ਡੇਰਾਬੱਸੀ, 20 ਜਨਵਰੀ (ਰਣਬੀਰ ਸਿੰਘ ਪੜ੍ਹੀ)-ਪ੍ਰਸ਼ਾਸਨਿਕ ਪਾਬੰਦੀਆਂ ਦੇ ਬਾਵਜੂਦ ਇਲਾਕੇ 'ਚ ਖ਼ੂਨੀ 'ਚਾਇਨਾ ਡੋਰ' ਦੀ ਵਿਕਰੀ ਤੇ ਵਰਤੋਂ ਧੜੱਲੇ ਨਾਲ ਹੋ ਰਹੀ ਹੈ | ਇਸੇ ਡੋਰ ਦੀ ਲਪੇਟ 'ਚ ਆਉਣ ਕਾਰਨ ਅੰਬਾਲਾ-ਚੰਡੀਗੜ੍ਹ ਹਾਈਵੇਅ 'ਤੇ ਸਥਿਤ ਡੇਰਾਬੱਸੀ ਫਲਾਈਓਵਰ ਤੋਂ ਲੰਘ ਰਿਹਾ ਇਕ ਮੋਟਰਸਾਈਕਲ ਸਵਾਰ ਗੰਭੀਰ ਹਾਦਸੇ ਦਾ ਸ਼ਿਕਾਰ ਹੋਣੋਂ ਮਸਾਂ ਬਚਿਆ | ਹਾਲਾਂਕਿ ਮੋਟਰਸਾਈਕਲ ਸਵਾਰ ਨੇ ਹੈਲਮਟ ਪਹਿਨਿਆ ਹੋਇਆ ਸੀ, ਪਰ ਡੋਰ ਇੰਨੀ ਤਿੱਖੀ ਸੀ ਕਿ ਉਸ ਦੀ ਜੈਕਟ ਦਾ ਕਾਲਰ ਅਤੇ ਮੋਢਾ ਕੱਟਿਆ ਗਿਆ, ਜਦਕਿ ਧੌਣ 'ਤੇ ਵੀ ਜ਼ਖ਼ਮ ਹੋ ਗਏ | ਪ੍ਰਾਪਤ ਜਾਣਕਾਰੀ ਅਨੁਸਾਰ 47 ਸਾਲਾ ਸਤਪਾਲ ਵਾਸੀ ਸ਼ਕਤੀ ਨਗਰ, ਜੋ ਕਿ ਪੀ. ਸੀ. ਸੀ. ਪੀ. ਐੱਲ. ਫੈਕਟਰੀ 'ਚ ਬਤੌਰ ਆਪ੍ਰ੍ਰੇਟਰ ਤਾਇਨਾਤ ਹੈ, ਦੁਪਹਿਰ ਕਰੀਬ 2 ਵਜੇ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਡੇਰਾਬੱਸੀ ਦੇ ਫਲਾਈਓਵਰ ਤੋਂ ਗੁਜ਼ਰ ਰਿਹਾ ਸੀ | ਇਸੇ ਦੌਰਾਨ ਅਚਾਨਕ ਇਕ ਪਤੰਗ ਦੀ ਡੋਰ ਉਸ ਦੇ ਅੱਗੇ ਆ ਗਈ ਅਤੇ ਜਿਵੇਂ ਹੀ ਡੋਰ ਉਸ ਦੀਆਂ ਬਾਹਾਂ ਤੋਂ ਹੁੰਦੀ ਹੋਈ ਧੌਣ ਤੱਕ ਪਹੁੰਚੀ ਤਾਂ ਉਸ ਨੂੰ ਖ਼ਤਰੇ ਦਾ ਅਹਿਸਾਸ ਹੋਇਆ | ਸਤਪਾਲ ਨੇ ਸਮਝਦਾਰੀ ਤੋਂ ਕੰਮ ਲੈਂਦਿਆਂ ਤੁਰੰਤ ਮੋਟਰਸਾੲਕਲ ਨੂੰ ਬ੍ਰੇਕ ਲਗਾ ਦਿੱਤੇ ਅਤੇ ਡੋਰ ਨੂੰ ਆਪਣੇ ਸਿਰ ਦੇ ਉੱਪਰੋਂ ਦੀ ਪਿੱਛੇ ਵੱਲ ਧੱਕ ਦਿੱਤਾ | ਇਸ ਕੋਸ਼ਿਸ਼ ਦੌਰਾਨ ਉਹ ਮੋਟਰਸਾਈਕਲ ਸਮੇਤ ਸੜਕ 'ਤੇ ਡਿੱਗ ਪਿਆ | ਗਨੀਮਤ ਰਹੀ ਕਿ ਹਾਦਸੇ ਮੌਕੇ ਸਤਪਾਲ ਦੇ ਹੈਲਮਟ ਪਹਿਨੇ ਹੋਣ ਕਾਰਨ ਉਸ ਦੀ ਧੌਣ ਪੂਰੀ ਤਰ੍ਹਾਂ ਕੱਟਣ ਤੋਂ ਬਚ ਗਈ, ਪਰ ਫ਼ਿਰ ਵੀ ਡੋਰ ਨੇ ਉਸ ਦੀ ਜੈਕਟ ਅਤੇ ਗਰਦਨ 'ਤੇ ਕੱਟ ਲਗਾ ਦਿੱਤਾ | ਜ਼ਖਮੀ ਹਾਲਤ 'ਚ ਉਸ ਨੂੰ ਤੁਰੰਤ ਇਕ ਨਿੱਜੀ ਹਸਪਤਾਲ ਵਿਖੇ ਲਿਜਾਇਆ ਗਿਆ, ਜਿੱਥੇ ਕਿ ਉਸ ਦਾ ਇਲਾਜ ਜਾਰੀ ਸੀ | ਜ਼ਿਕਰਯੋਗ ਹੈ ਕਿ ਪੂਰੇ ਪੰਜਾਬ 'ਚ ਚਾਇਨਾ ਡੋਰ ਕਾਰਨ ਰੋਜ਼ਾਨਾ ਹਾਦਸੇ ਵਾਪਰ ਰਹੇ ਹਨ ਅਤੇ ਕਈ ਲੋਕ ਇਸ ਦੇ ਡੂੰਘੇ ਜ਼ਖ਼ਮ ਸਹਿ ਰਹੇ ਹਨ | ਭਾਵੇਂ ਕਿ ਜ਼ਿਲ੍ਹਾ ਪ੍ਰਸ਼ਾਸਨ ਨੇ ਚਾਇਨਾ ਡੋਰ ਵੇਚਣ ਅਤੇ ਵਰਤਣ 'ਤੇ ਸਖ਼ਤ ਪਾਬੰਦੀ ਲਗਾਈ ਹੋਈ ਹੈ, ਪਰ ਇਸ ਦੇ ਬਾਵਜੂਦ ਸ਼ਹਿਰ 'ਚ ਚਾਇਨਾ ਡੋਰ ਦੀ ਵਿਕਰੀ ਧੜੱਲੇ ਨਾਲ ਹੋ ਰਹੀ ਹੈ, ਜਿਸ ਦਾ ਖਾਮਿਆਜ਼ਾ ਆਮ ਰਾਹਗੀਰਾਂ ਨੂੰ ਭੁਗਤਣਾ ਪੈ ਰਿਹਾ ਹੈ |