19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 03-01-2026

ਸੀ. ਪੀ. ਡੀ. ਐੱਲ ਦੀ ਨਵੀਂ ਪਹਿਲ, ਮੀਟਰ ਰੀਡਿੰਗ ਤੋਂ ਬਿੱਲ ਵੰਡ ਤੱਕ ਮਹਿਲਾਵਾਂ ਦੀ ਐਂਟਰੀ <br/>

ਅਜੀਤ ਡੈਸਕ 03-01-2026
ਚੰਡੀਗੜ੍ਹ, 2 ਜਨਵਰੀ (ਸੰਦੀਪ ਕੁਮਾਰ ਮਾਹਨਾ)-ਚੰਡੀਗੜ੍ਹ ਪਾਵਰ ਡਿਸਟ੍ਰੀਬਿਊਸ਼ਨ ਲਿਮਟਿਡ (ਸੀ.ਪੀ.ਡੀ.ਐੱਲ.) ਵਲੋਂ ਬਿਜਲੀ ਵੰਡ ਸੇਵਾਵਾਂ 'ਚ ਮਹਿਲਾਵਾਂ ਨੂੰ ਫ਼ਰੰਟ ਲਾਈਨ ਭੂਮਿਕਾਵਾਂ ਸੌਂਪਦਿਆਂ ਮੀਟਰ ਰੀਡਿੰਗ ਅਤੇ ਬਿੱਲ ਵੰਡ ਲਈ ਨਿਯੁਕਤੀਆਂ ਕੀਤੀਆਂ ਗਈਆਂ ਹਨ, ਜਿਸ ਤਹਿਤ 35 ਮਹਿਲਾਵਾਂ ਪਹਿਲਾਂ ਹੀ ਸ਼ਹਿਰ 'ਚ ਮੈਦਾਨੀ ਪੱਧਰ 'ਤੇ ਕੰਮ ਕਰ ਰਹੀਆਂ ਹਨ | ਸੀ.ਪੀ.ਡੀ.ਐੱਲ. ਦੀ ਇਸ ਪਹਿਲ ਨੂੰ ਬਿਜਲੀ ਵੰਡ ਖੇਤਰ 'ਚ ਇਕ ਵੱਡਾ ਅਤੇ ਸਕਾਰਾਤਮਕ ਬਦਲਾਅ ਮੰਨਿਆ ਜਾ ਰਿਹਾ ਹੈ, ਕਿਉਂਕਿ ਇਹ ਉਹ ਖੇਤਰ ਹੈ ਜਿੱਥੇ ਆਮ ਤੌਰ 'ਤੇ ਪੁਰਸ਼ਾਂ ਦਾ ਦਬਦਬਾ ਰਿਹਾ ਹੈ | ਕੰਪਨੀ ਵਲੋਂ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਇਸ ਪ੍ਰੋਗਰਾਮ ਤਹਿਤ ਕੁੱਲ 60 ਮਹਿਲਾਵਾਂ ਦੀ ਨਿਯੁਕਤੀ ਕਰਨ ਦਾ ਪ੍ਰਸਤਾਵ ਹੈ, ਜਿਸ ਨਾਲ ਫ਼ਰੰਟ ਲਾਈਨ ਰੋਲਾਂ 'ਚ ਲਗਭਗ 50 ਫ਼ੀਸਦੀ ਹਿੱਸੇਦਾਰੀ ਮਹਿਲਾਵਾਂ ਦੀ ਹੋਵੇਗੀ | ਇਸ ਵੇਲੇ 35 ਮਹਿਲਾਵਾਂ ਆਪਣੀਆਂ ਜ਼ਿੰਮੇਵਾਰੀਆਂ ਨਿਭਾ ਰਹੀਆਂ ਹਨ ਅਤੇ ਭਵਿੱਖ ਵਿਚ ਹੋਰ ਖੇਤਰਾਂ 'ਚ ਇਸ ਯੋਜਨਾ ਨੂੰ ਪੜਾਅਵਾਰ ਢੰਗ ਨਾਲ ਲਾਗੂ ਕੀਤਾ ਜਾਵੇਗਾ | ਜ਼ਮੀਨੀ ਪੱਧਰ 'ਤੇ ਤਾਇਨਾਤ ਇਹ ਮਹਿਲਾ ਕਰਮਚਾਰੀ ਘਰ-ਘਰ ਜਾ ਕੇ ਹੈਂਡਹੈਲਡ ਡਿਵਾਈਸ ਦੀ ਮਦਦ ਨਾਲ ਮੀਟਰ ਰੀਡਿੰਗ ਕਰਨਗੀਆਂ, ਬਿਜਲੀ ਦੀ ਖਪਤ ਸਬੰਧੀ ਅੰਕੜਿਆਂ ਨੂੰ ਸਹੀ ਤਰੀਕੇ ਨਾਲ ਦਰਜ਼ ਕਰਨਗੀਆਂ ਅਤੇ ਸਮੇਂ ਸਿਰ ਬਿੱਲ ਵੰਡਣ ਦੀ ਜ਼ਿੰਮੇਵਾਰੀ ਨਿਭਾਉਣਗੀਆਂ | ਇਸ ਤੋਂ ਇਲਾਵਾ, ਖਪਤਕਾਰਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਨਿਪਟਾਰੇ 'ਚ ਸਹਿਯੋਗ ਦੇਣ ਅਤੇ ਉਨ੍ਹਾਂ ਸਮੱਸਿਆਵਾਂ ਬਾਰੇ ਜਾਣਕਾਰੀ ਸੁਪਰਵਾਈਜ਼ਰੀ ਟੀਮਾਂ ਤੱਕ ਪਹੁੰਚਾਉਣ ਦਾ ਕੰਮ ਵੀ ਇਹ ਕਰਮਚਾਰੀ ਕਰਨਗੀਆਂ |
ਮਹਿਲਾ ਮੀਟਰ ਰੀਡਰਾਂ ਦੀ ਸੁਰੱਖਿਆ ਨੂੰ ਲੈ ਕੇ ਕੀਤੇ ਗਏ ਖ਼ਾਸ ਪ੍ਰਬੰਧ- ਸੀ.ਪੀ.ਡੀ.ਐੱਲ. ਵਲੋਂ ਮਹਿਲਾ ਕਰਮਚਾਰੀਆਂ ਦੀ ਸੁਰੱਖਿਆ ਨੂੰ ਧਿਆਨ 'ਚ ਰੱਖਦਿਆਂ ਖ਼ਾਸ ਸੁਰੱਖਿਆ ਪ੍ਰੋਟੋਕਾਲ ਲਾਗੂ ਕੀਤੇ ਗਏ ਹਨ | ਇਨ੍ਹਾਂ 'ਚ ਲਾਜ਼ਮੀ ਮੋਬਾਈਲ ਚੈੱਕ-ਇਨ ਪ੍ਰਣਾਲੀ, ਐਮਰਜੈਂਸੀ ਐਸਕਲੇਸ਼ਨ ਸਿਸਟਮ ਅਤੇ ਕੁੱਝ ਚੁਣੀਦੇ ਖੇਤਰਾਂ 'ਚ ਸੁਪਰਵਾਈਜ਼ਰ ਦੀ ਮੌਜੂਦਗੀ ਸ਼ਾਮਲ ਹੈ | ਕੰਪਨੀ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਨ੍ਹਾਂ ਉਪਾਅ ਨਾਲ ਮਹਿਲਾਵਾਂ ਨੂੰ ਮੈਦਾਨੀ ਡਿਊਟੀ ਦੌਰਾਨ ਸੁਰੱਖਿਅਤ, ਅਨੁਕੂਲ ਅਤੇ ਪੇਸ਼ਾਵਰ ਕਾਰਜ-ਮਾਹੌਲ ਮਿਲੇਗਾ |
ਸੀ.ਪੀ.ਡੀ.ਐੱਲ. ਦੇ ਡਾਇਰੈਕਟਰ ਅਰੁਣ ਕੁਮਾਰ ਵਰਮਾ ਨੇ ਇਸ ਪ੍ਰੋਗਰਾਮ ਬਾਰੇ ਆਪਣੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਬਿਜਲੀ ਵੰਡ ਖੇਤਰ 'ਚ ਇਸ ਤਰ੍ਹਾਂ ਦੀ ਪਹਿਲ ਦੀ ਅਗਵਾਈ ਕਰਨਾ ਕੰਪਨੀ ਲਈ ਮਾਣ ਦੀ ਗੱਲ ਹੈ | ਉਨ੍ਹਾਂ ਕਿਹਾ ਕਿ ਮਹਿਲਾਵਾਂ ਨੂੰ ਮੀਟਰ ਰੀਡਿੰਗ, ਖਪਤਕਾਰਾਂ ਦੀਆਂ ਸਮੱਸਿਆਵਾਂ ਦੇ ਨਿਵਾਰਨ ਅਤੇ ਫ਼ੀਲਡ ਉਪਰੇਸ਼ਨਾਂ ਵਰਗੀਆਂ ਫ਼ਰੰਟ ਲਾਈਨ ਜ਼ਿੰਮੇਵਾਰੀਆਂ ਸੌਂਪ ਕੇ ਸੀ.ਪੀ.ਡੀ.ਐੱਲ. ਨਾ ਸਿਰਫ਼ ਆਪਣੀ ਕਾਰਗੁਜ਼ਾਰੀ ਨੂੰ ਮਜ਼ਬੂਤ ਕਰੇਗੀ, ਸਗੋਂ ਲੋਕ-ਹਿਤ ਸੇਵਾਵਾਂ ਦੀ ਡਿਲਿਵਰੀ 'ਚ ਵੀ ਇਕ ਹੋਰ ਸਮਾਵੇਸ਼ੀ ਅਤੇ ਲੋਕਾਂ ਦੇ ਅਨੁਕੂਲ ਦਿ੍ਸ਼ਟੀਕੋਣ ਯਕੀਨੀ ਬਣਾਇਆ ਜਾਵੇਗਾ | ਉਨ੍ਹਾਂ ਕਿਹਾ ਕਿ ਇਹ ਉਹ ਬਦਲਾਅ ਹੈ, ਜਿਸ ਦੀ ਚਰਚਾ ਸਾਲਾਂ ਤੋਂ ਹੋ ਰਹੀ ਸੀ ਅਤੇ ਹੁਣ ਇਹ ਬਦਲਾਅ ਜ਼ਮੀਨੀ ਪੱਧਰ 'ਤੇ ਸਾਫ਼ ਨਜ਼ਰ ਆ ਰਿਹਾ ਹੈ |

ਪਿਛਲੀ ਖ਼ਬਰ ਡੇਰਾਬੱਸੀ ਸਕੂਲ 'ਚ ਠੰਢ ਦੀਆਂ ਛੁੱਟੀਆਂ ਦੌਰਾਨ ਸਰਕਾਰੀ ਹੁਕਮਾਂ ਦੀ ਹੋ ਰਹੀ ਹੈ ਉਲੰਘਣਾ <br/> ਅਗਲੀ ਖ਼ਬਰ ਓਮ ਪ੍ਰਕਾਸ਼ ਮਿਗਲਾਨੀ ਦੀਆਂ ਮਰਨ ਉਪਰੰਤ ਅੱਖਾਂ ਦਾਨ ਕਰਵਾਈਆਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।