ਚੰਡੀਗੜ੍ਹ, 17 ਫਰਵਰੀ (ਮਾਰਕੰਡਾ)-ਪੰਜਾਬ ਯੂਨੀਵਰਸਿਟੀ ਤਿੰਨ ਦਿਨਾਂ ਅੰਤਰ-ਕਾਲਜ ਸ਼ਤਰੰਜ ਮੁਕਾਬਲੇ ਦੇਵ ਸਮਾਜ ਕਾਲਜ ਲੜਕੀਆਂ ਚੰਡੀਗੜ੍ਹ ਵਿਖੇ ਸ਼ੁਰੂ ਹੋਏ | ਤਿੰਨ ਦਿਨਾਂ ਦੇ ਇਸ ਟੂਰਨਾਮੈਂਟ ਵਿਚ ਸੰਬੰਧਿਤ ਕਾਲਜਾਂ ਦੇ ਪ੍ਰਤਿਭਾਸ਼ਾਲੀ ਖਿਡਾਰੀਆਂ ਨੇ ਹਿੱਸਾ ਲਿਆ | ਡਿਵੀਜ਼ਨ 1 ਵਿਚ 25 ਪੁਰਸ਼ ਅਤੇ 23 ਮਹਿਲਾ ਟੀਮਾਂ ਨੇ ਉਤਸ਼ਾਹ ਨਾਲ ਹਿੱਸਾ ਲਿਆ, ਜੋ ਕਾਲਜ ਪੱਧਰ 'ਤੇ ਸ਼ਤਰੰਜ ਦੀ ਵਧ ਰਹੀ ਲੋਕਪਿ੍ਯਤਾ ਨੂੰ ਦਰਸਾਉਂਦਾ ਹੈ | ਇਸ ਸਾਲ ਦੇ ਸਮਾਗਮ ਦੀ ਇਕ ਮਹੱਤਵਪੂਰਨ ਵਿਸ਼ੇਸ਼ਤਾ ਡਿਵੀਜ਼ਨ 3 ਦੀ ਪਹਿਲੀ ਵਾਰ ਸ਼ੁਰੂਆਤ ਸੀ | ਨਵੀਂ ਡਿਵੀਜ਼ਨ ਵਿਚ 5 ਪੁਰਸ਼ ਟੀਮਾਂ ਅਤੇ 8 ਮਹਿਲਾ ਟੀਮਾਂ ਸ਼ਾਮਲ ਹੋਇਆ | ਜੋ ਨਵੇਂ ਖਿਡਾਰੀਆਂ ਲਈ ਹੋਰ ਮੌਕੇ ਪ੍ਰਦਾਨ ਕਰਨ ਵੱਲ ਇਕ ਮਹੱਤਵਪੂਰਨ ਕਦਮ ਹੈ | ਇਹ ਪਹਿਲ ਖਾਸ ਤੌਰ 'ਤੇ ਯੂਨੀਵਰਸਿਟੀ ਪੱਧਰ ਦੇ ਮੁਕਾਬਲਿਆਂ ਵਿਚ ਮਹਿਲਾਵਾਂ ਦੀ ਭਾਗੀਦਾਰੀ ਨੂੰ ਮਜ਼ਬੂਤ ਕਰਨ ਲਈ ਕੀਤੀ ਗਈ ਹੈ | ਉਦਘਾਟਨ ਸਮਾਰੋਹ ਵਿਚ ਚੰਡੀਗੜ੍ਹ ਦੇ ਮੇਅਰ ਸੌਰਭ ਜੋਸ਼ੀ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ | ਜਿਨ੍ਹਾਂ ਦਾ ਸਵਾਗਤ ਦੇਵ ਸਮਾਜ ਕਾਲਜ ਮੈਨੇਜਿੰਗ ਕਮੇਟੀ ਦੇ ਚੇਅਰਪਰਸਨ ਅਤੇ ਸਕੱਤਰ ਪ੍ਰੋਫੈਸਰ (ਡਾ.) ਅਗਨੀਸ਼ ਢਿੱਲੋਂ ਨੇ ਕੀਤਾ | ਇਨ੍ਹਾਂ ਨੇ ਸੰਬੋਧਨ ਦੌਰਾਨ ਕਿਹਾ ਕਿ ਇਹ ਮੁਕਾਬਲਾ ਨਾ ਕੇਵਲ ਅੰਤਰ-ਕਾਲਜ ਸਾਂਝ ਨੂੰ ਮਜ਼ਬੂਤ ਕਰੇਗਾ ਬਲਕਿ ਅਕਾਦਮਿਕ ਉਤਕਿ੍ਸ਼ਟਤਾ ਤੇ ਖੇਡ ਪ੍ਰਾਪਤੀਆਂ ਰਾਹੀਂ ਸੰਤੁਲਿਤ ਵਿਕਾਸ ਨੂੰ ਪ੍ਰੋਤਸਾਹਿਤ ਕਰਨ ਵਾਲੇ ਪੰਜਾਬ ਯੂਨੀਵਰਸਿਟੀ ਦੇ ਦਿ੍ਸ਼ਟੀਕੋਣ ਦੀ ਮਹੱਤਤਾ ਨੂੰ ਵੀ ਦਰਸਾਏਗਾ |