ਲੁਧਿਆਣਾ, 19 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਹਲਵਾਰਾ ਹਵਾਈ ਅੱਡੇ ਤੋਂ ਕੇਂਦਰ ਸਰਕਾਰ ਨੰਦੇੜ ਤੇ ਪਟਨਾ ਸਾਹਿਬ ਦੀਆਂ ਉਡਾਣਾਂ ਦੀ ਸ਼ੁਰੂਆਤ ਕਰੇ | ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਪੰਜਾਬੀ ਵਿਕਾਸ ਮੰਚ ਦੇ ਪ੍ਰਧਾਨ ਜਤਿੰਦਰ ਪਾਲ ਸਿੰਘ ਸਲੂਜਾ ਨੇ ਕੀਤਾ | ਸਲੂਜਾ ਨੇ ਲੁਧਿਆਣਾ ਵਾਸੀਆਂ ਦੀ ਚਿਰੋਕਣੀ ਮੰਗ ਹਲਵਾਰਾ ਹਵਾਈ ਅੱਡਾ ਚਾਲੂ ਕਰਨ 'ਤੇ ਜਿੱਥੇ ਕੇਂਦਰ ਸਰਕਾਰ ਦਾ ਧੰਨਵਾਦ ਕੀਤਾ, ਉਥੇ ਕੇਂਦਰੀ ਹਵਾਬਾਜ਼ੀ ਮੰਤਰੀ ਰਾਮ ਮੋਹਨ ਨਾਇਡੂ ਨੂੰ ਵੀ ਅਪੀਲ ਕੀਤੀ ਕਿ ਇਸ ਹਵਾਈ ਅੱਡੇ ਤੋਂ ਦਿੱਲੀ ਦੀ ਉਡਾਨ ਸ਼ੁਰੂ ਹੋਣ ਜਾ ਰਹੀ ਹੈ, ਜਿਸ ਨਾਲ ਮਾਲਵਾ ਇਲਾਕੇ ਤੇ ਖ਼ਾਸ ਕਰਕੇ ਉਦਯੋਗਿਕ ਸ਼ਹਿਰ ਲੁਧਿਆਣਾ ਨੂੰ ਬਹੁਤ ਫ਼ਾਇਦਾ ਹੋਵੇਗਾ | ਉਨ੍ਹਾਂ ਕਿਹਾ ਕੇ ਇਸ ਦੇ ਨਾਲ ਹੀ ਮਾਲਵੇ ਦੀ ਸੰਗਤ ਵਾਸਤੇ ਤਖ਼ਤ ਸ੍ਰੀ ਹਜ਼ੂਰ ਸਾਹਿਬ ਤੇ ਤਖ਼ਤ ਸ੍ਰੀ ਪਟਨਾ ਸਾਹਿਬ ਵਾਸਤੇ ਵੀ ਉਡਾਣਾਂ ਸ਼ੁਰੂ ਕੀਤੀਆਂ ਜਾਣ ਕਿਉਂਕਿ ਰੇਲ ਦੇ ਸਫ਼ਰ ਵਿਚ ਕਈ ਦਿਨ ਲੱਗ ਜਾਂਦੇ ਹਨ ਤੇ ਭੀੜ ਵੀ ਬਹੁਤ ਹੁੰਦੀ ਹੈ, ਜਿਸ ਨਾਲ ਬਜ਼ੁਰਗਾਂ ਤੇ ਵਪਾਰੀਆਂ ਨੂੰ ਬਹੁਤ ਮੁਸ਼ਕਿਲ ਆਉਂਦੀ ਹੈ | ਇਸ ਲਈ ਉਪਰੋਕਤ ਸਮੱਸਿਆ ਨੂੰ ਮੁੱਖ ਰੱਖਦੇ ਹੋਏ ਦਿੱਲੀ ਦੀ ਉਡਾਨ ਦੇ ਨਾਲ-ਨਾਲ ਨਾਂਦੇੜ ਤੇ ਪਟਨਾ ਸਾਹਿਬ ਦੀ ਉਡਾਨ ਵੀ ਵਾਜਬ ਰੇਟ 'ਤੇ ਸ਼ੁਰੂ ਕੀਤੀ ਜਾਵੇ |