ਚੰਡੀਗੜ੍ਹ, 29 ਜਨਵਰੀ (ਮਾਰਕੰਡਾ)-ਪੀ.ਜੀ.ਆਈ.ਅੱੈਮ.ਈ.ਆਰ. ਚੰਡੀਗੜ੍ਹ ਦੇ ਡਾਕਟਰਾਂ ਜਿਨ੍ਹਾਂ ਵਿਚ ਡਾ. ਸੌਰਭ ਮਹਰੋਤਰਾ ਪ੍ਰੋਫੈਸਰ ਐਡਵਾਂਸਡ ਕਾਰਡੀਓਲੋਜੀ ਅਤੇ ਡਾ. ਯਸ਼ ਪਾਲ ਸ਼ਰਮਾ ਪ੍ਰੋਫੈਸਰ ਅਤੇ ਮੁਖੀ ਡਿਪਾਰਟਮੈਂਟ ਆਫ ਕਾਰਡੀਓਲੋਜੀ ਦੀ ਦੇਖ ਰੇਖ ਹੇਠ ਹਾਈ ਬਲੱਡ ਪ੍ਰੈਸ਼ਰ ਦੇ ਇਲਾਜ ਵਿਚ ਇੱਕ ਮਹੱਤਵਪੂਰਨ ਉਪਲਬਧੀ ਹਾਸਲ ਕੀਤੀ ਗਈ | ਇਸ ਮੌਕੇ ਇਨ੍ਹਾਂ ਨੇ ਦੱਸਿਆ ਕਿ ਇਹ ਪ੍ਰਕਿਰਿਆ 48 ਸਾਲਾ ਮਰੀਜ਼ 'ਤੇ ਕੀਤੀ ਗਈ ਜੋ ਲੰਮੇ ਸਮੇਂ ਤੋਂ ਹਾਈ ਬਲੱਡ ਪ੍ਰੈਸ਼ਰ ਨਾਲ ਪੀੜਤ ਸੀ | ਕਈ ਤਰ੍ਹਾਂ ਦੀਆਂ ਦਵਾਈਆਂ ਲੈਣ ਦੇ ਬਾਵਜੂਦ ਮਰੀਜ਼ ਦਾ ਬਲੱਡ ਪ੍ਰੈਸ਼ਰ ਲਗਾਤਾਰ ਉੱਚਾ ਹੋ ਰਿਹਾ ਸੀ | ਮਰੀਜ਼ ਨੂੰ ਲਗਪਗ ਦੋ ਹਫ਼ਤਿਆਂ ਤੱਕ ਨਜ਼ਦੀਕੀ ਮੈਡੀਕਲ ਨਿਗਰਾਨੀ ਹੇਠ ਰੱਖਿਆ ਗਿਆ | ਮਰੀਜ਼ ਦੀ ਉਮਰ ਅਤੇ ਦਵਾਈਆਂ ਪ੍ਰਤੀ ਘੱਟ ਪ੍ਰਤੀਕਿਰਿਆ ਨੂੰ ਧਿਆਨ ਵਿਚ ਰੱਖਦੇ ਹੋਏ | ਇਲਾਜ ਕਰ ਰਹੀ ਟੀਮ ਨੇ ਰੀਨਲ ਡੀਨਰਵੇਸ਼ਨ ਕਰਨ ਦਾ ਫੈਸਲਾ ਕੀਤਾ | ਰੀਨਲ ਡੀਨਰਵੇਸ਼ਨ ਜਿਸ ਨੰੂ ਬਲੱਡ ਪ੍ਰੈਸ਼ਰ ਪ੍ਰੋਸੀਜਰ ਵੀ ਕਿਹਾ ਜਾਂਦਾ ਹੈ | ਜਿਸ ਵਿਚ ਗੁਰਦੇ ਦੀਆਂ ਧਮਨੀਆਂ ਦੇ ਆਲੇ-ਦੁਆਲੇ ਮੌਜੂਦ ਨਾੜੀਆਂ ਨੂੰ ਨਿਸ਼ਾਨਾ ਬਣਾਉਂਦਿਆਂ ਹਨ | ਇਸ ਪ੍ਰਕਿਰਿਆ ਵਿਚ ਕਿਸੇ ਵੀ ਸਥਾਈ ਇੰਪਲਾਂਟ ਦੀ ਲੋੜ ਨਹੀਂ ਹੁੰਦੀ ਅਤੇ ਇਹ ਨਿਯੰਤਰਿਤ ਰੇਡੀਓ ਫਰੀਕਵੈਂਸੀ ਊਰਜਾ ਦੀ ਵਰਤੋਂ ਨਾਲ ਕੀਤੀ ਜਾਂਦੀ ਹੈ | ਇਹ ਪ੍ਰਕਿਰਿਆ ਬਿਨਾਂ ਕਿਸੇ ਜਟਿਲਤਾ ਦੇ ਸਫਲਤਾਪੂਰਵਕ ਪੂਰੀ ਹੋਈ | ਮਰੀਜ਼ ਇਸ ਸਮੇਂ ਕਲੀਨਿਕਲੀ ਸਥਿਰ ਹੈ ਅਤੇ ਲਗਾਤਾਰ ਮੈਡੀਕਲ ਨਿਗਰਾਨੀ ਹੇਠ ਉਸਦਾ ਬਲੱਡ ਪ੍ਰੈਸ਼ਰ ਬਿਹਤਰ ਨਿਯੰਤਰਣ ਵਿਚ ਹੈ | ਇਸ ਮੌਕੇ ਬੋਲਦੇ ਹੋਏ ਪ੍ਰੋ. ਡਾ. ਸੌਰਭ ਮਹਰੋਤਰਾ ਨੇ ਕਿਹਾ ਕਿ ਰੀਨਲ ਡੀਨਰਵੇਸ਼ਨ ਉਨ੍ਹਾਂ ਮਰੀਜ਼ਾਂ ਲਈ ਇਕ ਉਮੀਦਜਨਕ ਵਿਕਲਪ ਹੈ ਜਿਨ੍ਹਾਂ ਦਾ ਬਲੱਡ ਪ੍ਰੈਸ਼ਰ ਉਤਕਿ੍ਸ਼ਟ ਦਵਾਈ ਇਲਾਜ ਦੇ ਬਾਵਜੂਦ ਵੀ ਕਾਬੂ ਵਿਚ ਨਹੀਂ ਆਉਂਦਾ | ਖ਼ਾਸ ਕਰਕੇ ਨੌਜਵਾਨ ਮਰੀਜ਼ਾਂ ਵਿਚ ਜੋ ਲੰਮੇ ਸਮੇਂ ਦੀਆਂ ਦਿਲ-ਸੰਬੰਧੀ ਜਟਿਲਤਾਵਾਂ ਦੇ ਖ਼ਤਰੇ ਹੇਠ ਹੁੰਦੇ ਹਨ |