ਢੰਡਾਰੀ ਕਲਾਂ/ਲੁਧਿਆਣਾ, 19 ਫਰਵਰੀ (ਜਸਵੀਰ ਸਿੰਘ ਬੰਗਾ)-ਢੰਡਾਰੀ ਕਲਾਂ ਦੇ ਵੱਡਾ ਗੁਰਦੁਆਰਾ ਸਾਹਿਬ ਜੀ.ਟੀ. ਰੋਡ ਤੋਂ ਆਉਂਦੀ ਮੁੱਖ ਸੜਕ ਦਾ ਫ਼ੈਕਟਰੀ ਮਾਲਕਾਂ ਵਲੋਂ ਨਾਜਾਇਜ਼ ਤੌਰ 'ਤੇ ਸੀਵਰੇਜ ਦਾ ਤੇਜ਼ਾਬੀ ਪਾਣੀ ਸੜਕ 'ਤੇ ਛੱਡਣ ਕਾਰਨ ਬਹੁਤ ਬੁਰਾ ਹਾਲ ਸੀ, ਜਿਸ ਕਾਰਨ ਗੁਰਦੁਆਰਾ ਸਾਹਿਬ ਆਉਣ ਵਾਲੀ ਸੰਗਤ ਨੂੰ ਭਾਰੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਸੀ | ਸੰਗਤ ਨੂੰ ਪੇਸ਼ ਆ ਰਹੀ ਇਸ ਵੱਡੀ ਸਮੱਸਿਆ ਦਾ ਮਾਮਲਾ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਵਲੋਂ ਵਿਧਾਇਕਾ ਛੀਨਾ ਦੇ ਧਿਆਨ ਵਿਚ ਲਿਆਂਦਾ, ਜਿਸ 'ਤੇ ਉਨ੍ਹਾਂ ਭਰੋਸਾ ਦਿੱਤਾ ਸੀ ਕਿ ਸੜਕ ਬਣਾਉਣ ਦਾ ਕੰਮ ਜਲਦ ਸ਼ੁਰੂ ਕਰਵਾ ਦਿੱਤਾ ਜਾਵੇਗਾ | ਸੰਗਤਾਂ ਨੂੰ ਪੇਸ਼ ਆਉਂਦੀ ਇਸ ਵੱਡੀ ਸਮੱਸਿਆ ਦਾ ਹੱਲ ਕਰਦਿਆਂ ਵਿਧਾਇਕਾ ਰਾਜਿੰਦਰਪਾਲ ਕੌਰ ਛੀਨਾ ਨੇ ਅੱਜ ਸੜਕ ਨੂੰ ਬਣਾਉਣ ਦੇ ਕੰਮ ਦਾ ਉਦਘਾਟਨ ਕੀਤਾ, ਜਿਸ ਨਾਲ ਸੰਗਤਾਂ ਅਤੇ ਪ੍ਰਬੰਧਕਾਂ ਵਿਚ ਖੁਸ਼ੀ ਦਾ ਮਾਹੌਲ ਦੇਖਣ ਨੂੰ ਮਿਲਿਆ | ਵਿਧਾਇਕ ਛੀਨਾ ਨੇ ਕਿਹਾ ਕਿ ਕੈਂਪਾ ਕੋਲਾ ਰੋਡ, ਪਿੰਡ ਢੰਡਾਰੀ ਕਲਾਂ ਤੋਂ ਹਰ ਵੱਖ-ਵੱਖ ਸੜਕਾਂ ਦਾ ਨਿਰਮਾਣ ਅਰਸੇ ਤੋਂ ਲੰਬਿਤ ਪਿਆ ਸੀ, ਜਿਸ ਦੀ ਹੁਣ ਸ਼ੁਰੂਆਤ ਕਰਵਾਈ ਗਈ ਹੈ | ਇਸ ਮੌਕੇ ਵਾਰਡ ਨੰਬਰ 32 ਤੋਂ ਕੌਂਸਲਰ ਜਸਵਿੰਦਰ ਸਿੰਘ ਵੀਰੂ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਗੁਰਦੁਆਰਾ ਸਾਹਿਬ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਗੁਰੀ ਤੇ ਸੁਖਦੇਵ ਸਿੰਘ ਨੇ ਸੜਕ ਦਾ ਕੰਮ ਸ਼ੁਰੂ ਕਰਵਾਉਣ ਲਈ ਜਿੱਥੇ ਵਿਧਾਇਕਾ ਛੀਨਾ ਦਾ ਧੰਨਵਾਦ ਕੀਤਾ, ਉਥੇ ਹੀ ਪੇਸ਼ ਆ ਰਹੀਆਂ ਕੁੱਝ ਸਮੱਸਿਆਵਾਂ ਨੂੰ ਲੈ ਕੇ ਇਕ ਮੰਗ ਪੱਤਰ ਵੀ ਵਿਧਾਇਕਾ ਛੀਨਾ ਨੂੰ ਸੌਂਪਿਆ | ਪ੍ਰਬੰਧਕਾਂ ਨੇ ਮੰਗ ਕੀਤੀ ਕਿ ਕੋਕਾ ਕੋਲਾ ਸੜਕ ਦਾ ਨਾਮ ਗੁਰਦੁਆਰਾ ਸਾਹਿਬ ਦੇ ਨਾਮ 'ਤੇ ਰੱਖਿਆ ਜਾਵੇ | ਵਿਧਾਇਕਾ ਛੀਨਾ ਨੇ ਗੁਰਦੁਆਰਾ ਸਾਹਿਬ ਦੇ ਪ੍ਰਬੰਧਕਾਂ ਨੂੰ ਵਿਸ਼ਵਾਸ ਦਿਵਾਇਆ ਕਿ ਉਨ੍ਹਾਂ ਨੂੰ ਪੇਸ਼ ਆ ਰਹੀਆਂ ਸਮੱਸਿਆਵਾਂ ਦਾ ਜਲਦ ਹੱਲ ਕੀਤਾ ਜਾਵੇਗਾ | ਇਸ ਮੌਕੇ ਪ੍ਰਧਾਨ ਗੁਰਪ੍ਰੀਤ ਸਿੰਘ, ਪ੍ਰਧਾਨ ਸੁਖਦੇਵ ਸਿੰਘ ਘੁੱਕਾ, 'ਆਪ' ਆਗੂ ਸੁਖਦੇਵ ਸਿੰਘ, ਨਿਰਮਲ ਸਿੰਘ ਸਕੱਤਰ, 'ਆਪ' ਆਗੂ ਕ੍ਰਿਸ਼ਨ ਕੁਮਾਰ ਢੰਡਾਰੀ, ਮੋਹਣ ਸਿੰਘ ਕੈਸ਼ੀਅਰ, ਗੁਰਜੀਤ ਸਿੰਘ, ਅਲਵੇਲ ਸਿੰਘ, ਸੰਤੋਖ ਸਿੰਘ, ਪ੍ਰੇਮ ਸਿੰਘ, ਰਣਜੀਤ ਸਿੰਘ, ਮਲਕੀਤ ਸਿੰਘ, ਬਲਜੀਤ ਸਿੰਘ, ਨਵੀ ਗਰਚਾ, ਗੁਰਪ੍ਰੀਤ ਸਿੰਘ ਗੋਰਾ, ਜਸਵੀਰ ਸਿੰਘ ਨੰਬਰਦਾਰ, ਮਨਪ੍ਰੀਤ ਸਿੰਘ ਗੋਲਡੀ ਗਰਚਾ, ਸੁਰਿੰਦਰ ਸਿੰਘ, ਪਿਸ਼ੌਰਾ ਸਿੰਘ, ਗੁਰਦੇਵ ਸਿੰਘ ਮਾਨ, ਕੁਲਵੰਤ ਸਿੰਘ ਗਰੇਵਾਲ, ਅਮਰੀਕ ਸਿੰਘ, ਕੁਲਵਿੰਦਰ ਸਿੰਘ, ਬਾਲਾ, ਬਲਰਾਜ ਸਿੰਘ, ਜਗਤਾਰ ਸਿੰਘ, ਹਰਵਿੰਦਰ ਸਿੰਘ ਆਦਿ ਹਾਜ਼ਰ ਸਨ |