ਸਰਕਾਰ ਜੀ! ਇਕ ਨਜ਼ਰ ਇੱਧਰ ਵੀ... <br/>
ਅਜੀਤ ਡੈਸਕ
20-02-2026
ਆਲਮਗੀਰ, 19 ਫਰਵਰੀ-ਲੁਧਿਆਣਾ ਸ਼ਹਿਰ ਦੇ ਮਹਾਂਨਗਰ ਬਣਨ ਵੱਲ ਤੇਜ਼ੀ ਨਾਲ ਵੱਧ ਰਹੇ ਕਦਮ, ਜਿੱਥੇ ਪੰਜਾਬ ਦੀ ਤਰੱਕੀ ਨੂੰ ਦਰਸਾਉਂਦੇ ਹਨ, ਉਥੇ ਹੀ ਸਨਅਤੀ ਸ਼ਹਿਰ ਲੁਧਿਆਣਾ ਦੇ ਆਸ-ਪਾਸ ਵਸੇ ਪਿੰਡਾਂ ਵਿਚ ਲੱਗ ਰਹੇ ਕੂੜੇ ਦੇ ਢੇਰ ਲੋਕਾਂ ਲਈ ਗੰਭੀਰ ਬਿਮਾਰੀਆਂ ਦਾ ਕਾਰਨ ਵੀ ਬਣ ਸਕਦੇ ਹਨ¢ ਇਸ ਸਬੰਧੀ ਜਦੋਂ ਗਹਿਰਾਈ ਨਾਲ ਖੋਜ-ਬੀਨ ਕੀਤੀ ਗਈ ਤਾਂ ਪਤਾ ਲੱਗਾ ਕਿ ਮਹਾਂਨਗਰ ਲੁਧਿਆਣਾ ਅੰਦਰ ਜਨਤਕ ਥਾਵਾਂ 'ਤੇ ਕੂੜਾ ਸੁੱਟਣ ਵਾਲੇ ਸ਼ਖ਼ਸ ਨੂੰ ਪਹਿਚਾਣ ਕੇ ਜੁਰਮਾਨੇ ਕੀਤੇ ਜਾ ਰਹੇ ਹਨ, ਉਥੇ ਹੀ ਦੂਸਰੀ ਵਾਰ ਫੜੇ ਜਾਣ 'ਤੇ ਕਾਨੂੰਨੀ ਕਾਰਵਾਈ ਦਾ ਵੀ ਸਾਹਮਣਾ ਕਰਨਾ ਪੈ ਸਕਦਾ ਹੈ, ਜਿਸ ਤੋਂ ਡਰਦੇ ਲੋਕ ਹੋਣ ਆਪਣੇ ਘਰਾਂ ਅਤੇ ਵਪਾਰਕ ਅਦਾਰਿਆਂ ਦਾ ਕੂੜਾ ਬੋਰੀਆਂ, ਥੈਲਿਆਂ ਜਾਂ ਲਿਫ਼ਾਫ਼ਿਆਂ ਵਿਚ ਭਰ ਕੇ ਲੁਧਿਆਣਾ ਦੇ ਐਂਟਰੀ ਪੁਆਇੰਟਾਂ (ਸ਼ਹਿਰ ਦੇ ਬਾਹਰੀ ਇਲਾਕਿਆਂ) ਦੀਆਂ ਸੜਕਾਂ ਕਿਨਾਰੇ ਰਾਤ-ਬਰਾਤੇ ਸੁੱਟ ਰਹੇ ਹਨ, ਜਿਸ ਕਾਰਨ ਸ਼ਹਿਰ ਦੇ ਅੰਦਰੂਨੀ ਹਿੱਸਿਆਂ ਦੇ ਨਾਲ-ਨਾਲ ਅਤੇ ਲੁਧਿਆਣਾ ਸ਼ਹਿਰ 'ਚ ਦਾਖ਼ਲ ਹੋਣ ਵਾਲੇ ਸਾਰੇ ਰਸਤਿਆਂ ਦੀਆਂ ਸੜਕਾਂ ਕਿਨਾਰੇ ਲੱਗੇ ਗੰਦਗੀ ਦੇ ਢੇਰ, ਜਿੱਥੇ ਲੋਕਾਂ ਲਈ ਗੰਭੀਰ ਬਿਮਾਰੀਆਂ ਦਾ ਕਾਰਨ ਬਣ ਸਕਦੇ ਹਨ, ਉਥੇ ਹੀ ਪੰਜਾਬ ਦੀ ਆਰਥਿਕ ਰਾਜਧਾਨੀ ਅਖਵਾਉਣ ਵਾਲੇ ਸ਼ਹਿਰ ਲੁਧਿਆਣਾ ਦੀ ਸੁੰਦਰਤਾ ਨੂੰ ਵੀ ਗ੍ਰਹਿਣ ਲਗਾ ਰਹੇ ਹਨ ¢ ਇਸ ਤੋਂ ਇਲਾਵਾ ਇਨਾਂ ਗੰਦਗੀ ਦੇ ਢੇਰਾਂ ਤੋਂ ਉਠਦੀ ਬਦਬੂ ਕਾਰਨ ਜਿੱਥੇ ਆਸ-ਪਾਸ ਦੇ ਲੋਕਾਂ ਦਾ ਜੀਉਣ ਮੁਸ਼ਕਿਲ ਹੋ ਜਾਂਦਾ ਹੈ, ਉਥੇ ਹੀ ਹਵਾ ਚੱਲਣ 'ਤੇ ਉਕਤ ਗੰਦਗੀ ਦੇ ਢੇਰਾਂ ਤੋਂ ਗੰਦੇ ਪਲਾਸਟਿਕ ਦੇ ਲਿਫ਼ਾਫ਼ੇ ਅਤੇ ਹੋਰ ਕੂੜਾ-ਕਰਕਟ ਉਡ ਕੇ ਰਾਹਗੀਰਾਂ ਦੀਆਂ ਅੱਖਾਂ ਵਿਚ ਪੈਂਦਾ ਹੈ, ਜਿਸ ਕਾਰਨ ਸੜਕੀ ਹਾਦਸੇ ਦਾ ਵੀ ਡਰ ਲਗਾਤਾਰ ਬਣਿਆ ਰਹਿੰਦਾ ਹੈ ¢ ਕੂੜੇ ਦੇ ਢੇਰਾਂ 'ਤੇ ਵੱਡੀ ਗਿਣਤੀ ਵਿਚ ਪਾਏ ਜਾਂਦੇ ਪਲਾਸਟਿਕ ਦੇ ਲਿਫ਼ਾਫ਼ੇ ਸਾਬਿਤ ਕਰਦੇ ਹਨ ਕਿ ਜ਼ਿਲ੍ਹਾ ਪ੍ਰਸ਼ਾਸਨ ਦੀ ਪਲਾਸਟਿਕ ਲਿਫ਼ਾਫ਼ਿਆਂ ਦੀ ਵਿੱਕਰੀ ਨੂੰ ਰੋਕਣ 'ਤੇ ਕੋਈ ਪਕੜ ਜਾਂ ਦਿਲਚਸਪੀ ਨਹੀਂ ਹੈ¢ ਲੋਕਾਂ ਦੀ ਸਿਹਤ ਅਤੇ ਸਹੂਲਤ ਨੂੰ ਮੁੱਖ ਰੱਖਦੇ ਹੋਏ ਜ਼ਿਲ੍ਹਾ ਪ੍ਰਸ਼ਾਸਨ ਸ਼ਹਿਰ ਦੇ ਐਂਟਰੀ ਪੁਆਇੰਟਾਂ ਦੀਆਂ ਸੜਕਾਂ ਦੇ ਕਿਨਾਰਿਆਂ 'ਤੇ ਪਈ ਗੰਦਗੀ ਸਾਫ਼ ਕਰਵਾਉਣ ਦਾ ਕੰਮ ਕਰਵਾਏ ਤਾਂ ਜੋ ਲੋਕਾਂ ਨੂੰ ਸਾਫ਼-ਸੁਥਰਾ ਵਾਤਾਵਰਣ ਅਤੇ ਸ਼ੁੱਧ ਹਵਾ ਮਿਲ ਸਕੇ |