ਲੁਧਿਆਣਾ, 1 ਅਪ੍ਰੈਲ (ਭੁਪਿੰਦਰ ਸਿੰਘ ਬੈਂਸ)-ਨਗਰ ਨਿਗਮ ਪ੍ਰਸ਼ਾਸਨ ਦੀ ਲਾਪਰਵਾਹੀ ਇਕ ਵਾਰ ਫਿਰ ਚਰਚਾ ਵਿਚ ਆ ਗਈ ਹੈ | ਦਮੋਰੀਆ ਪੁੱਲ ਰੋਡ ਦਾ ਨਿਰਮਾਣ ਕਾਰਜ ਲੰਮੇ ਸਮੇਂ ਤੋਂ ਅਧੂਰਾ ਰਹਿਣ ਕਾਰਨ ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੰੂ ਭਾਰੀ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਜਾਣਕਾਰੀ ਅਨੁਸਾਰ ਨਿਗਮ ਵਲੋਂ ਕਰੀਬ 2-3 ਮਹੀਨੇ ਪਹਿਲਾ ਇਸ ਸੜਕ ਨੰੂ ਆਰ.ਐਮ.ਸੀ. ਨਾਲ ਤਿਆਰ ਕਰਨ ਦੇ ਨਾਂਅ ਤੇ ਪੂਰੀ ਤਰ੍ਹਾਂ ਪੁੱਟ ਦਿੱਤਾ ਗਿਆ ਸੀ | ਇਸ ਦੌਰਾਨ ਸੜਕ ਨੰੂ ਕਾਫ਼ੀ ਸਮੇਂ ਲਈ ਬੰਦ ਵੀ ਰੱਖਿਆ ਗਿਆ ਸੀ, ਜਿਸ ਨਾਲ ਆਵਾਜਾਈ ਪੂਰੀ ਤਰ੍ਹਾਂ ਪ੍ਰਭਾਵਿਤ ਰਹੀ ਅਤੇ ਲੋਕਾਂ ਨੰੂ ਵੱਡੇ ਚੱਕਰ ਲਗਾ ਕੇ ਆਪਣੇ ਮੰਜ਼ਿਲਾਂ ਤਕ ਪਹੁੰਚਣਾ ਪਿਆ | ਹਾਲਾਂਕਿ ਬਾਅਦ ਵਿਚ ਨਿਗਮ ਨੇ ਸੜਕ ਦੇ ਸਿਰਫ਼ ਇਕ ਪਾਸੇ ਦਾ ਕੰਮ ਮੁਕੰਮਲ ਕੀਤਾ | ਜਦਕਿ ਦੂਜੇ ਪਾਸੇ ਦਾ ਕੰਮ ਅੱਧ ਵਿਚਕਾਰ ਹੀ ਛੱਡ ਦਿੱਤਾ ਗਿਆ | ਇਸ ਸਮੇਂ ਵੀ ਸੜਕ ਪੂਰੀ ਤਰ੍ਹਾਂ ਤਿਆਰ ਨਹੀਂ ਹੋਈ ਅਤੇ ਨਿਗਮ ਵਲੋਂ ਕੰਮ ਹੌਲੀ ਰਫ਼ਤਾਰ ਨਾਲੀ ਕੀਤਾ ਜਾ ਰਿਹਾ ਹੈ, ਜਿਸ ਕਾਰਨ ਲੋਕਾਂ ਵਿਚ ਨਾਰਾਜ਼ਗੀ ਹੋਰ ਵੱਧ ਰਹੀ ਹੈ | ਮੌਜੂਦਾ ਹਾਲਤ ਵਿਚ ਇਕ ਪਾਸੇ ਤੋਂ ਹੀ ਆਵਾਜਾਈ ਚੱਲ ਰਹੀ ਹੈ , ਜੋ ਕਿ ਬਹੁਤ ਖ਼ਤਰਨਾਕ ਸਾਬਤ ਹੋ ਰਹੀ ਹੈ | ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਸ ਅਧੂਰੇ ਕੰਮ ਕਾਰਨ ਕਿਸੇ ਵੀ ਵੇਲੇ ਵੱਡਾ ਹਾਦਸਾ ਵਾਪਰ ਸਕਦਾ ਹੈ | ਇਸ ਤੋਂ ਇਲਾਵਾ, ਸੜਕ ਤੇ ਨਾਲ ਲੱਗੀਆਂ ਦੁਕਾਨਾਂ ਦੇ ਮਾਲਕਾਂ ਵਿਚ ਵੀ ਨਿਗਮ ਪ੍ਰਸ਼ਾਸਨ ਪ੍ਰਤੀ ਭਾਰੀ ਰੋਸ ਹੈ | ਉਨ੍ਹਾਂ ਦਾ ਕਹਿਣਾ ਹੈ ਕਿ ਵਿਕਾਸ ਦੇ ਨਾਂਅ 'ਤੇ ਸੜਕਾਂ ਨੰੂ ਪੁੱਟ ਕੇ ਉਨ੍ਹਾਂ ਦੇ ਰੋਜ਼ਗਾਰ ਤੇ ਸਿੱਧੀ ਸੱਟ ਮਾਰੀ ਜਾ ਰਹੀ ਹੈ | ਗਾਹਕਾਂ ਦੀ ਆਵਾਜਾਈ ਘੱਟ ਹੋਣ ਕਾਰਨ ਉਨ੍ਹਾਂ ਦਾ ਕਾਰੋਬਾਰ ਕਾਫ਼ੀ ਪ੍ਰਭਾਵਿਤ ਹੋਇਆ ਹੈ | ਸਥਾਨਕ ਲੋਕਾਂ ਅਤੇ ਦੁਕਾਨਦਾਰਾਂ ਨੇ ਨਗਰ ਨਿਗਮ ਤੋ ਮੰਗ ਕੀਤੀ ਹੈ ਕਿ ਦਮੋਰੀਆ ਪੁਲ ਰੋਡ ਦਾ ਕੰਮ ਜਲਦ ਮੁਕੰਮਲ ਕੀਤਾ ਜਾਵੇ | ਤਾਂ ਜੋ ਆਮ ਜਨਤਾ ਨੰੂ ਰਾਹਤ ਮਿਲ ਸਕੇ ਅਤੇ ਹਾਦਸਿਆਂ ਦੇ ਖ਼ਤਰੇ ਨੰੂ ਘਟਾਇਆ ਜਾ ਸਕੇ | ਨਿਗਮ ਦੀ ਹੌਲੀ ਕਾਰਗੁਜ਼ਾਰੀ ਨੇ ਇਕ ਵਾਰ ਫਿਰ ਕੰਮ ਕਰਨ ਦੀ ਪ੍ਰਣਾਲੀ 'ਤੇ ਗੰਭੀਰ ਸਵਾਲ ਖੜ੍ਹੇ ਕਰ ਦਿੱਤੇ ਹਨ |