ਇਆਲੀ/ਥਰੀਕੇ, 7 ਮਈ (ਮਨਜੀਤ ਸਿੰਘ ਦੁੱਗਰੀ)-ਵਿਧਾਨ ਸਭਾ ਹਲਕਾ ਗਿੱਲ ਅਧੀਨ ਆਉਂਦੇ ਪਿੰਡ ਥਰੀਕੇ ਵਿਖੇ ਮੁਸਲਿਮ ਵੈੱਲਫੇਅਰ ਸੁਸਾਇਟੀ ਪਿੰਡ ਥਰੀਕੇ ਵਲੋਂ ਕਰਵਾਏ ਇਸਲਾਮਿਕ ਪ੍ਰੋਗਰਾਮ ਦੌਰਾਨ ਵਿਸ਼ੇਸ਼ ਤੌਰ 'ਤੇ ਪਹੁੰਚੇ ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਅਤੇ ਮੁਹੰਮਦ ਉਵੈਸ ਚੇਅਰਮੈਨ ਵਕਫ਼ ਬੋਰਡ, ਦਾ ਮੁਸਲਿਮ ਭਾਈਚਾਰੇ ਵਲੋਂ ਭਰਵਾਂ ਸਵਾਗਤ ਕੀਤਾ ਗਿਆ | ਇਨ੍ਹਾਂ ਵਲੋਂ ਪਿੰਡ ਥਰੀਕੇ 'ਚ ਨਵੀਂ ਬਣਨ ਵਾਲੀ ਮਸਜਿਦ ਦਾ ਨੀਂਹ ਪੱਥਰ ਰੱਖਿਆ ਗਿਆ, ਜਿਸ ਉਪਰੰਤ ਵੱਖ-ਵੱਖ ਸ਼ਹਿਰਾਂ, ਪਿੰਡਾਂ ਤੋਂ ਆਏ ਪਤਵੰਤੇ ਸੱਜਣਾਂ ਦਾ ਪ੍ਰਬੰਧਕਾਂ ਨੇ ਜਿੱਥੇ ਧੰਨਵਾਦ ਕੀਤਾ, ਉੱਥੇ ਹੀ ਥਰੀਕੇ ਮੁਸਲਿਮ ਵੈੱਲਫੇਅਰ ਸੁਸਾਇਟੀ ਮੈਂਬਰਾਂ ਵਲੋਂ ਸ਼ਾਹੀ ਇਮਾਮ ਪੰਜਾਬ ਮੁਹੰਮਦ ਉਸਮਾਨ ਅਤੇ ਮੁਹੰਮਦ ਉਵੈਸ ਚੇਅਰਮੈਨ ਵਕਫ਼ ਬੋਰਡ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਗਿਆ | ਇਸ ਮੌਕੇ ਮੁਹੰਮਦ ਉਵੈਸ ਚੇਅਰਮੈਨ ਵਕਫ਼ ਬੋਰਡ ਵਲੋਂ ਮਸਜਿਦ ਬਣਾਉਣ ਲਈ 5 ਲੱਖ ਰੁਪਏ ਦੀ ਗਰਾਂਟ ਦੇਣ ਦਾ ਐਲਾਨ ਕੀਤਾ ਗਿਆ | ਸ਼ਾਹੀ ਇਮਾਮ ਨੇ ਮੁਸਲਿਮ ਭਾਈਚਾਰੇ ਨੂੰ ਸੰਦੇਸ਼ ਦਿੰਦਿਆਂ ਕਿਹਾ ਕਿ ਸੱਚਾ ਮੁਸਲਮਾਨ ਉਹੀ ਹੁੰਦਾ ਹੈ, ਜੋ ਪਰਾਈ ਔਰਤ ਦੀ ਇੱਜ਼ਤ ਕਰਦਾ ਹੈ ਅਤੇ ਸਾਰੇ ਮੁਸਲਮਾਨ ਭਾਈਚਾਰੇ ਨੂੰ ਰਲ ਮਿਲ ਕੇ ਰਹਿਣ ਦੀ ਅਪੀਲ ਕੀਤੀ |