ਹੰਬੜਾਂ, 22 ਜਨਵਰੀ (ਮੇਜਰ ਹੰਬੜਾਂ)-ਪਿੰਡ ਖਹਿਰਾ ਬੇਟ ਦੇ ਲੋਕਾਂ ਵਲੋਂ ਸਤਲੁਜ ਦਰਿਆ 'ਚ ਕੱਕੇ ਰੇਤੇ ਦੀ ਨਾਜਾਇਜ਼ ਤੌਰ 'ਤੇ ਮਾਈਨਿੰਗ ਕਰਨ ਦੇ ਦੋਸ਼ ਲਗਾਉਂਦਿਆਂ ਸਰਕਾਰ ਤੇ ਖੱਡ ਚਲਾ ਰਹੀ ਫਰਮ ਵਿਰੁੱਧ ਜੰਮ ਕੇ ਨਾਅਰੇਬਾਜ਼ੀ ਕੀਤੀ | ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ, ਪ੍ਰਧਾਨ ਮਨਜੀਤ ਸਿੰਘ ਹੰਬੜਾਂ, ਕਾਂਗਰਸ ਦੇ ਬਲਾਕ ਪ੍ਰਧਾਨ ਬਾਦਸ਼ਾਹ ਸਿੰਘ ਲਾਡੋਵਾਲ, ਕਾਮਰੇਡ ਜਤਿੰਦਰਪਾਲ ਸਿੰਘ ਰਾਣਾ, ਕਾਮਰੇਡ ਰਵਿੰਦਰਪਾਲ ਸਿੰਘ ਰਾਜੂ ਵਲੋਂ ਖਹਿਰਾ ਬੇਟ 'ਚ ਚੱਲ ਰਹੇ ਰੇਤੇ ਦੇ ਟੱਕ ਨੂੰ ਇਕੱਤਰ ਲੋਕਾਂ ਦੀ ਮੱਦਦ ਨਾਲ ਜ਼ਬਰੀ ਬੰਦ ਕਰਵਾਇਆ ਗਿਆ ਤੇ ਮੌਕੇ 'ਤੇ ਹੀ ਪੋਪਲੇਨ ਮਸ਼ੀਨਾਂ ਨੂੰ ਦਰਿਆ 'ਚੋਂ ਬਾਹਰ ਕਢਵਾਇਆ ਗਿਆ | ਉਸ ਸਮੇਂ ਸਥਿਤੀ ਤਣਾਪੂਰਨ ਬਣ ਗਈ ਜਦੋਂ ਮਾਈਨਿੰਗ ਕਰਨ ਵਾਲੇ ਤੇ ਪਿੰਡਾਂ ਦੇ ਲੋਕ ਆਹਮੋ-ਸਾਹਮਣੇ ਹੋ ਗਏ ਤੇ ਮਾਈਨਿੰਗ ਵਿਭਾਗ ਤੇ ਠੇਕੇਦਾਰ ਇਸ ਖੱਡ ਨੂੰ ਜਾਇਜ਼ ਦੱਸ ਰਹੇ ਸਨ ਤੇ ਲੋਕ ਇਸ ਖੱਡ ਦਾ ਡੱਟਵਾਂ ਵਿਰੋਧ ਕਰ ਰਹੇ ਸਨ | ਮਾਈਨਿੰਗ ਵਿਭਾਗ ਦੇ ਐੱਸ.ਡੀ.ਓ. ਵਿਰਕ ਨੇ ਵੀ ਇਸ ਰੇਤੇ ਦੀ ਖੱਡ ਨੂੰ ਜਾਇਜ਼ ਦੱਸਿਆ ਪਰ ਸਾਬਕਾ ਵਿਧਾਇਕ ਵੈਦ, ਪ੍ਰਧਾਨ ਹੰਬੜਾਂ, ਸਰਪੰਚ ਬਾਦਸ਼ਾਹ ਵਲੋਂ ਖੱਡ ਨੂੰ ਨਾਜਾਇਜ਼ ਦੱਸਦਿਆਂ ਮਾਈਨਿੰਗ ਕਰਨ ਵਾਲਿਆਂ ਵਿਰੁੱਧ ਪਰਚਾ ਦਰਜ ਕਰਨ ਦੀ ਮੰਗ ਕੀਤੀ | ਸਾਬਕਾ ਸਰਪੰਚ ਹਰਦੀਪ ਸਿੰਘ ਲੱਕੀ ਖਹਿਰਾ, ਕਾਂਗਰਸੀ ਆਗੂ ਇੰਦਰਜੀਤ ਸਿੰਘ ਗਿੱਲ, ਨੰਬਰਦਾਰ ਸਤਿੰਦਰਪਾਲ ਸਿੰਘ ਭੋਲਾ ਨੇ ਕਿਹਾ ਕਿ ਅਸੀਂ ਇਹ ਖੱਡ ਨਹੀਂ ਚੱਲਣ ਦੇਵਾਂਗੇ | ਉਨ੍ਹਾਂ ਦੱਸਿਆ ਕਿ ਸਤਲੁਜ ਦਰਿਆ ਧੁੱਸੀ ਬੰਨ੍ਹ ਦੇ ਨਾਲ ਚੱਲ ਰਿਹਾ ਹੈ ਜੇਕਰ ਇਥੋਂ ਰੇਤ ਚੁੱਕੀ ਜਾਂਦੀ ਹੈ ਤਾਂ ਪਾਣੀ ਦਾ ਵਹਾਅ ਬੰਨ੍ਹ ਦੇ ਨਾਲ ਬਣ ਜਾਵੇਗਾ ਤੇ ਇਥੋਂ ਬੰਨ੍ਹ ਦੀ ਹਾਲਤ ਪਹਿਲਾਂ ਹੀ ਨਾਜ਼ੁਕ ਬਣੀ ਹੋਈ ਹੈ ਤੇ ਬੰਨ੍ਹ ਟੁੱਟਣ ਦੀ ਹਾਲਤ 'ਚ ਖਹਿਰਾ ਬੇਟ ਪਿੰਡ ਸਮੇਤ ਦਰਜਨਾਂ ਪਿੰਡ ਪਾਣੀ 'ਚ ਡੁੱਬ ਜਾਣਗੇ ਜੋ ਕਿ ਅਸੀਂ ਕਿਸੇ ਵੀ ਹਾਲਤ 'ਚ ਹੋਣ ਨਹੀਂ ਦੇਵਾਂਗੇ | ਇਸ ਮੌਕੇ ਸਰਪੰਚ ਗੁਰਪ੍ਰੀਤ ਸਿੰਘ ਢੇਸੀ, ਐਡਵੋਕੇਟ ਗੁਰਦੇਵ ਸਿੰਘ ਨੂਰਪੁਰ ਬੇਟ, ਪੰਚ ਰੁਪਿੰਦਰ ਸਿੰਘ ਰੂਪੀ, ਪੰਚ ਗੁਰਦੀਪ ਸਿੰਘ, ਮਨਪ੍ਰੀਤ ਸਿੰਘ ਗੇਜਾ, ਸਾਬਕਾ ਸਰਪੰਚ ਭੁਪਿੰਦਰਪਾਲ ਸਿੰਘ ਚਾਵਲਾ, ਸਾਬਕਾ ਸਰਪੰਚ ਰਾਜਿੰਦਰ ਸਿੰਘ ਗੋਰਸੀਆਂ, ਸਵਰਨ ਸਿੰਘ ਖਹਿਰਾ, ਜਸਵਿੰਦਰ ਸਿੰਘ ਕਾਲਾ ਸਮੇਤ ਹੋਰ ਕਿਸਾਨ ਤੇ ਪਿੰਡ ਵਾਸੀ ਮੌਜੂਦ ਸਨ |