29-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-01-2026

ਡੇਰਾਬੱਸੀ ਵਿਖੇ ਨਿੱਜੀ ਕਾਲੋਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਪਹਿਲੀ ਪਾਈਪ ਲਾਈਨ ਨਾਲ ਜੋੜਨ ਦੀ ਯੋਜਨਾ ਦਾ ਵਿਰੋਧ <br/>

ਡੇਰਾਬੱਸੀ ਵਿਖੇ ਏ. ਟੀ. ਐਸ. ਕਾਲੋਨੀ ਦੇ ਨੇੜੇ ਨਗਰ ਕੌਂਸਲ ਵਲੋਂ ਬਰਸਾਤੀ ਪਾਣੀ ਦੀ ਸਪਲਾਈ ਪਹਿਲਾਂ ਪਾਈ ਪਾਈਪ ਲਾਈਨ ਨਾਲ ਜੋੜੇ ਜਾਣ ਦਾ ਵਿਰੋਧ ਕਰਦੇ ਹੋਏ ਸਥਾਨਕ ਵਸਨੀਕ | ਤਸਵੀਰ : ਰਣਬੀਰ ਸਿੰਘ ਪੜ੍ਹੀ <br/> 04-01-2026
ਡੇਰਾਬੱਸੀ, 3 ਜਨਵਰੀ (ਰਣਬੀਰ ਸਿੰਘ ਪੜ੍ਹੀ)-ਡੇਰਾਬੱਸੀ ਦੇ ਸਦਾਸ਼ਿਵ ਰੋਡ ਨੇੜੇ ਏ. ਟੀ. ਐਸ. ਸਕੂਲ ਵਾਲੇ ਖੇਤਰ 'ਚ ਪਿੰਡ ਸੈਦਪੁਰ ਨੇੜੇ ਬਣ ਰਹੀਆਂ ਨਵੀਆਂ ਨਿੱਜੀ ਕਾਲੋਨੀਆਂ ਦੇ ਬਰਸਾਤੀ ਪਾਣੀ ਦੀ ਨਿਕਾਸੀ ਨੂੰ ਮੌਜੂਦਾ ਪਾਈਪ ਲਾਈਨ ਨਾਲ ਜੋੜਨ ਦੀ ਯੋਜਨਾ ਨੂੰ ਲੈ ਕੇ ਸਥਾਨਕ ਲੋਕਾਂ ਵਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ | ਏ. ਟੀ. ਐਸ. ਲਾਈਫ ਸਟਾਈਲ, ਏ. ਟੀ. ਐਸ. ਪ੍ਰੀਲਿਊਡ, ਸਿਮਰਨ ਸਿਟੀ ਤੇ ਸ਼ਿਵਪੁਰੀ ਕਾਲੋਨੀ ਸਮੇਤ ਆਲੇ-ਦੁਆਲੇ ਦੀਆਂ ਕਈ ਸੁਸਾਇਟੀਆਂ ਦੇ ਵਸਨੀਕਾਂ ਨੇ ਇਕੱਠੇ ਹੋ ਕੇ ਇਸ ਯੋਜਨਾ ਦਾ ਜ਼ੋਰਦਾਰ ਵਿਰੋਧ ਕਰਦਿਆਂ ਡਿਪਟੀ ਕਮਿਸ਼ਨਰ ਮੁਹਾਲੀ ਕੋਮਲ ਮਿੱਤਲ ਨਾਲ ਰਾਬਤਾ ਕਾਇਮ ਕਰਦਿਆਂ ਸੋਮਵਾਰ ਨੂੰ ਮੁਲਾਕਾਤ ਕਰਕੇ ਆਪਣਾ ਮੰਗ ਪੱਤਰ ਦੇਣ ਲਈ ਸਮਾਂ ਮੰਗਿਆ, ਜਿਸ ਤੋਂ ਬਾਅਦ ਕੰਮ ਅਸਥਾਈ ਤੌਰ 'ਤੇ ਰੋਕ ਦਿੱਤਾ ਗਿਆ | ਇਸ ਮਾਮਲੇ 'ਤੇ ਲਖਬੀਰ ਸਿੰਘ ਲੱਕੀ, ਜਸਵੰਤ ਰਾਏ, ਬਾਬਾ ਮਲਕੀਤ ਸਿੰਘ, ਲਖਵਿੰਦਰ ਸੈਣੀ, ਮਨਿੰਦਰ ਮੋਨੀ ਔਲਖ ਤੇ ਰਾਮ ਸਰੂਪ ਛਪਰਾ ਆਦਿ ਨੇ ਦੱਸਿਆ ਕਿ ਸਦਾਸ਼ਿਵ ਰੋਡ 'ਤੇ ਮੌਜੂਦ 2 ਫੁੱਟ ਚੌੜੀ ਪਾਈਪ ਲਾਈਨ ਪਹਿਲਾਂ ਹੀ ਇਲਾਕੇ ਦੀਆਂ 4-5 ਰਿਹਾਇਸ਼ੀ ਕਾਲੋਨੀਆਂ ਦੇ ਬਰਸਾਤੀ ਪਾਣੀ ਨੂੰ ਨਹੀਂ ਸੰਭਾਲ ਪਾ ਰਹੀ, ਜਿਸ ਕਾਰਨ ਹਰ ਵਾਰ ਬਰਸਾਤ ਮੌਕੇ ਖੇਤਰ 'ਚ ਪਾਣੀ ਭਰਨ ਦੀ ਸਮੱਸਿਆ ਪੈਦਾ ਹੋ ਜਾਂਦੀ ਹੈ | ਖੇਤਰ ਦੇ ਵਸਨੀਕ ਪਿਛਲੇ ਲੰਮੇ ਸਮੇਂ ਤੋਂ ਇਸ ਪਾਈਪ ਲਾਈਨ ਦੀ ਸਮਰੱਥਾ ਵਧਾ ਕੇ 4 ਤੋਂ 6 ਫੁੱਟ ਕਰਨ ਦੀ ਮੰਗ ਕਰਦੇ ਆ ਰਹੇ ਹਨ, ਪਰ ਪ੍ਰਸ਼ਾਸਨ ਸਮਰੱਥਾ ਵਧਾਉਣ ਦੀ ਬਜਾਏ ਨਵੀਆਂ ਵਿਕਸਿਤ ਹੋ ਰਹੀਆਂ ਕਾਲੋਨੀਆਂ, ਪਿੰਡ ਸੈਦਪੁਰ ਅਤੇ ਨੇੜਲੇ ਕਾਰਖਾਨਿਆਂ ਦਾ ਪਾਣੀ ਵੀ ਇਸੇ ਪਾਈਪ ਲਾਈਨ ਨਾਲ ਜੋੜਨ ਦੀ ਤਿਆਰੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ 2 ਫੁੱਟ ਚੌੜੀ ਪਾਈਪ ਲਾਈਨ, ਜੋ ਕਿ ਪਹਿਲਾਂ ਹੀ ਓਵਰਫਲੋ ਰਹਿੰਦੀ ਹੈ, 'ਤੇ ਵਧੇਰੇ ਲੋਡ ਨਹੀਂ ਪਾਇਆ ਜਾ ਸਕਦਾ | ਸਥਾਨਕ ਲੋਕਾਂ ਨੇ ਵਿਰੋਧ ਕਰਨ ਮਗਰੋਂ ਮਾਮਲਾ ਡੀ. ਸੀ. ਦੇ ਧਿਆਨ 'ਚ ਲਿਆਂਦਾ ਅਤੇ ਸੋਮਵਾਰ ਨੂੰ ਮੰਗ-ਪੱਤਰ ਦੇਣ ਦਾ ਸਮਾਂ ਤੈਅ ਹੋਇਆ | ਇਸ ਮੌਕੇ ਅਮਿਤ ਬਾਵਾ ਸੈਣੀ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਇਹ ਯੋਜਨਾ ਲਾਗੂ ਕੀਤੀ ਗਈ ਤਾਂ ਮੌਜੂਦਾ ਪੰਜੋਂ ਕਾਲੋਨੀਆਂ ਦੇ ਡੁੱਬਣ ਦਾ ਖ਼ਤਰਾ ਵਧ ਜਾਵੇਗਾ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਵਿਰੋਧ ਕਾਰਨ ਇਸ ਵੇਲੇ ਕੰਮ ਰੁਕਿਆ ਹੋਇਆ ਹੈ | ਉਨ੍ਹਾਂ ਸਪੱਸ਼ਟ ਕੀਤਾ ਕਿ ਜੇਕਰ ਪ੍ਰਸ਼ਾਸਨ ਵਲੋਂ ਬਿਨਾਂ ਪਾਈਪ ਲਾਈਨ ਦੀ ਸਮਰੱਥਾ ਵਧਾਏ ਮੁੜ ਕੰਮ ਸ਼ੁਰੂ ਕਰਵਾਇਆ ਗਿਆ ਤਾਂ ਇਸ ਦਾ ਤਿੱਖਾ ਵਿਰੋਧ ਕੀਤਾ ਜਾਵੇਗਾ ਅਤੇ ਲੋੜ ਪਈ ਤਾਂ ਅਦਾਲਤ ਦਾ ਦਰਵਾਜ਼ਾ ਵੀ ਖੜਕਾਇਆ ਜਾਵੇਗਾ | ਸਥਾਨਕ ਵਸਨੀਕਾਂ ਨੇ ਮੰਗ ਕੀਤੀ ਕਿ ਪਹਿਲਾਂ ਸਦਾਸ਼ਿਵ ਰੋਡ ਦੀ ਮੌਜੂਦਾ ਬਰਸਾਤੀ ਪਾਣੀ ਨਿਕਾਸੀ ਪ੍ਰਣਾਲੀ ਨੂੰ ਵਾਧੂ ਸਮਰੱਥਾ ਨਾਲ ਮਜ਼ਬੂਤ ਕੀਤਾ ਜਾਵੇ ਅਤੇ ਉਸ ਤੋਂ ਬਾਅਦ ਹੀ ਪਿਛਲੇ ਇਲਾਕਿਆਂ ਦਾ ਪਾਣੀ ਇਸ ਨਾਲ ਜੋੜਿਆ ਜਾਵੇ, ਨਹੀਂ ਤਾਂ ਬਰਸਾਤ ਦੌਰਾਨ ਇਹ ਇਲਾਕਾ ਪਾਣੀ ਨਾਲ ਡੁੱਬ ਜਾਵੇਗਾ | ਉਨ੍ਹਾਂ ਨਗਰ ਕੌਂਸਲ ਦੇ ਅਧਿਕਾਰੀਆਂ ਨੂੰ ਅਪੀਲ ਕੀਤੀ ਕਿ ਇਸ ਸਮੱਸਿਆ 'ਤੇ ਤੁਰੰਤ ਗੌਰ ਕੀਤੀ ਜਾਵੇ ਅਤੇ ਇਸ ਦਾ ਢੁਕਵਾਂ ਹੱਲ ਲੱਭਿਆ ਜਾਵੇ |
ਲੋਕਾਂ ਦੇ ਮਸਲੇ ਨੂੰ ਹੱਲ ਕੀਤਾ ਜਾਵੇਗਾ : ਈ. ਓ.
ਇਸ ਬਾਬਤ ਨਗਰ ਕੌਂਸਲ ਦੇ ਕਾਰਜ ਸਾਧਕ ਅਫ਼ਸਰ ਰਵਨੀਤ ਸਿੰਘ ਨੇ ਦੱਸਿਆ ਕਿ ਮਾਮਲਾ ਉਨ੍ਹਾਂ ਦੇ ਧਿਆਨ 'ਚ ਹੈ | ਪਹਿਲਾਂ ਹੀ ਬਾਰਿਸ਼ ਮੌਕੇ ਫੈਕਟਰੀਆਂ ਸਮੇਤ ਕਈ ਕਾਲੋਨੀਆਂ 'ਚ ਪਾਣੀ ਭਰਨ ਦੀ ਸਮੱਸਿਆ ਪੇਸ਼ ਆ ਰਹੀ ਹੈ, ਜਿਸ ਦਾ ਹੱਲ ਕੱਢਣ ਲਈ ਚਾਰ ਫੁੱਟ ਦੀ ਪਾਈਪ ਲਾਈਨ ਵਿਛਾਈ ਗਈ ਹੈ, ਜਦਕਿ ਅੱਗੇ ਦੋ ਫੁੱਟ ਦੀ ਪਾਈਪ ਲਾਈਨ ਹੈ ਅਤੇ ਇਸ ਦੇ ਨਾਲ ਇਕ-ਦੋ ਫੁੱਟ ਚੌੜੀ ਪਾਈਪ ਲਾਈਨ ਹੋਰ ਵਿਛਾਈ ਜਾਵੇਗੀ ਤਾਂ ਕਿ ਇਥੇ ਪਾਣੀ ਦੀ ਨਿਕਾਸੀ ਸਹੀ ਢੰਗ ਨਾਲ ਹੋ ਸਕੇ ਅਤੇ ਸਥਾਨਕ ਲੋਕਾਂ ਨੂੰ ਕੋਈ ਵੀ ਸਮੱਸਿਆ ਪੇਸ਼ ਨਾ ਆਵੇ |

ਪਿਛਲੀ ਖ਼ਬਰ ਪੰਚਾਇਤੀ ਜ਼ਮੀਨਾਂ ਦੇ ਰਸਤੇ ਵੇਚਣ ਦਾ ਫ਼ੈਸਲਾ ਪੰਜਾਬ ਸਰਕਾਰ ਦੀ ਵੱਡੀ ਠੱਗੀ : ਪਰਵਿੰਦਰ ਸਿੰਘ ਸੋਹਾਣਾ <br/> ਅਗਲੀ ਖ਼ਬਰ ਵਾਹਨਾਂ 'ਚ ਵਰਤੋਂ ਹੋਣ ਵਾਲੇ ਸਾਮਾਨ ਨੂੰ ਜਾਅਲੀ ਲੇਬਲ ਲਗਾ ਕੇ ਮਾਰਕੀਟ 'ਚ ਵੇਚਣ ਦੇ ਗੋਰਖਧੰਦੇ ਦਾ ਪਰਦਾਫ਼ਾਸ਼ ਮਾਲਕ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।