20-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-01-2026

ਚੰਡੀਗੜ੍ਹ ਨਗਰ ਨਿਗਮ ਮੇਅਰ ਅਹੁਦੇ ਲਈ ਤਿਕੋਣਾ ਮੁਕਾਬਲਾ ਤੈਅ <br/>

ਚੰਡੀਗੜ੍ਹ ਨਿਗਮ ਮੇਅਰ ਅਹੁਦੇ ਲਈ ਗੁਰਪ੍ਰੀਤ ਸਿੰਘ ਗਾਬੀ ਵਲੋਂ ਨਾਮਜ਼ਦਗੀ ਪੱਤਰ ਭਰਨ ਮੌਕੇ ਮੌਜੂਦ ਚੰਡੀਗੜ੍ਹ ਕਾਂਗਰਸ ਦੇ ਸੂਬਾ ਪ੍ਰਧਾਨ ਐਚ.ਐਸ. ਲੱਕੀ, ਜਸਬੀਰ ਸਿੰਘ ਬੰਟੀ, ਤਰੁਣਾ ਮਹਿਤਾ, ਸਚਿਨ ਗਾਲਵ, ਨਿਰਮਲਾ ਦੇਵੀ, ਦਰਸ਼ਨਾ ਦੇਵੀ ਤੇ ਹੋਰ ਪਾਰਟੀ ਆਗੂ | ਤਸਵੀਰ ਕਮਲਜੀਤ ਸਿੰਘ | <br/> ਚੰਡੀਗੜ੍ਹ ਨਿਗਮ ਦੇ ਸਕੱਤਰ ਹਿਮਾਂਸ਼ੂ ਗੁਪਤਾ ਨੂੰ ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਆਜ਼ਾਦ ਤੌਰ 'ਤੇ ਨਾਗਮਜ਼ਦਗੀ ਪੱਤਰ ਭਰਦੇ ਆਪ ਕੌਂਸਲਰ ਰਾਮਚੰਦਰ ਯਾਦਵ | ਤਸਵੀਰ : ਕਮਲਜੀਤ ਸਿੰਘ <br/> 23-01-2026
ਚੰਡੀਗੜ੍ਹ, 22 ਜਨਵਰੀ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਨਗਰ ਨਿਗਮ ਦੀ ਮੇਅਰ, ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਚੋਣ ਲਈ ਤਿੰਨਾਂ ਮੁੱਖ ਸਿਆਸੀ ਪਾਰਟੀਆਂ ਕਾਂਗਰਸ, ਆਮ ਆਦਮੀ ਪਾਰਟੀ ਤੇ ਭਾਜਪਾ ਨੇ ਆਪਣੇ-ਆਪਣੇ ਉਮੀਦਵਾਰ ਐਲਾਨ ਦਿੱਤੇ ਜਾਣ ਤੋਂ ਬਾਅਦ ਸਿਆਸੀ ਮਾਹੌਲ ਪੂਰੀ ਤਰਾਂ ਗਰਮਾ ਗਿਆ ਹੈ | ਕਾਂਗਰਸ ਅਤੇ ਆਮ ਆਦਮੀ ਪਾਰਟੀ (ਆਪ) ਵਿਚਕਾਰ ਸੰਭਾਵਿਤ ਗਠਜੋੜ ਦੀਆਂ ਚੱਲ ਰਹੀਆਂ ਅਟਕਲਾਂ ਨੂੰ ਵਿਰਾਮ ਲੱਗ ਗਿਆ ਹੈ, ਕਿਉਂਕਿ ਦੋਵੇਂ ਪਾਰਟੀਆਂ ਨੇ ਅਲੱਗ-ਅਲੱਗ ਚੋਣ ਲੜਨ ਦਾ ਫ਼ੈਸਲਾ ਕਰ ਲਿਆ ਹੈ | ਇਸ ਤਬਦੀਲੀ ਨਾਲ ਮੇਅਰ ਚੋਣ 'ਚ ਭਾਰਤੀ ਜਨਤਾ ਪਾਰਟੀ (ਭਾਜਪਾ) ਦੀ ਸਥਿਤੀ ਮਜ਼ਬੂਤ ਹੋ ਗਈ ਹੈ | ਕਾਂਗਰਸ ਪਾਰਟੀ ਵਲੋਂ ਗੁਰਪ੍ਰੀਤ ਸਿੰਘ ਗਾਬੀ, ਆਮ ਆਦਮੀ ਪਾਰਟੀ ਵਲੋਂ ਯੋਗੇਸ਼ ਢੀਂਗਰਾ ਅਤੇ ਭਾਜਪਾ ਵਲੋਂ ਸੌਰਭ ਜੋਸ਼ੀ ਨੂੰ ਮੇਅਰ ਅਹੁਦੇ ਲਈ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਉਤਾਰਿਆ ਗਿਆ ਹੈ | ਤਿੰਨਾਂ ਪਾਰਟੀਆਂ ਨੇ ਸਪਸ਼ਟ ਕਰ ਦਿੱਤਾ ਹੈ ਕਿ ਕਿਸੇ ਵੀ ਤਰਾਂ ਦਾ ਗਠਜੋੜ ਨਹੀਂ ਹੋਵੇਗਾ ਅਤੇ ਚੋਣ ਅਲੱਗ-ਅਲੱਗ ਲੜੀ ਜਾਵੇਗੀ | ਇਸ ਨਾਲ ਮੇਅਰ ਅਹੁਦੇ ਦੀ ਲੜਾਈ ਹੋਰ ਵੀ ਰੋਚਕ ਬਣ ਗਈ ਹੈ | ਸੀਨੀਅਰ ਡਿਪਟੀ ਮੇਅਰ ਅਹੁਦੇ ਲਈ ਕਾਂਗਰਸ ਤੋਂ ਸਚਿਨ ਗਾਲਵ, ਭਾਜਪਾ ਤੋਂ ਜਸਮਨਪ੍ਰੀਤ ਸਿੰਘ ਅਤੇ ਆਮ ਆਦਮੀ ਪਾਰਟੀ ਤੋਂ ਮੁੱਨਵਰ ਨੇ ਨਾਮਜ਼ਦਗੀ ਪੱਤਰ ਦਾਖ਼ਲ ਕਰਾਏ | ਇਸੇ ਤਰਾਂ ਡਿਪਟੀ ਮੇਅਰ ਲਈ ਕਾਂਗਰਸ ਵਲੋਂ ਨਿਰਮਲਾ ਦੇਵੀ, ਭਾਜਪਾ ਵਲੋਂ ਸੁਮਨ ਸ਼ਰਮਾ ਅਤੇ ਆਮ ਆਦਮੀ ਪਾਰਟੀ ਵਲੋਂ ਜਸਵਿੰਦਰ ਕੌਰ ਨੇ ਆਪਣੇ ਕਾਗਜ਼ ਦਾਖ਼ਲ ਕਰਾਏ |
'ਆਪ' ਨੂੰ ਦਲਬਦਲੀ ਦਾ ਡਰ, ਕੌਂਸਲਰਾਂ 'ਤੇ ਕੜੀ ਨਿਗਰਾਨੀ ਲਈ ਲਿਜਾਇਆ ਗਿਆ ਪੰਜਾਬ 'ਚ ਗੁਪਤ ਜਗ੍ਹਾ 'ਤੇ-
ਮੇਅਰ ਚੋਣ ਤੋਂ ਪਹਿਲਾਂ ਆਪ ਨੂੰ ਆਪਣੇ ਕੌਂਸਲਰਾਂ ਦੀ ਜੋੜ-ਤੋੜ ਦਾ ਖ਼ਦਸ਼ਾ ਹੈ | ਇਸੇ ਕਾਰਨ ਪਾਰਟੀ ਨੇ ਆਪਣੇ ਸਾਰੇ 11 ਕੌਂਸਲਰਾਂ ਨੂੰ ਪੰਜਾਬ ਦੇ ਇੱਕ ਫ਼ਾਰਮ ਹਾਊਸ 'ਚ ਠਹਿਰਾਇਆ ਹੋਇਆ ਹੈ | ਕੌਂਸਲਰਾਂ ਦੇ ਮੋਬਾਈਲ ਫ਼ੋਨ ਵੀ ਬੰਦ ਕਰਵਾ ਦਿੱਤੇ ਗਏ ਹਨ ਅਤੇ ਚੋਣ ਪ੍ਰਕਿਰਿਆ ਪੂਰੀ ਹੋਣ ਤੱਕ ਉਨ੍ਹਾਂ ਨੂੰ ਚੰਡੀਗੜ੍ਹ ਤੋਂ ਬਾਹਰ ਰੱਖਿਆ ਜਾਵੇਗਾ | ਵੋਟਿੰਗ ਦੇ ਦਿਨ ਹੀ ਉਨ੍ਹਾਂ ਨੂੰ ਚੰਡੀਗੜ੍ਹ ਲਿਆਂਦਾ ਜਾਵੇਗਾ |
ਕੀ ਕਹਿੰਦਾ ਹੈ ਚੋਣ ਗਣਿਤ- ਚੰਡੀਗੜ੍ਹ ਨਗਰ ਨਿਗਮ 'ਚ ਕੁੱਲ 35 ਕੌਂਸਲਰ ਹਨ, ਜਦਕਿ ਇੱਕ ਸੰਸਦ ਮੈਂਬਰ ਨੂੰ ਵੀ ਵੋਟ ਦਾ ਅਧਿਕਾਰ ਹੈ | ਇਸ ਤਰਾਂ ਕੁੱਲ 36 ਵੋਟਾਂ 'ਚੋਂ ਮੇਅਰ ਬਣਨ ਲਈ 19 ਵੋਟਾਂ ਦੀ ਲੋੜ ਹੈ | ਚੰਡੀਗੜ੍ਹ ਨਗਰ ਨਿਗਮ 'ਚ ਇਸ ਸਮੇਂ ਭਾਜਪਾ ਦੇ 18 ਕੌਂਸਲਰ, 'ਆਪ' 11 ਕੌਂਸਲਰ ਅਤੇ ਕਾਂਗਰਸ ਦੇ ਕੁੱਲ 6 ਕੌਂਸਲਰ ਹਨ | ਜੇਕਰ ਕਾਂਗਰਸ ਅਤੇ 'ਆਪ' ਦਾ ਗਠਜੋੜ ਹੋ ਜਾਂਦਾ ਤਾਂ ਦੋਵੇਂ ਮਿਲ ਕੇ 17 ਵੋਟਾਂ ਨਾਲ ਸੰਸਦ ਮੈਂਬਰ ਦੀ ਵੋਟ ਜੋੜ ਕੇ ਮੁਕਾਬਲਾ ਰੋਮਾਂਚਕ ਬਣ ਸਕਦਾ ਸੀ, ਪਰ ਗਠਜੋੜ ਟੁੱਟਣ ਨਾਲ ਭਾਜਪਾ ਦੀ ਜਿੱਤ ਦੇ ਰਸਤੇ ਕਾਫ਼ੀ ਹੱਦ ਤੱਕ ਸਾਫ਼ ਮੰਨੇ ਜਾ ਰਹੇ ਹਨ |
ਵੋਟਿੰਗ ਪ੍ਰਕਿਰਿਆ 'ਚ ਤਬਦੀਲੀ ਦੀ ਚਰਚਾ- ਇਸ ਵਾਰ ਮੇਅਰ ਚੋਣ ਦੀ ਵੋਟਿੰਗ ਪ੍ਰਕਿਰਿਆ ਵਿਚ ਤਬਦੀਲੀ ਦੀ ਵੀ ਚਰਚਾ ਚੱਲ ਰਹੀ ਹੈ | ਪਹਿਲਾਂ ਗੁਪਤ ਬੈਲਟ ਰਾਹੀਂ ਵੋਟਿੰਗ ਹੁੰਦੀ ਸੀ, ਪਰ ਇਸ ਵਾਰ ਹੱਥ ਖੜੇ ਕਰਕੇ ਵੋਟਿੰਗ ਕਰਵਾਉਣ ਦਾ ਪ੍ਰਸਤਾਵ ਸਾਹਮਣੇ ਆਇਆ ਹੈ | ਹਾਲਾਂਕਿ ਇਸ 'ਤੇ ਅਜੇ ਆਖਰੀ ਫ਼ੈਸਲਾ ਨਹੀਂ ਹੋਇਆ |
ਨਗਰ ਨਿਗਮ ਦੀ ਹਾਲਤ ਬਦ ਤੋਂ ਬਦਤਰ, ਜਨਤਾ ਦਾ ਭਰੋਸਾ ਡੋਲਿਆ- ਯੋਗੇਸ਼ ਢੀਂਗਰਾ
ਚੰਡੀਗੜ੍ਹ ਨਗਰ ਨਿਗਮ ਦੀ ਮੌਜੂਦਾ ਕਾਰਗੁਜ਼ਾਰੀ ਨੂੰ ਲੈ ਕੇ ਆਮ ਆਦਮੀ ਪਾਰਟੀ ਵਲੋਂ ਐਲਾਨੇ ਗਏ ਮੇਅਰ ਅਹੁਦੇ ਦੇ ਉਮੀਦਵਾਰ ਯੋਗੇਸ਼ ਢੀਂਗਰਾ ਨੇ ਭਾਜਪਾ ਅਤੇ ਨਿਗਮ ਪ੍ਰਸ਼ਾਸਨ 'ਤੇ ਜ਼ੋਰਦਾਰ ਹਮਲਾ ਬੋਲਿਆ ਹੈ | ਨਗਰ ਨਿਗਮ 'ਚ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਢੀਂਗਰਾ ਨੇ ਕਿਹਾ ਕਿ ਨਗਰ ਨਿਗਮ ਅੰਦਰ ਚੱਲ ਰਹੀ ਆਪਸੀ ਖਿੱਚੋਤਾਣ ਕਾਰਨ ਜਨਤਾ ਦਾ ਨਿਗਮ ਤੋਂ ਭਰੋਸਾ ਲਗਾਤਾਰ ਘਟਦਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਕਦੇ ਸਮਾਰਟ ਸਿਟੀ ਅਖਵਾਉਣ ਵਾਲਾ ਚੰਡੀਗੜ੍ਹ ਅੱਜ ਮੁੱਢਲੀਆਂ ਸਹੂਲਤਾਂ ਲਈ ਤਰਸ ਰਿਹਾ ਹੈ | ਸ਼ਹਿਰ ਦੀਆਂ ਸੜਕਾਂ ਟੁੱਟੀਆਂ ਪਈਆਂ ਹਨ, ਪਾਰਕਾਂ ਦੀ ਸੰਭਾਲ ਨਹੀਂ ਹੋ ਰਹੀ ਅਤੇ ਮੇਂਟੇਨੈਂਸ ਪ੍ਰਣਾਲੀ ਪੂਰੀ ਤਰਾਂ ਫ਼ੇਲ੍ਹ ਹੋ ਚੁੱਕੀ ਹੈ |
ਜਨਤਾ ਦੀ ਸੇਵਾ ਹੀ ਮੇਰਾ ਮੁੱਖ ਟੀਚਾ- ਸੌਰਭ ਜੋਸ਼ੀ
ਭਾਰਤੀ ਜਨਤਾ ਪਾਰਟੀ ਦੇ ਮੇਅਰ ਉਮੀਦਵਾਰ ਸੌਰਭ ਜੋਸ਼ੀ ਨੇ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਕਿਹਾ ਕਿ ਉਨ੍ਹਾਂ ਦਾ ਇਕੋ ਇਕ ਟੀਚਾ ਚੰਡੀਗੜ੍ਹ ਵਾਸੀਆਂ ਦੀ ਸੇਵਾ ਕਰਨਾ ਹੈ | ਉਨ੍ਹਾਂ ਕਿਹਾ ਕਿ ਪਾਰਟੀ ਅਤੇ ਜਨਤਾ ਵਲੋਂ ਦਿੱਤਾ ਗਿਆ ਭਰੋਸਾ ਉਨ੍ਹਾਂ ਲਈ ਵੱਡਾ ਸਨਮਾਨ ਹੈ | ਸੌਰਭ ਜੋਸ਼ੀ ਨੇ ਕਿਹਾ ਕਿ ਪਾਰਟੀ ਅੰਦਰ ਚੁੱਪ ਰਹਿ ਕੇ ਕੰਮ ਕਰਨਾ ਵੀ ਸੇਵਾ ਦਾ ਹੀ ਰੂਪ ਹੁੰਦਾ ਹੈ | ਉਨ੍ਹਾਂ ਸਪਸ਼ਟ ਕੀਤਾ ਕਿ ਉਹ ਜਿੱਤ-ਹਾਰ ਨੂੰ ਅੰਤਿਮ ਪੈਮਾਨਾ ਨਹੀਂ ਮੰਨਦੇ | ਜੇਕਰ ਉਨ੍ਹਾਂ ਨੂੰ ਮੇਅਰ ਬਣਨ ਦਾ ਮੌਕਾ ਮਿਲਿਆ ਤਾਂ ਇਕ ਸਾਲ ਦੇ ਕਾਰਜਕਾਲ 'ਚ ਚੰਡੀਗੜ੍ਹ ਲਈ ਠੋਸ ਵਿਕਾਸ ਕਾਰਜ ਕਰਕੇ ਦਿਖਾਉਣਗੇ | ਉਨ੍ਹਾਂ ਪਾਰਟੀ ਦੇ ਸਥਾਨਕ ਅਤੇ ਕੇਂਦਰੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਜਪਾ ਚੋਣਾਂ ਨੂੰ ਸਿੱਖਣ ਦੀ ਪ੍ਰਕਿਰਿਆ ਵਜੋਂ ਲੈਂਦੀ ਹੈ | ਵੋਟ ਚੋਰੀ ਦੇ ਦੋਸ਼ਾਂ 'ਤੇ ਸੌਰਭ ਜੋਸ਼ੀ ਨੇ ਕਿਹਾ ਕਿ ਜੇਕਰ ਦੋਸ਼ ਸਹੀ ਹਨ ਤਾਂ ਕਾਨੂੰਨੀ ਕਾਰਵਾਈ ਕਿਉਂ ਨਹੀਂ ਹੋ ਰਹੀ | ਭਾਜਪਾ ਹਮੇਸ਼ਾ ਲੋਕਹਿਤ ਨੂੰ ਸਭ ਤੋਂ ਉੱਪਰ ਰੱਖਦੀ ਹੈ |
ਮੈਂ ਅੱਜ ਵੀ 'ਆਪ' ਦਾ ਸਿਪਾਹੀ ਹਾਂ- ਰਾਮਚੰਦਰ ਯਾਦਵ
ਡਿਪਟੀ ਮੇਅਰ ਲਈ ਨਾਮਜ਼ਦਗੀ ਪੱਤਰ ਭਰਨ ਤੋਂ ਬਾਅਦ ਆਮ ਆਦਮੀ ਪਾਰਟੀ ਦੇ ਕੌਂਸਲਰ ਰਾਮਚੰਦਰ ਯਾਦਵ ਨੇ ਆਪਣੇ 'ਤੇ ਲੱਗ ਰਹੇ ਬਗਾਵਤ ਦੇ ਦੋਸ਼ਾਂ ਨੂੰ ਸਿਰੇ ਤੋਂ ਨਕਾਰ ਦਿੱਤਾ | ਉਨ੍ਹਾਂ ਕਿਹਾ ਕਿ ਉਹ ਅੱਜ ਵੀ 'ਆਪ' ਵਿਚ ਹਨ ਅਤੇ ਉਨ੍ਹਾਂ ਵਲੋਂ ਪਾਰਟੀ ਛੱਡੀ ਨਹੀਂ ਗਈ | ਰਾਮਚੰਦਰ ਯਾਦਵ ਨੇ ਕਿਹਾ ਕਿ ਚੋਣ ਲੜਨਾ ਉਨ੍ਹਾਂ ਦਾ ਲੋਕਤਾਂਤਿ੍ਕ ਅਧਿਕਾਰ ਹੈ | ਉਨ੍ਹਾਂ ਦੋਸ਼ ਲਗਾਇਆ ਕਿ ਪਿਛਲੀਆਂ ਮੇਅਰ ਚੋਣਾਂ ਦੌਰਾਨ ਪਾਰਟੀ ਅੰਦਰ ਕਰਾਸ ਵੋਟਿੰਗ ਕਰਨ ਵਾਲੇ ਆਗੂਆਂ 'ਤੇ ਅੱਜ ਤੱਕ ਕੋਈ ਕਾਰਵਾਈ ਨਹੀਂ ਕੀਤੀ ਗਈ | ਚੋਣ ਲੜਨ ਸਬੰਧੀ ਪੂਰੇ ਮਾਮਲੇ ਦੀ ਜਾਣਕਾਰੀ ਉਨ੍ਹਾਂ ਪਾਰਟੀ ਦੇ ਸੀਨੀਅਰ ਆਗੂ ਸੰਜੇ ਸਿੰਘ ਨੂੰ ਦੇ ਦਿੱਤੀ ਹੈ | ਉਨ੍ਹਾਂ ਕਿਹਾ ਕਿ ਜੇ ਪਾਰਟੀ ਉਨ੍ਹਾਂ ਨੂੰ ਨਹੀਂ ਚਾਹੁੰਦੀ ਤਾਂ ਉਹ ਚੋਣ ਨਹੀਂ ਲੜਨਗੇ, ਪਰ ਉਨ੍ਹਾਂ ਦੀ ਵਫ਼ਾਦਾਰੀ 'ਤੇ ਕੋਈ ਸਵਾਲ ਨਹੀਂ ਉਠਾ ਸਕਦਾ |


ਪਿਛਲੀ ਖ਼ਬਰ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ 'ਤੇ ਕਿਸਾਨ ਜਥੇਬੰਦੀਆਂ ਵਲੋਂ ਮੁਹਾਲੀ ਵਿਖੇ 26 ਨੂੰ ਟਰੈਕਟਰ ਮਾਰਚ ਕੱਢਣ ਦਾ ਐਲਾਨ <... ਅਗਲੀ ਖ਼ਬਰ 14 ਨੂੰ ਅੰਦੋਲਨ ਦਾ ਐਲਾਨ ਕਰਨ ਲਈ ਇਕ ਮੀਟਿੰਗ ਹੋਵੇਗੀ- ਭਾਈ ਘੋਲੀਆ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।