ਜਤਿੰਦਰ ਭੰਬੀ
ਭਾਮੀਆਂ ਕਲਾਂ, 7 ਮਈ-ਵਿਧਾਨ ਸਭਾ ਹਲਕਾ ਸਾਹਨੇਵਾਲ ਅਧੀਨ ਆਉਂਦੇ ਨਗਰ ਨਿਗਮ ਦੇ ਖੇਤਰ 'ਚ ਜੀਵਨ ਨਗਰ ਤੋਂ ਫੋਕਲ ਪੁਆਇੰਟ ਨੂੰ ਜਾਣ ਵਾਲੀ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰਾਂ ਤੋਂ ਲੋਕ ਬੇਹੱਦ ਦੁਖੀ ਹਨ, ਕਿਉਂਕਿ ਇੱਥੋਂ ਲੰਘਣ ਵਾਲੇ ਲੋਕਾਂ ਨੂੰ ਕਈ ਕਿਸਮ ਦੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ | ਇਸ ਤੋਂ ਇਲਾਵਾ ਇਸ ਰੋਡ 'ਤੇ ਸਥਿਤ ਮੁਹੱਲਿਆਂ ਅੰਦਰ ਵੀ ਸਫ਼ਾਈ ਵਿਵਸਥਾ ਦਾ ਬੁਰਾ ਹਾਲ ਹੈ, ਉੱਥੋਂ ਲੰਘਣ ਵਾਲੇ ਰਾਹਗੀਰ ਵੀ ਮੂੰਹ ਢੱਕ ਕੇ ਲੰਘਣ ਲਈ ਮਜਬੂਰ ਹੋ ਰਹੇ ਹਨ | ਫੋਕਲ ਪੁਆਇੰਟ ਨੂੰ ਜਾਣ ਵਾਲੀਆਂ ਸੜਕਾਂ ਦੇ ਨਾਲ-ਨਾਲ ਲੱਗੇ ਗੰਦਗੀ ਦੇ ਢੇਰ ਜਿੱਥੇ ਕਈ ਭਿਆਨਕ ਬਿਮਾਰੀਆਂ ਨੂੰ ਜਨਮ ਦੇ ਰਹੇ ਹਨ, ਉੱਥੇ ਹੀ ਨਗਰ ਨਿਗਮ ਦੀ ਕਾਰਜਸ਼ੈਲੀ ਉਪਰ ਕਈ ਤਰ੍ਹਾਂ ਦੇ ਸਵਾਲੀਆ ਨਿਸ਼ਾਨ ਖੜ੍ਹੇ ਕਰ ਰਹੇ ਹਨ | ਫੋਕਲ ਪੁਆਇੰਟ ਇੰਡਸਟਰੀ ਏਰੀਆ ਹੋਣ ਕਾਰਨ ਇੱਥੇ ਵੱਡੀ ਗਿਣਤੀ 'ਚ ਕਾਮੇ ਫ਼ੈਕਟਰੀਆਂ ਵਿਚ ਕੰਮ ਕਰਨ ਲਈ ਆਉਂਦੇ ਹਨ ਅਤੇ ਇਨ੍ਹਾਂ ਸੜਕਾਂ ਤੋਂ ਉਦਯੋਗਪਤੀਆਂ ਦਾ ਵੀ ਆਉਣਾ ਜਾਣਾ ਲੱਗਿਆ ਰਹਿੰਦਾ ਹੈ | ਸਰਕਾਰ ਨੂੰ ਕਰੋੜਾਂ ਰੁਪਏ ਟੈਕਸ ਦੇ ਰੂਪ ਵਿਚ ਦੇਣ ਵਾਲੇ ਫੋਕਲ ਪੁਆਇੰਟ ਦੇ ਅਜਿਹੇ ਹਾਲਾਤ ਹਨ ਤਾਂ ਹੋਰਨਾਂ ਇਲਾਕਿਆਂ ਦਾ ਤਾਂ ਰੱਬ ਹੀ ਰਾਖਾ ਹੈ | ਬਰਸਾਤ ਦੇ ਦਿਨਾਂ ਦੌਰਾਨ ਤਾਂ ਹਾਲਾਤ ਹੋਰ ਵੀ ਨਾਜ਼ੁਕ ਬਣ ਜਾਂਦੇ ਹਨ | ਉਦਯੋਗਪਤੀਆਂ ਨੇ ਸੰਬੰਧਿਤ ਵਿਭਾਗ ਤੋਂ ਮੰਗ ਕੀਤੀ ਕਿ ਫੋਕਲ ਪੁਆਇੰਟ 'ਚ ਕੂੜੇ ਦੀ ਸਮੱਸਿਆ ਦਾ ਕੋਈ ਠੋਸ ਹੱਲ ਕੀਤਾ ਜਾਵੇ ਤਾਂ ਜੋ ਉਦਯੋਗਪਤੀਆਂ ਦੇ ਨਾਲ-ਨਾਲ ਆਮ ਲੋਕਾਂ ਨੂੰ ਕਿਸੇ ਮੁਸ਼ਕਿਲ ਦਾ ਸਾਹਮਣਾ ਨਾ ਕਰਨਾ ਪਵੇ | ਜਦੋਂ ਇਸ ਸਬੰਧੀ ਸਬੰਧਿਤ ਅਧਿਕਾਰੀਆਂ ਨਾਲ ਗੱਲ ਕਰਨ ਦੀ ਕੋਸ਼ਿਸ਼ ਕੀਤੀ ਤਾਂ ਉਨ੍ਹਾਂ ਨਾਲ ਸੰਪਰਕ ਨਹੀਂ ਹੋ ਸਕਿਆ |
ਬਾਹਰੋਂ ਆਉਣ ਵਾਲੇ ਵਪਾਰੀਆਂ 'ਤੇ ਪੈਂਦਾ ਮਾੜਾ ਪ੍ਰਭਾਵ-ਕਾਹਲੋਂ
ਆਟੋ ਪਾਰਟਸ ਮੈਨੂੰਫੈਕਚਰਜ਼ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਕਾਹਲੋਂ ਨੇ ਗੱਲਬਾਤ ਕਰਦਿਆਂ ਕਿਹਾ ਕਿ ਇਸ ਨਾਲ ਬਾਹਰੋਂ ਆਉਣ ਵਾਲੇ ਵਪਾਰੀਆਂ 'ਤੇ ਮਾੜਾ ਪ੍ਰਭਾਵ ਪੈਂਦਾ ਹੈ | ਉਨ੍ਹਾਂ ਕਿਹਾ ਕਿ ਫੋਕਲ ਪੁਆਇੰਟ 'ਚ ਸਥਿਤ ਉਦਯੋਗਾਂ 'ਚ ਵੱਖ-ਵੱਖ ਰਾਜਾਂ ਤੋਂ ਵਪਾਰੀਆਂ ਦਾ ਆਉਣਾ ਜਾਣਾ ਲੱਗਿਆ ਰਹਿੰਦਾ ਹੈ, ਪਰ ਫੋਕਲ ਪੁਆਇੰਟ ਨੂੰ ਜਾਣ ਵਾਲੀਆਂ ਸੜਕਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਵੱਲ ਕਿਸੇ ਦਾ ਕੋਈ ਵੀ ਧਿਆਨ ਨਹੀਂ ਹੈ | ਕੂੜੇ ਦੇ ਢੇਰਾਂ ਉਪਰ ਮੱਖੀਆਂ ਭਿਣਕਣ ਦੇ ਨਾਲ ਨਾਲ ਮੱਛਰ ਵੀ ਪੈਦਾ ਹੋ ਰਿਹਾ ਹੈ, ਜਿਸ ਨਾਲ ਉਦਯੋਗਪਤੀਆਂ ਅਤੇ ਆਮ ਲੋਕਾਂ ਦੇ ਮਨਾਂ ਵਿਚ ਡਰ ਬਣਿਆ ਹੋਇਆ ਹੈ ਕਿ ਸੜਕਾਂ 'ਤੇ ਪਈ ਗੰਦਗੀ ਕਾਰਨ ਕਿਤੇ ਕੋਈ ਭਿਆਨਕ ਬਿਮਾਰੀ ਨਾ ਜਨਮ ਲੈ ਲਵੇ |
ਜੀਵਨ ਨਗਰ ਚੌਕ ਤੋਂ ਫੋਕਲ ਪੁਆਇੰਟ ਨੂੰ ਜਾਣ ਵਾਲੀ ਸੜਕ ਕਿਨਾਰੇ ਲੱਗੇ ਗੰਦਗੀ ਦੇ ਢੇਰ <br/>
ਅਜੀਤ ਡੈਸਕ
08-05-2026