27-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-11-2026

ਨਗਰ ਨਿਗਮ ਦਫ਼ਤਰ ਦੇ ਨੱਕ ਹੇਠਾਂ ਅੱਧਾ ਦਰਜਨ ਸੈਂਟਰਲ ਵਰਜ ਸਾਲਾਂ ਤੋਂ ਅਣਦੇਖੀ ਦਾ ਸ਼ਿਕਾਰ

ਲੁਧਿਆਣਾ, 26 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ’ਚ ਹਰਿਆਲੀ ਤੇ ਵਾਤਾਵਰਣ ਨੂੰ ਸੁੰਦਰ ਬਣਾਉਣ ਦੇ ਦਾਅਵਿਆਂ ਦਰਮਿਆਨ ਘੰਟਾ ਘਰ ਰੋਡ ਇਲਾਕੇ ਵਿਚ ਸਥਿਤ ਕਰੀਬ ਅੱਧਾ ਦਰਜਨ ਸੈਂਟਰਲ ਵਰਜ ਨਗਰ ਨਿਗਮ ਦੀ ਲੰਬੇ ਸਮੇਂ ਤੋਂ ਚੱਲ ਰਹੀ ਅਣਦੇਖੀ ਦਾ ਸ਼ਿਕਾਰ ਹੋਏ ਪਏ ਹਨ। ਇਨ੍ਹਾਂ ਸੜਕਾਂ ਦੇ ਵਿਚਕਾਰ ਬਣੇ ਸੈਂਟਰਲ ਵਰਜ ਵਿਚ ਪਿਛਲੇ ਕਈ ਸਾਲਾਂ ਤੋਂ ਬੂਟੇ ਨਾ ਲਗਾਏ ਜਾਣ ਕਾਰਨ ਹਰਿਆਲੀ ਗ਼ਾਇਬ ਹੋ ਚੁੱਕੀ ਹੈ, ਜਦਕਿ ਇਨ੍ਹਾਂ ਥਾਵਾਂ ’ਤੇ ਗੰਦਗੀ ਤੇ ਬੇਸਹਾਰਾ ਲੋਕਾਂ ਵਲੋਂ ਆਸਰਾ ਲੈਣ ਕਾਰਨ ਹਾਲਾਤ ਹੋਰ ਵੀ ਮਾੜੇ ਬਣੇ ਹੋਏ ਹਨ।

ਅਜੀਤ ਡੈਸਕ 27-11-2026
ਲੁਧਿਆਣਾ, 26 ਨਵੰਬਰ (ਭੁਪਿੰਦਰ ਸਿੰਘ ਬੈਂਸ)- ਸ਼ਹਿਰ ’ਚ ਹਰਿਆਲੀ ਤੇ ਵਾਤਾਵਰਣ ਨੂੰ ਸੁੰਦਰ ਬਣਾਉਣ ਦੇ ਦਾਅਵਿਆਂ ਦਰਮਿਆਨ ਘੰਟਾ ਘਰ ਰੋਡ ਇਲਾਕੇ ਵਿਚ ਸਥਿਤ ਕਰੀਬ ਅੱਧਾ ਦਰਜਨ ਸੈਂਟਰਲ ਵਰਜ ਨਗਰ ਨਿਗਮ ਦੀ ਲੰਬੇ ਸਮੇਂ ਤੋਂ ਚੱਲ ਰਹੀ ਅਣਦੇਖੀ ਦਾ ਸ਼ਿਕਾਰ ਹੋਏ ਪਏ ਹਨ। ਇਨ੍ਹਾਂ ਸੜਕਾਂ ਦੇ ਵਿਚਕਾਰ ਬਣੇ ਸੈਂਟਰਲ ਵਰਜ ਵਿਚ ਪਿਛਲੇ ਕਈ ਸਾਲਾਂ ਤੋਂ ਬੂਟੇ ਨਾ ਲਗਾਏ ਜਾਣ ਕਾਰਨ ਹਰਿਆਲੀ ਗ਼ਾਇਬ ਹੋ ਚੁੱਕੀ ਹੈ, ਜਦਕਿ ਇਨ੍ਹਾਂ ਥਾਵਾਂ ’ਤੇ ਗੰਦਗੀ ਤੇ ਬੇਸਹਾਰਾ ਲੋਕਾਂ ਵਲੋਂ ਆਸਰਾ ਲੈਣ ਕਾਰਨ ਹਾਲਾਤ ਹੋਰ ਵੀ ਮਾੜੇ ਬਣੇ ਹੋਏ ਹਨ। ਹੈਰਾਨੀ ਦੀ ਗੱਲ ਹੈ ਕਿ ਇਹ ਸੈਂਟਰਲ ਵਰਜ ਨਗਰ ਨਿਗਮ ਦੇ ਜ਼ੋਨ ਏ. ਦਫ਼ਤਰ ਦੇ ਨੇੜੇ ਹੀ ਸਥਿਤ ਹਨ, ਪਰ ਇਸਦੇ ਬਾਵਜੂਦ ਲੰਬੇ ਸਮੇਂ ਤੋਂ ਇਨ੍ਹਾਂ ਦੀ ਸਾਂਭ ਸੰਭਾਲ ਵੱਲ ਕੋਈ ਖ਼ਾਸ ਧਿਆਨ ਨਹੀਂ ਦਿੱਤਾ ਜਾ ਰਿਹਾ। ਨਿਗਮ ਦਫ਼ਤਰ ਦੇ ਆਸ-ਪਾਸ ਹੀ ਜਨਤਕ ਥਾਵਾਂ ਦੀ ਅਜਿਹੀ ਹਾਲਤ ਬਣੀ ਰਹਿਣਾ ਅਧਿਕਾਰੀਆਂ ਦੀ ਨਿਗਰਾਨੀ ਅਤੇ ਮੈਦਾਨੀ ਕਾਰਗੁਜ਼ਾਰੀ ‘ਤੇ ਸਵਾਲ ਖੜ੍ਹੇ ਕਰਦਾ ਹੈ। ਜੇਕਰ ਦਫ਼ਤਰ ਨੇੜੇ ਇਨ੍ਹਾਂ ਥਾਵਾਂ ਦੀ ਹੀ ਸਮੇਂ ਸਿਰ ਦੇਖਭਾਲ ਨਹੀਂ ਹੋ ਰਹੀ ਤਾਂ ਸ਼ਹਿਰ ਦੇ ਹੋਰ ਹਿੱਸਿਆ ਵਿਚ ਹਰਿਆਲੀ ਪ੍ਰਬੰਧਾਂ ਦੀ ਸਥਿਤੀ ਦਾ ਅੰਦਾਜ਼ਾ ਲਗਾਉਣਾ ਮੁਸ਼ਕਿਲ ਨਹੀਂ। ਇਨ੍ਹਾਂ ਸੈਂਟਰਲ ਵਰਜ ਨੂੰ ਸੜਕਾਂ ਦੀ ਸੁੰਦਰਤਾ ਵਧਾਉਣ ਤੇ ਹਰਿਆਲੀ ਕਾਇਮ ਰੱਖਣ ਦੇ ਮਕਸਦ ਨਾਲ ਬਣਾਇਆ ਗਿਆ ਸੀ, ਪਰ ਮੌਜੂਦਾ ਹਾਲਾਤ ਇਨ੍ਹਾਂ ਦੇ ਮੂਲ ਉਦੇਸ਼ ਤੋਂ ਉਲਟ ਨਜ਼ਰ ਆ ਰਹੇ ਹਨ, ਜਿੱਥੇ ਬੂਟੇ, ਫੁੱਲ ਅਤੇ ਸਾਫ਼-ਸੁਥਰਾ ਵਾਤਾਵਰਨ ਹੋਣਾ ਚਾਹੀਦਾ ਸੀ, ਉਥੇ ਗੰਦਗੀ ਅਤੇ ਅਣਸੰਭਾਲੇ ਹਿੱਸੇ ਇਨ੍ਹਾਂ ਦੀ ਪਛਾਣ ਬਣਦੇ ਜਾ ਰਹੇ ਹਨ। ਲੰਬੇ ਸਮੇਂ ਤੋਂ ਨਵੇਂ ਬੂਟੇ ਨਾ ਲਗਾਉਣ ਅਤੇ ਨਿਯਮਤ ਦੇਖਭਾਲ ਦੀ ਘਾਟ ਕਾਰਨ ਇਹ ਥਾਵਾਂ ਆਪਣੀ ਸੁੰਦਰਤਾ ਗੁਆ ਚੁੱਕੀਆਂ ਹਨ। ਜਾਣਕਾਰੀ ਅਨੁਸਾਰ ਪਹਿਲਾ ਇਨ੍ਹਾਂ ਸੈਂਟਰਲ ਵਰਜ ਦੀ ਸਾਂਭ ਸੰਭਾਲ ਦਾ ਠੇਕੇ ਤੇ ਦਿੱਤੀ ਜਾਂਦੀ ਸੀ, ਪਰ ਹੁਣ ਇਨ੍ਹਾਂ ਦੀ ਦੇਖਭਾਲ ਲਈ ਕੋਈ ਪ੍ਰਭਾਵਸ਼ਾਲੀ ਪ੍ਰਬੰਧ ਦਿਖਾਈ ਨਹੀਂ ਦੇ ਰਿਹਾ ਤੇ ਮੌਜੂਦਾ ਹਾਲਾਤ ਇਹ ਦਰਸਾਉਂਦੇ ਹਨ ਕਿ ਇਨ੍ਹਾਂ ਥਾਵਾਂ ਦੀ ਦੇਖਭਾਲ ਨੂੰ ਲੈਕੇ ਜ਼ਮੀਨੀ ਪੱਧਰ ਤੇ ਗੰਭੀਰਤਾ ਦੀ ਘਾਟ ਹੈ। ਇਨ੍ਹਾਂ ਸੈਂਟਰਲ ਵਰਜ ਵਿਚ ਗੰਦਗੀ ਦੀ ਮੌਜੂਦਗੀ ਅਤੇ ਬੇਸਹਾਰਾ ਲੋਕਾਂ ਵਲੋਂ ਇਨ੍ਹਾਂ ਨੂੰ ਆਸਰੇ ਵਜੋਂ ਵਰਤਿਆ ਜਾਣਾ ਵੀ ਸਫ਼ਾਈ ਪ੍ਰਬੰਧਾਂ ਦੀ ਕਮਜ਼ੋਰ ਸਥਿਤੀ ਨੂੰ ਉਜਾਗਰ ਕਰਦਾ ਹੈ। ਜੇਕਰ ਇਨ੍ਹਾਂ ਥਾਵਾਂ ਦੀ ਨਿਯਮਤ ਸਫ਼ਾਈ, ਬੂਟਿਆਂ ਦੀ ਦੇਖਭਾਲ ਅਤੇ ਨਿਗਰਾਨੀ ਕੀਤੀ ਜਾਵੇ ਤਾਂ ਇਨ੍ਹਾਂ ਨੂੰ ਮੁੜ ਸੁੰਦਰ ਅਤੇ ਹਰਿਆ-ਭਰਿਆ ਬਣਾਇਆ ਜਾ ਸਕਦਾ ਹੈ, ਪਰ ਲੰਬੇ ਸਮੇਂ ਤੋਂ ਅਣਦੇਖੀ ਕਾਰਨ ਇਹ ਜਨਤਕ ਥਾਵਾਂ ਆਪਣੀ ਮੂਲ ਪਛਾਣ ਗੁਆ ਰਹੀਆਂ ਹਨ। ਇਲਾਕੇ ਦੇ ਇਨ੍ਹਾਂ ਸੈਂਟਰਲ ਵਰਜ ਦੀ ਮੌਜੂਦਾ ਹਾਲਤ ਨੂੰ ਦੇਖਦੇ ਹੋਏ ਲੋੜ ਹੈ ਕਿ ਨਗਰ ਨਿਗਮ ਦੇ ਅਧਿਕਾਰੀ ਤੁਰੰਤ ਮੌਕੇ ਦਾ ਜਾਇਜ਼ਾ ਲੈਣ, ਗੰਦਗੀ ਦੀ ਸਫ਼ਾਈ ਕਰਵਾਉਣ, ਨਵੇਂ ਬੂਟੇ ਲਗਾਉਣ ਅਤੇ ਇਨ੍ਹਾਂ ਦੀ ਨਿਯਮਤ ਦੇਖਭਾਲ ਲਈ ਜ਼ਿੰਮੇਵਾਰੀ ਤੈਅ ਕਰਨ। ਨਹੀਂ ਤਾਂ ਨਗਰ ਨਿਗਮ ਦਫ਼ਤਰ ਦੇ ਨੱਕ ਹੇਠਾਂ ਸਾਲਾਂ ਤੋਂ ਚੱਲ ਰਹੀ ਇਹ ਅਣਦੇਖੀ ਸ਼ਹਿਰ ਦੇ ਹਰਿਆਲੀ ਅਤੇ ਸਫ਼ਾਈ ਪ੍ਰਬੰਧਾਂ ਦੇ ਦਾਅਵਿਆਂ ਨੂੰ ਲਗਾਤਾਰ ਕਟਹਿਰੇ ਵਿਚ ਖੜ੍ਹਾ ਕਰਦੀ ਰਹੇਗੀ।
ਪਿਛਲੀ ਖ਼ਬਰ ਅਣਪਛਾਤੇ ਵਿਅਕਤੀ ਦੀ ਲਾਸ਼ ਪਤਿਆਲ ਨਜ਼ਦੀਕ ਝਾੜੀਆਂ ’ਚੋਂ ਬਰਾਮਦ ਅਗਲੀ ਖ਼ਬਰ ‘ਆਪ’ ਦੀ ‘ਖੁਸ਼ਹਾਲ ਪੰਜਾਬ ਰੈਲੀ’ ਦਾ ਕਾਂਗਰਸ ਵਲੋਂ ਕਾਲੀਆਂ ਛੱਤਰੀਆਂ ਖੋਲ੍ਹ ਕੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।