜਾਇਬ ਸਿੰਘ ਔਜਲਾ)-ਸਵਪਨ ਫਾਊਾਡੇਸ਼ਨ, ਪਟਿਆਲਾ ਤੇ ਪੰਜਾਬ ਕਲਾ ਪਰਿਸ਼ਦ ਵਲੋਂ ਉੱਘੇ ਸ਼ਾਇਰ ਮੁਕੇਸ਼ ਆਲਮ ਦੇ ਗ਼ਜ਼ਲ ਸੰਗ੍ਰਹਿ 'ਇਸ਼ਕ ਤੇਰੀ ਸੁਲਤਾਨੀ ਮੇਂ' 'ਤੇ ਵਿਚਾਰ ਚਰਚਾ ਤੇ ਸਮਾਰੋਹ 'ਚ ਖ਼ੂਬ ਰੌਣਕਾਂ ਲੱਗੀਆਂ | ਮੰਚ ਦੇ ਕਾਰਜਕਾਰੀ ਮੈਂਬਰ ਸ਼ਾਇਰ ਸੁਰਜੀਤ ਸੁਮਨ ਨੇ ਆਏ ਮਹਿਮਾਨਾਂ ਦਾ ਸੁਆਗਤ ਕਰਦੇ ਹੋਏ ਮੰਚ ਵਲੋਂ ਕੀਤੇ ਜਾ ਰਹੇ ਕਾਰਜਾਂ ਬਾਰੇ ਵੀ ਸਾਂਝ ਪਾਈ | ਉਪਰੰਤ ਸ਼ਾਇਰ ਮੁਕੇਸ਼ ਆਲਮ ਨੇ ਆਪਣੀਆਂ ਰਚਨਾਵਾਂ ਸੁਣਾ ਕੇ ਸਰੋਤਿਆਂ ਦੀ ਖ਼ੂਬ ਦਾਦ ਹਾਸਲ ਕੀਤੀ | ਇਸ ਦੌਰਾਨ ਗ਼ਜ਼ਲ ਗਾਇਕ ਪਵਨਦੀਪ ਨੇ ਮੁਕੇਸ਼ ਹੋਰਾਂ ਦੀ ਗ਼ਜ਼ਲ 'ਹਮ ਉਸੇ ਯੂ ਬਯਾਨ ਕਰਤੇ ਹੈਂ, ਜਿਸ ਤਰ੍ਹਾਂ ਬੇਜ਼ਬਾਨ ਕਰਤੇ ਹੈਂ' ਖ਼ੂਬਸੂਰਤ ਅੰਦਾਜ਼ ਵਿਚ ਸੁਣਾਈ | ਸਮਾਗਮ ਦੇ ਅਗਲੇ ਦੌਰ ਵਿਚ ਕਿਤਾਬ ਬਾਰੇ ਗੱਲ ਕਰਦੇ ਹੋਏ ਉਰਦੂ ਸ਼ਾਇਰ ਤੇ ਆਲੋਚਕ ਕਰਨ ਸਹਰ ਨੇ ਕਿਹਾ ਕਿ ਇਹ ਮੁਕੇਸ਼ ਆਲਮ ਦੀ ਕਿਤਾਬ ਵਿਚ 82 ਗ਼ਜ਼ਲਾਂ ਸ਼ਾਮਿਲ ਹਨ, ਜੋ ਸੂਫ਼ੀਆਨਾ ਗ਼ਜ਼ਲਾਂ ਨੇ | ਇਸ ਮੌਕੇ ਸ਼ਾਇਰ ਸ਼ਮਸ਼ੇਰ ਸਾਹਿਲ ਨੇ ਆਪਣੀ ਗੱਲ ਕਰਦੇ ਹੋਏ ਕਿਹਾ ਕਿ ਮੈਂ ਇਸ ਕਿਤਾਬ ਨੂੰ ਕਈ ਵਾਰ ਪੜ੍ਹ ਚੁੱਕਿਆ ਹਾਂ | ਪ੍ਰਧਾਨਗੀ ਮੰਡਲ ਵਿੱਚੋਂ ਡਾ. ਹਰਬੰਸ ਕੌਰ ਗਿੱਲ ਨੇ ਕਿਹਾ ਕਿ ਮੁਕੇਸ਼ ਆਲਮ ਦੀਆਂ ਗ਼ਜ਼ਲਾਂ ਵਿਚ ਰਿਵਾਇਤੀ ਬਿੰਬਾਬਲੀ ਨਹੀਂ ਹੈ | ਉਨ੍ਹਾਂ ਕਿਹਾ ਕਿ ਮੁਕੇਸ਼ ਨਾਲ ਉਰਦੂ ਦੀ ਗ਼ਜ਼ਲਗੋਈ ਅਮੀਰ ਹੋਈ ਹੈ | ਉਨ੍ਹਾਂ ਕਿਹਾ ਕਿ ਮੁਕੇਸ਼ ਨੇ ਪਿੰਗਲ ਤੇ ਅਰੂਜ਼ ਦੋਵੇਂ ਹੀ ਵਰਤੇ ਹਨ | ਉਪਰੰਤ ਅੱਜ ਦੇ ਸਮਾਗਮ ਦੀ ਪ੍ਰਧਾਨਗੀ ਕਰ ਰਹੇ ਉੱਘੇ ਸ਼ਾਇਰ ਐੱਸ. ਨਸੀਮ ਨੇ ਕਿਹਾ ਕਿ ਅੱਜ ਦੀ ਵਿਚਾਰ ਚਰਚਾ ਭਰਪੂਰ ਰਹੀ | ਸਵਪਨ ਫਾਉਂਡੇਸ਼ਨ ਦੇ ਕਾਰਜਕਾਰੀ ਮੈਂਬਰ ਸੁਖਵਿੰਦਰ ਸਿੱਧੂ ਨੇ ਸਾਰੇ ਮਹਿਮਾਨਾਂ ਦਾ ਧੰਨਵਾਦ ਕੀਤਾ | ਇਸ ਸਮਾਗਮ ਵਿਚ ਸਵਰਨਜੀਤ ਸਵੀ, ਉੱਘੇ ਸ਼ਾਇਰ ਖੁਸ਼ਬੀਰ ਸਿੰਘ ਸ਼ਾਦ, ਐੱਸ. ਨਸੀਮ ,ਪਰਮਜੀਤ ਮਾਨ, ਨਿਰੰਜਨ ਸੂਖਮ, ਬਲਜਿੰਦਰ, ਮਿਕੀ ਪਾਸੀ, ਸਰਦਾਰਾ ਸਿੰਘ ਚੀਮਾ, ਚਰਨਜੀਤ ਬਾਠ, ਗੁਰਦੇਵ ਗਿੱਲ, ਡਾ. ਅਵਤਾਰ ਸਿੰਘ ਪਤੰਗ, ਮੰਦਰ ਗਿੱਲ ਆਦਿ ਨੇ ਲੇਖਕਾਂ ਤੇ ਕਵੀਆਂ ਨੇ ਸ਼ਮੂਲੀਅਤ ਕੀਤੀ | ਮੰਚ ਸੰਚਾਲਨ ਮੰਚ ਦੇ ਜਨਰਲ ਸਕੱਤਰ ਜਗਦੀਪ ਸਿੱਧੂ ਵਲੋ ਬਾਖੂਬੀ ਕੀਤਾ ਗਿਆ |