ਮੁੱਲਾਂਪੁਰ-ਦਾਖਾ, 22 ਜਨਵਰੀ (ਨਿਰਮਲ ਸਿੰਘ ਧਾਲੀਵਾਲ)-ਅੱਜ ਸਰਕਾਰੀ ਅਤੇ ਨਿੱਜੀ ਸਕੂਲਾਂ ਦੇ ਵਿਦਿਆਰਥੀਆਂ ਨੂੰ ਘਰ ਤੋਂ ਸਕੂਲ ਅਤੇ ਸਕੂਲ ਤੋਂ ਘਰ ਛੱਡਣ ਵਾਲੀਆਂ 2 ਨਿੱਜੀ ਬੱਸਾਂ ਵਿਚਕਾਰ ਪਿੰਡ ਰਾਣਕੇ ਨੇੜੇ ਸਿੱਧੀ ਟੱਕਰ ਸਮੇਂ ਜਿਥੇ ਬੱਸ ਡਰਾਈਵਰ ਜ਼ਖ਼ਮੀ ਹੋ ਗਏ, ਉਥੇ ਸਕੂਲ ਵਿਦਿਆਰਥੀ ਬੱਚੇ ਵਾਲ-ਵਾਲ ਬਚੇ | ਥਾਣਾ ਦਾਖਾ ਤੋਂ ਉਕਤ ਘਟਨਾ ਬਾਰੇ ਜਾਣਕਾਰੀ ਲਈ ਤਾਂ ਉਨ੍ਹਾਂ ਦੱਸਿਆ ਕਿ ਹਾਦਸੇ ਦੌਰਾਨ ਵਿਦਿਆਰਥੀ ਛੋਟੇ ਬੱਚੇ ਪੂਰੀ ਤਰ੍ਹਾਂ ਸੁਰੱਖਿਅਤ ਰਹੇ | ਸਕੂਲ ਬੱਸਾਂ ਦੀ ਟੱਕਰ ਬਾਅਦ ਵਿਦਿਆਰਥੀਆਂ ਦੇ ਮਾਪਿਆਂ ਦਾ ਚਿੰਤਤ ਹੋਣਾ ਕੁਦਰਤੀ ਹੈ | ਸਕੂਲ ਬੱਸਾਂ ਲਈ ਸਮਾਜਿਕ ਸੁਰੱਖਿਆ, ਇਸਤਰੀ ਅਤੇ ਬਾਲ ਵਿਕਾਸ ਮੰਤਰੀ ਡਾ: ਬਲਜੀਤ ਕੌਰ ਸਕੂਲ ਬੱਸਾਂ ਲਈ ਟਰਾਂਸਪੋਰਟ ਵਿਭਾਗ ਦੇ ਨਿਯਮਾਂ ਅਤੇ ਸੇਫ ਸਕੂਲ ਵਾਹਨ ਪਾਲਿਸੀ ਦੀ ਪਾਲਣਾ ਲਈ ਸਖ਼ਤ ਆਦੇਸ਼ ਦਿੱਤਾ ਹੋਇਆ, ਜਿਵੇਂ ਕਿ ਸਕੂਲ ਬੱਸਾਂ ਦੀਆਂ ਸਾਰੀਆਂ ਸੀਟਾਂ ਦਾ ਅੱਗੇ ਵੱਲ ਹੋਣਾ ਲਾਜ਼ਮੀ ਹੈ, ਜੁਗਾੜੂ ਸੀਟ ਨਹੀਂ ਲਗਾਈ ਜਾ ਸਕਦੀ | ਇਥੇ ਹੀ ਬੱਸ ਨਹੀਂ ਟੈਂਪਰ ਪਰੂਫ ਸਪੀਡ ਗਵਰਨਰ ਲੱਗਾ ਹੋਣ ਦੇ ਨਾਲ ਦਰਵਾਜ਼ਾ ਖੁੱਲ੍ਹਣ 'ਤੇ ਹਾਜ਼ਰਡ ਲਾਈਟ ਚਾਲੂ ਹੋਵੇ, ਸਾਰੇ ਵਾਹਨਾਂ ਦਾ ਅਪਡੇਟ ਆਰ.ਸੀ, ਬੀਮਾ, ਫਿਟਨੈੱਸ ਸਰਟੀਫਿਕੇਟ ਦੇ ਨਾਲ ਡਰਾਈਵਰ-ਕੰਡਕਟਰ ਕੋਲ ਮੈਡੀਕਲ ਫਿਟਨੈਸ ਰਿਪੋਰਟ, ਚਾਲਕ ਕੋਲ ਲਾਇਸੰਸ ਦੇ ਨਾਲ ਡਰਾਈਵਿੰਗ ਦਾ 5 ਸਾਲ ਤਜ਼ਰਬਾ ਹੋਣਾ ਚਾਹੀਦਾ | ਉਕਤ ਮੱਦਾਂ ਬਹੁਤੇ ਸਕੂਲਾਂ ਦੀਆਂ ਬੱਸਾਂ 'ਤੇ ਲਾਗੂ ਨਹੀਂ ਹੋ ਰਹੀਆਂ | ਡਰਾਈਵਰ, ਕੰਡਕਟਰ ਦੇ ਵਰਦੀ ਨਹੀਂ ਹੁੰਦੀ, ਹਾਦਸਾ ਹੋਣ 'ਤੇ ਡਰਾਈਵਰ ਬੱਸ ਵਿਚ ਸਵਾਰ ਬੱਚਿਆਂ ਨੂੰ ਛੱਡ ਕੇ ਭੱਜ ਨਿਕਲਦਾ | ਸਕੂਲਾਂ ਦੇ ਪ੍ਰਬੰਧਕਾਂ ਨੂੰ ਚਾਹੀਦਾ ਕਿ ਡਰਾਈਵਰ, ਕੰਡਕਟਰ ਤੋਂ ਲੈ ਕੇ ਬੱਸ ਤੱਕ ਨਿਯਮਾਂ ਦੀ ਪਾਲਣਾ ਲਈ ਯਕੀਨੀ ਬਣਾਇਆ ਜਾਵ, ਕਿਉਂਕਿ ਮਾਨਯੋਗ ਅਦਾਲਤ ਦਾ ਵੀ ਆਦੇਸ਼ ਹੈ ਕਿ ਸਕੂਲ ਬੱਸ ਭਾਵੇਂ ਕਿਸੇ ਵਿਅਕਤੀ ਵਿਸ਼ੇਸ਼ ਠੇਕੇਦਾਰ ਦੀ ਹੋਵੇ, ਪ੍ਰੰਤੂ ਬੱਸ ਨਿਯਮਾਂ ਦੀ ਪਾਲਣਾ ਕਰਵਾਉਣਾ ਸਕੂਲ ਪ੍ਰਬੰਧਕਾਂ ਦੀ ਜ਼ਿੰਮੇਵਾਰੀ ਹੈ | ਸੁਰੱਖਿਅਤ ਵਾਹਨ ਨੀਤੀ ਤਹਿਤ ਸਕੂਲ ਬੱਸਾਂ ਵਿਚ ਸੀ.ਸੀ.ਟੀ.ਵੀ ਕੈਮਰਿਆਂ ਦੇ ਨਾਲ ਬੱਸ ਸਟਾਫ਼ ਨੂੰ ਮੁੱਢਲੀ ਜੀਵਨ ਸਹਾਇਤਾ ਪ੍ਰਣਾਲੀ ਦੀ ਪੂਰੀ ਸਿਖਲਾਈ ਲਾਜ਼ਮੀ ਹੋਵੇ | ਅਦਾਲਤ ਵਲੋਂ ਇਹ ਵੀ ਆਦੇਸ਼ ਹੈ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰਾ ਨਾ ਕਰਦੀਆਂ ਬੱਸਾਂ ਵਿਰੁੱਧ ਟਰਾਂਸਪੋਰਟ ਵਿਭਾਗ ਸਖ਼ਤ ਕਾਰਵਾਈ ਕਰੇ |