ਢੰਡਾਰੀ ਕਲਾਂ/ਲੁਧਿਆਣਾ, 29 ਜਨਵਰੀ (ਜਸਵੀਰ ਸਿੰਘ ਬੰਗਾ)-ਉਦਯੋਗਿਕ ਖੇਤਰ-ਸੀ 'ਚ ਲੱਗ ਰਹੇ ਬਿਜਲੀ ਦੇ ਅਣ-ਐਲਾਨੇ ਕੱਟਾਂ ਕਾਰਨ ਜਿੱਥੇ ਉਦਯੋਗਪਤੀਆਂ ਦਾ ਨੁਕਸਾਨ ਹੋ ਰਿਹਾ ਹੈ, ਉਥੇ ਹੀ ਲੇਬਰ ਦੀ ਘਾਟ ਨਾਲ ਜੂਝ ਰਹੇ ਕਾਰੋਬਾਰੀਆਂ ਨੂੰ ਦੋਹਰੀ ਮਾਰ ਝੱਲਣੀ ਪੈ ਰਹੀ ਹੈ | ਇਸ ਸਬੰਧੀ ਗੱਲਬਾਤ ਕਰਦਿਆਂ ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੇ ਪ੍ਰਧਾਨ ਹਰੀਸ਼ ਢਾਂਡਾ, ਉਪ ਪ੍ਰਧਾਨ ਮਨਜੀਤ ਸਿੰਘ, ਫਾਈਨਾਂਸ ਡਾਇਰੈਕਟਰ ਜਤਿੰਦਰ ਰਿੰਕਾ, ਡਾਇਰੈਕਟਰ ਵਿਨੋਦ ਬੱਤਾ ਤੇ ਡਾਇਰੈਕਟਰ ਰਮੇਸ਼ ਕੱਕੜ ਨੇ ਦੱਸਿਆ ਕਿ ਪਿਛਲੇ ਦਿਨੀਂ ਆਈ ਬਰਸਾਤ ਤੋਂ ਬਾਅਦ ਗਿਆਸਪੁਰਾ, ਢੰਡਾਰੀ ਕਲਾਂ, ਈਸਟਮੈਨ ਚੌਕ, ਜਸਪਾਲ ਬਾਂਗਰ ਸਮੇਤ ਹੋਰਨਾਂ ਇਲਾਕਿਆਂ ਵਿਚ ਬਿਜਲੀ ਦੀ ਸਮੱਸਿਆ ਬੁਰੀ ਤਰ੍ਹਾਂ ਨਾਲ ਪ੍ਰਭਾਵਿਤ ਹੋਈ ਹੈ | ਉਨ੍ਹਾਂ ਕਿਹਾ ਕਿ ਕਈ ਕਈ ਘੰਟਿਆਂ ਦੇ ਲੱਗ ਰਹੇ ਬਿਜਲੀ ਕੱਟਾਂ ਕਾਰਨ ਉਦਯੋਗਪਤੀਆਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਉਨ੍ਹਾਂ ਕਿਹਾ ਕਿ ਹਰ ਵਾਰ ਪਾਵਰਕਾਮ ਅਧਿਕਾਰੀਆਂ ਵਲੋਂ ਕਦੇ 220 ਕੇ.ਵੀ. ਬੰਦ ਹੋਣ ਬਾਰੇ ਕਹਿ ਦਿੱਤਾ ਜਾਂਦਾ ਅਤੇ ਕਦੇ 66 ਕੇ.ਵੀ. ਬੰਦ ਹੋਣ ਬਾਰੇ, ਉਨ੍ਹਾਂ ਕਿਹਾ ਕਿ ਜੇਕਰ ਇਹ ਦੋਵੇਂ ਫੀਡਰ ਬੰਦ ਹੁੰਦੇ ਹਨ ਤਾਂ ਪੂਰੇ ਇਲਾਕੇ ਦੀ ਬਿਜਲੀ ਗੁੱਲ ਹੋਵੇਗੀ, ਪਰ ਪਾਵਰਕਾਮ ਅਧਿਕਾਰੀਆਂ ਵਲੋਂ ਉਦਯੋਗਪਤੀਆਂ ਨੂੰ ਜਾਣਬੁੱਝ ਕੇ ਗੁੰਮਰਾਹ ਕੀਤਾ ਜਾ ਰਿਹਾ ਹੈ | ਚੈਂਬਰ ਆਫ਼ ਇੰਡਸਟਰੀਅਲ ਐਸੋਸੀਏਸ਼ਨ ਦੇ ਮੈਂਬਰਾਂ ਨੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਤੋਂ ਮੰਗ ਕੀਤੀ ਕਿ ਉਦਯੋਗਿਕ ਖੇਤਰ ਸੀ ਵਿਚ ਸਥਾਪਿਤ ਉਦਯੋਗਿਕ ਇਕਾਈਆਂ ਨੂੰ ਪੇਸ਼ ਆ ਰਹੀ ਬਿਜਲੀ ਦੀ ਸਮੱਸਿਆ ਦਾ ਕੋਈ ਪੱਕਾ ਹੱਲ ਕੱਢਿਆ ਜਾਵੇ |