ਚੰਡੀਗੜ੍ਹ, 22 ਜਨਵਰੀ (ਕਪਿਲ ਵਧਵਾ)ਚੰਡੀਗੜ੍ਹ ਵਿਚ ਵਾਪਰੇ ਇਕ ਦਰਦਨਾਕ ਸੜਕ ਹਾਦਸੇ ਦੌਰਾਨ ਤੇਜ਼ ਰਫ਼ਤਾਰ ਫ਼ੌਰਚੂਨਰ ਕਾਰ ਦੇ ਡਰਾਈਵਰ ਦੀ ਮੌਤ ਹੋ ਗਈ | ਇਹ ਹਾਦਸਾ ਸੈਕਟਰ-40 ਦੇ ਲਾਈਟ ਪੋਇੰਟ ਨੇੜੇ ਵਾਪਰਿਆ, ਜਿੱਥੇ ਫ਼ੌਰਚੂਨਰ ਅਚਾਨਕ ਬੇਕਾਬੂ ਹੋ ਗਈ ਅਤੇ ਸੜਕ ਦੇ ਵਿਚਕਾਰ ਬਣੇ ਡਿਵਾਈਡਰ 'ਤੇ ਚੜ੍ਹ ਗਈ | ਕਾਰ ਨੇ ਉੱਥੇ ਲੱਗੀ ਲੋਹੇ ਦੀ ਗਿ੍ਲ ਤੋੜ ਦਿੱਤੀ ਅਤੇ ਦੂਜੇ ਪਾਸੇ ਤੋਂ ਆ ਰਹੀ ਇਕ ਵੈਗਨਾਰ ਨੂੰ ਟੱਕਰ ਮਾਰੀ | ਹਾਦਸੇ ਤੋਂ ਬਾਅਦ ਮੌਕੇ 'ਤੇ ਮੌਜੂਦ ਰਾਹਗੀਰਾਂ ਵਲੋਂ ਪੁਲਿਸ ਕੰਟਰੋਲ ਰੂਮ ਨੂੰ ਸੂਚਨਾ ਦਿੱਤੀ ਗਈ | ਸੂਚਨਾ ਮਿਲਦੇ ਹੀ ਥਾਣਾ ਸੈਕਟਰ-39 ਦੀ ਪੁਲਿਸ ਮੌਕੇ 'ਤੇ ਪਹੁੰਚੀ ਅਤੇ ਗੰਭੀਰ ਰੂਪ ਵਿਚ ਜ਼ਖ਼ਮੀ ਫ਼ੌਰਚੂਨਰ ਡਰਾਈਵਰ ਨੂੰ ਸੈਕਟਰ-16 ਸਥਿਤ ਜੀ. ਐਮ. ਐੱਸ. ਐੱਚ. ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਡਾਕਟਰਾਂ ਨੇ ਉਸਨੂੰ ਮਿ੍ਤਕ ਘੋਸ਼ਿਤ ਕਰ ਦਿੱਤਾ | ਪੁਲਿਸ ਮੁਤਾਬਕ ਮਿ੍ਤਕ ਦੀ ਪਛਾਣ ਮੁਹਾਲੀ ਨਿਵਾਸੀ 23 ਸਾਲਾ ਜਸਕਰਨ ਵਜੋਂ ਹੋਈ ਹੈ | ਸ਼ੁਰੂਆਤੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਫ਼ੌਰਚੂਨਰ ਬਹੁਤ ਤੇਜ਼ ਰਫ਼ਤਾਰ ਵਿਚ ਸੀ, ਜਿਸ ਕਾਰਨ ਡਰਾਈਵਰ ਗੱਡੀ 'ਤੇ ਕਾਬੂ ਨਹੀਂ ਰੱਖ ਸਕਿਆ | ਕਾਰ ਨੇ ਪਹਿਲਾਂ ਡਿਵਾਈਡਰ 'ਤੇ ਚੜ੍ਹ ਕੇ 3 ਤੋਂ 4 ਪਲਟੀਆਂ ਖਾਈਆਂ, ਫਿਰ ਲੋਹੇ ਦੀ ਗਿ੍ਲ ਤੋੜਦੀ ਹੋਈ ਸੜਕ ਦੇ ਦੂਜੇ ਪਾਸੇ ਜਾ ਵੜੀ ਅਤੇ ਵੈਗਨਰ ਸਮੇਤ ਦੋ ਹੋਰ ਵਾਹਨਾਂ ਨੂੰ ਵੀ ਟੱਕਰ ਮਾਰੀ | ਇਸ ਦੌਰਾਨ ਸੜਕ ਦੇ ਵਿਚਕਾਰ ਲੱਗੇ ਬਿਜਲੀ ਦੇ ਖੰਭੇ ਨਾਲ ਵੀ ਕਾਰ ਟਕਰਾ ਗਈ | ਵੈਗਨਾਰ ਕਾਰ ਵਿਚ ਸਵਾਰ ਇਕ ਵਿਅਕਤੀ ਨੂੰ ਮਾਮੂਲੀ ਸੱਟਾਂ ਲੱਗਿਆ, ਜਿਸ ਨੂੰ ਇਲਾਜ ਮਗਰੋਂ ਛੁੱਟੀ ਦੇ ਦਿੱਤੀ ਗਈ | ਪੁਲਿਸ ਦਾ ਕਹਿਣਾ ਹੈ ਕਿ ਜਸਕਰਨ ਦੇ ਢਿੱਡ 'ਚ ਗੰਭੀਰ ਸੱਟਾਂ ਲੱਗੀਆਂ ਸਨ, ਇਸ ਲਈ ਮੌਤ ਦੇ ਅਸਲ ਕਾਰਨਾਂ ਦੀ ਪੁਸ਼ਟੀ ਪੋਸਟਮਾਰਟਮ ਤੇ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਹੋ ਸਕੇਗੀ | ਇਸ ਸਬੰਧੀ ਥਾਣਾ-39 ਪੁਲਿਸ ਵਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ |