ਲੁਧਿਆਣਾ, 22 ਨਵੰਬਰ (ਜਤਿੰਦਰ ਭੰਬੀ)- ਪੀ. ਏ. ਯੂ. ਦੇ ਪ੍ਰੋਸੈਸਿੰਗ ਅਤੇ ਭੋਜਨ ਇੰਜੀਨੀਅਰਿੰਗ ਵਿਭਾਗ ਨੇ ਬੀਤੇ ਦਿਨੀਂ ਖੇਤੀ ਪ੍ਰੋਸੈਸਿੰਗ ਦੇ ਖੇਤਰ ਵਿਚ ਉੱਦਮ ਦੇ ਵਿਕਾਸ ਲਈ ਅਨੁਸੂਚਿਤ ਜਾਤੀਆਂ ਵਾਸਤੇ ਵਿਸ਼ੇਸ਼ ਸਿਖਲਾਈ ਕੈਂਪ ਸਕਿੱਲ ਡਿਵੈਲਪਮੈਂਟ ਵਿੱਚ ਕਰਵਾਇਆ ਗਿਆ। ਇਸ ਵਿਚ ਪਿੰਡ ਮਲਕਪੁਰ ਦੇ 25 ਸਿਖਿਆਰਥੀ ਸ਼ਾਮਿਲ ਹੋਏ। ਪ੍ਰੋਜੈਕਟ ਦੇ ਇੰਚਾਰਜ ਡਾ. ਐੱਮ ਐੱਸ ਆਲਮ ਨੇ ਵਿਸ਼ੇ ਨਾਲ ਸੰਬੰਧਿਤ ਜਾਣ-ਪਛਾਣ ਕਰਵਾਈ ਅਤੇ ਉਹਨਾਂ ਨੇ ਵਢਾਈ ਉਪਰੰਤ ਫਸਲਾਂ ਦੇ ਨੁਕਸਾਨ ਨੂੰ ਘੱਟ ਕਰਨ ਅਤੇ ਉਤਪਾਦਾਂ ਦੇ ਮਿਆਰ ਨੂੰ ਬਰਕਰਾਰ ਰੱਖਣ ਦੇ ਨਾਲ-ਨਾਲ ਪੇਂਡੂ ਰੁਜ਼ਗਾਰ ਵਿਚ ਵਾਧੇ ਬਾਰੇ ਆਪਣੇ ਵਿਚਾਰ ਪੇਸ਼ ਕੀਤੇ। ਵਿਗਿਆਨੀਆਂ ਡਾ. ਰੋਹਿਤ ਸ਼ਰਮਾ ਨੇ ਮੁੱਖ ਅਨਾਜਾਂ, ਤੇਲਬੀਜਾਂ ਅਤੇ ਦਾਲਾਂ ਦੇ ਖੇਤਰ ਵਿਚ ਪ੍ਰੋਸੈਸਿੰਗ ਮਸ਼ੀਨਰੀ ਨਾਲ ਜਾਣ-ਪਛਾਣ ਕਰਵਾਈ। ਡਾ. ਪ੍ਰੀਤੀ ਨੇ ਫਲਾਂ ਅਤੇ ਸਬਜ਼ੀਆਂ ਨੂੰ ਨਮੀ ਸੁੱਕਣ ਤੋਂ ਬਚਾਉਣ ਦੀਆਂ ਵੱਖ-ਵੱਖ ਤਕਨੀਕਾਂ ਸਾਂਝੀਆਂ ਕੀਤੀਆਂ। ਡਾ. ਮਨਪ੍ਰੀਤ ਕੌਰ ਸੈਣੀ ਨੇ ਅਨਾਜਾਂ ਅਤੇ ਦਾਲਾਂ ਦੇ ਭੰਡਾਰਨ ਸਮੇਂ ਹੋਣ ਵਾਲੇ ਨੁਕਸਾਨ ਤੋਂ ਬਚਾਅ ਦੇ ਤਰੀਕੇ ਸਾਂਝੇ ਕੀਤੇ। ਡਾ. ਐੱਸ ਆਰ ਸ਼ਰਮਾ ਨੇ ਉਤਪਾਦਾਂ ਦੀ ਸ਼ੈੱਲਫ ਲਾਈਫ ਵਧਾਉਣ ਅਤੇ ਪੈਕਿੰਗ ਨੂੰ ਸੁਚਾਰੂ ਬਨਾਉਣ ਬਾਰੇ ਗੱਲ ਕੀਤੀ। ਇਸ ਮੌਕੇ ਪੀ.ਏ.ਯੂ. ਦਾ ਖੇਤੀ ਸਾਹਿਤ ਅਤੇ ਦਾਲਾਂ ਦੀ ਸੁਰੱਖਿਆ ਕਿੱਟ ਭਾਗ ਲੈਣ ਵਾਲਿਆਂ ਨੂੰ ਵੰਡੀ ਗਈ।