ਲੁਧਿਆਣਾ, 7 ਮਈ (ਭੁਪਿੰਦਰ ਸਿੰਘ ਬੈਂਸ)-ਐਚ.ਵੀ.ਐਮ. ਗਲੋਬਲ ਸਕੂਲ ਵਿਖੇ ਰਵਿੰਦਰ ਨਾਥ ਟੈਗੋਰ ਜੈਅੰਤੀ ਮਨਾਈ ਗਈ | ਇਸ ਮੌਕੇ ਵਿਸ਼ੇਸ਼ ਸਵੇਰ ਦੀ ਸਭਾ ਦੀ ਸ਼ੁਰੂਆਤ ਰਬਿੰਦਰ ਨਾਥ ਟੈਗੋਰ ਦੇ ਜੀਵਨ ਅਤੇ ਪ੍ਰਾਪਤੀਆਂ 'ਤੇ ਆਧਾਰਿਤ ਇਕ ਦਿਲਚਸਪ ਕੁਇਜ਼ ਨਾਲ ਹੋਈ, ਜਿਸ ਨੇ ਵਿਦਿਆਰਥੀਆਂ ਦੇ ਗਿਆਨ ਵਿਚ ਵਾਧਾ ਕੀਤਾ | ਵਿਦਿਆਰਥੀਆਂ ਦੁਆਰਾ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੁਆਰਾ ਲਿਖੇ ਸੁਰੀਲੇ ਗੀਤ ਪੇਸ਼ ਕੀਤੇ ਗਏ | ਇਸ ਮੌਕੇ ਤੀਜੀ ਤੋਂ 5ਵੀਂ ਜਮਾਤ ਦੇ ਵਿਦਿਆਰਥੀਆਂ ਨੇ ਰਵਿੰਦਰ ਨਾਥ ਟੈਗੋਰ ਦੇ ਜੀਵਨ ਚਿੱਤਰ ਨੂੰ ਸੁੰਦਰ ਢੰਗ ਨਾਲ ਲਿਖਿਆ, ਜਦੋਂ ਕਿ 6ਵੀਂ ਤੋਂ 8ਵੀਂ ਜਮਾਤ ਦੇ ਵਿਦਿਆਰਥੀਆਂ ਨੇ ਮਹਾਨ ਕਵੀ ਦੇ ਪ੍ਰਭਾਵਸ਼ਾਲੀ ਸਕੈੱਚ ਅਤੇ ਪੋਰਟਰੇਟ ਬਣਾ ਕੇ ਆਪਣੀ ਰਚਨਾਤਮਿਕਤਾ ਦਾ ਪ੍ਰਦਰਸ਼ਨ ਕੀਤਾ | ਸਕੂਲ ਪਿ੍ੰਸੀਪਲ ਪ੍ਰਗਤੀ ਕਪੂਰ ਨੇ ਵਿਦਿਆਰਥੀਆਂ ਅਤੇ ਅਧਿਆਪਕਾਂ ਦੇ ਯਤਨਾਂ ਦੀ ਸ਼ਲਾਘਾ ਕੀਤੀ | ਸਕੂਲ ਪ੍ਰਧਾਨ ਡੀ.ਪੀ. ਸ਼ਰਮਾ ਅਤੇ ਚੇਅਰਪਰਸਨ ਮੀਨਾ ਸ਼ਰਮਾ ਨੇ ਕਿਹਾ ਕਿ ਇਸ ਤਰ੍ਹਾਂ ਦੇ ਜਸ਼ਨ ਵਿਦਿਆਰਥੀਆਂ ਨੂੰ ਭਾਰਤ ਦੀ ਅਮੀਰ ਸਭਿਆਚਾਰਕ ਅਤੇ ਸਾਹਿੱਤਿਕ ਵਿਰਾਸਤ ਨਾਲ ਜੁੜੇ ਰਹਿਣ ਵਿਚ ਮਦਦ ਕਰਦੇ ਹਨ |