ਹੰਬੜਾਂ, 19 ਫਰਵਰੀ (ਮੇਜਰ ਹੰਬੜਾਂ)-ਵਿਕਾਸ ਕਾਰਜਾਂ ਦੇ ਮਸੀਹਾ ਵਜੋਂ ਜਾਣੇ ਜਾਂਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ਹਮੇਸ਼ਾਂ ਹੀ ਲੋਕਾਂ ਦੀਆਂ ਮੁਸ਼ਕਿਲਾਂ ਨੂੰ ਲੈ ਕੇ ਸੰਜੀਦਾ ਰਹੇ ਹਨ, ਜਿਨ੍ਹਾਂ ਦੇ ਯਤਨਾਂ ਸਦਕਾ ਹਲਕਾ ਦਾਖਾ ਅੰਦਰ ਵੱਡੇ ਵਿਕਾਸ ਕਾਰਜ ਨਪੇਰੇ ਚੜੇ ਹਨ ਤੇ ਅੱਜ ਉਨ੍ਹਾਂ ਦੇ ਯਤਨਾਂ ਸਦਕਾ ਬਣ ਰਹੀ ਲੁਧਿਆਣਾ, ਹੰਬੜਾਂ, ਸਿੱਧਵਾਂ ਬੇਟ ਮੁੱਖ ਸੜਕ ਤੇ ਪ੍ਰੀਮਿਕਸ ਪਾਉਣ ਦੇ ਕੰਮ ਸ਼ੁਰੂ ਹੋਏ ਤੇ ਸ. ਇਯਾਲੀ ਨੇ ਚੱਲ ਰਹੇ ਕੰਮਾਂ ਦਾ ਜਾਇਜ਼ਾ ਲਿਆ ਤੇ ਚੱਲ ਰਹੇ ਕੰਮਾਂ 'ਤੇ ਪੂਰੀ ਤਸ਼ੱਲੀ ਪ੍ਰਗਟਾਈ | ਇਸ ਮੌਕੇ ਵਿਧਾਇਕ ਇਯਾਲੀ ਨੇ ਕਿਹਾ ਕਿ ਇਸ ਸੜਕ ਦੀ ਖਾਸਤਾ ਹਾਲਤ ਨੂੰ ਦੇਖਦਿਆਂ ਮੇਰੇ ਵਲੋਂ ਨਿੱਜੀ ਜੇਬ 'ਚੋਂ ਖ਼ਰਚ ਕਰਦਿਆਂ ਕੁਝ ਸਮਾਂ ਪਹਿਲਾਂ ਪੈਚਵਰਕ ਦੇ ਕੰਮ ਕਰਵਾ ਕੇ ਸਰਕਾਰ ਤੇ ਮਹਿਕਮੇ ਕੋਲ ਸੜਕ ਬਣਾਏ ਜਾਣ ਦਾ ਮੁੱਦਾ ਚੁੱਕਿਆ ਗਿਆ ਸੀ, ਜਿਸ ਕਾਰਨ ਸੜਕ ਤੇ ਪ੍ਰੀਮਿਕਸ ਪਾਏ ਜਾਣ ਦੇ ਕੰਮ ਸ਼ੁਰੂ ਹੋ ਸਕੇ ਹਨ | ਇਸ ਮੌਕੇ ਪ੍ਰਵਾਸੀ ਭਾਰਤੀ ਹਰਦੀਪ ਸਿੰਘ ਭੰਗੂ, ਸਾਬਕਾ ਸਰਪੰਚ ਪ੍ਰਗਟ ਸਿੰਘ ਢਿੱਲੋਂ, ਨੰਬਰਦਾਰ ਰਣਜੀਤ ਸਿੰਘ ਭੰਗੂ, ਪ੍ਰਧਾਨ ਬਲਜਿੰਦਰ ਸਿੰਘ ਭੰਗੂ ਨੇ ਜਿੱਥੇ ਵਿਧਾਇਕ ਇਯਾਲੀ ਵਲੋਂ ਕੀਤੇ ਯਤਨਾਂ ਸਦਕਾ ਸੜਕ 'ਤੇ ਪ੍ਰੀਮਿਕਸ ਪਾਏ ਜਾਣ ਦੇ ਸ਼ੁਰੂ ਹੋਏ ਕੰਮਾਂ ਲਈ ਉਨ੍ਹਾਂ ਦਾਂ ਧੰਨਵਾਦ ਕੀਤਾ, ਉੱਥੇ ਉਨ੍ਹਾਂ ਕਿਹਾ ਕਿ ਵਿਧਾਇਕ ਇਯਾਲੀ ਨੇ ਹਮੇਸ਼ਾਂ ਹੀ ਲੋਕ ਮਸਲਿਆਂ ਨੂੰ ਬਾਖੂਬੀ ਸਰਕਾਰਾਂ ਤੱਕ ਪੁਹੰਚਾਇਆਂ | ਲੋਕਾਂ ਦਾ ਉਕਤ ਸੜਕ ਤੋਂ ਲੰਘਣਾ ਮੁਸ਼ਕਿਲ ਹੋ ਚੁੱਕਿਆ ਸੀ ਤੇ ਆਏ ਦਿਨ ਸੜਕ 'ਤੇ ਹਾਦਸੇ ਵਾਪਰ ਰਹੇ ਸਨ, ਜਿਸ ਤੋਂ ਹੁਣ ਲੋਕਾਂ ਨੂੰ ਰਾਹਿਤ ਮਿਲੇਗੀ |