ਲੁਧਿਆਣਾ, 20 ਜਨਵਰੀ (ਜਤਿੰਦਰ ਭੰਬੀ)-ਪੰਜਾਬ ਦੇ ਕਾਂਡਲਾ ਬੰਦਰਗਾਹ ਤੋਂ ਰੋਜ਼ਾਨਾ ਆਉਣ ਵਾਲੀਆਂ ਵੱਡੀਆਂ ਖੇਪਾਂ ਵਿਚ ਕੋਲੇ ਦੀ ਮਿਲਾਵਟ ਦਾ ਮੁੱਦਾ ਲਗਾਤਾਰ ਭਖਦਾ ਜਾ ਰਿਹਾ ਹੈ, ਜਿਸ ਨਾਲ ਭੱਠਾ ਕਾਰੋਬਾਰੀਆਂ ਨੂੰ ਕਈ ਕਿਸਮ ਦੀਆਂ ਮੁਸ਼ਕਿਲਾਂ ਦਾ ਤਾਂ ਸਾਹਮਣਾ ਕਰਨਾ ਪੈ ਹੀ ਰਿਹਾ ਹੈ, ਇਸ ਨਾਲ ਉਦਯੋਗ 'ਤੇ ਵੀ ਮਾੜਾ ਅਸਰ ਪੈ ਰਿਹਾ ਹੈ, ਜਿਸ ਨੂੰ ਦੇਖਦੇ ਹੋਏ ਭੱਠਾ ਵੈੱਲਫੇਅਰ ਯੂਨੀਅਨ ਦੀ ਇਕ ਅਹਿਮ ਮੀਟਿੰਗ ਪ੍ਰਧਾਨ ਇੰਦਰਪਾਲ ਸਿੰਘ ਵਾਲੀਆ ਦੀ ਪ੍ਰਧਾਨਗੀ ਹੇਠ ਹੋਈ | ਇਸ ਮੌਕੇ ਵਾਲੀਆ ਨੇ ਸਰਕਾਰ ਨੂੰ ਅਪੀਲ ਕਰਦੇ ਹੋਏ ਮੰਗ ਕੀਤੀ ਕਿ ਇਸ ਦੀ ਵੱਡੇ ਪੱਧਰ 'ਤੇ ਜਾਂਚ ਕਰਵਾਈ ਜਾਵੇ ਕਿ ਇਸ ਧਾਂਦਲੀ ਵਿਚ ਕੋਣ ਭਾਗੀਦਾਰ ਹੈ | ਪੰਜਾਬ ਭਰ 'ਚੋਂ ਪਹੁੰਚੇ ਭੱਠਾ ਮਾਲਕਾਂ 'ਚ ਕੇਵਲ ਕਿ੍ਸ਼ਨ ਗੋਇਲ ਚੇਅਰਮੈਨ ਜ਼ਿਲ੍ਹਾ ਸੰਗਰੂਰ, ਪਵਨ ਬਾਂਸਲ ਪ੍ਰਧਾਨ ਪਟਿਆਲਾ, ਸੁਰਿੰਦਰ ਤਾਂਗੜੀ, ਸੁਰਿੰਦਰ ਲੇਖੀ, ਦੁਨੀ ਚੰਦ ਮਿੱਤਲ, ਸੁਰਿੰਦਰ ਕੁਮਾਰ ਲੀਲਾ ਸੰਗਰੂਰ, ਦਵਿੰਦਰ ਸਿੰਘ ਵਾਲੀਆ, ਹਰਿੰਦਰ ਸਿੰਘ ਸਿੱਧੂ, ਯੋਗੇਸ਼ ਅਗਰਵਾਲ ਅਤੇ ਵਰਿੰਦਰ ਗੋਇਲ ਨੇ ਇਨਸਾਫ ਦੀ ਮੰਗ ਕਰਦਿਆਂ ਕਿਹਾ ਕਿ ਭੱਠਾ ਉਦਯੋਗ ਤਬਾਹੀ ਦੇ ਕੰਢੇ 'ਤੇ ਪਹੁੰਚ ਗਿਆ ਹੈ, ਸਰਕਾਰ ਨੂੰ ਚਾਹੀਦਾ ਕਿ ਉਹ ਧਿਆਨ ਦੇਵੇ | ਉਨ੍ਹਾਂ ਇਕ ਸੁਰ 'ਚ ਕਿਹਾ ਕਿ ਸੂਬੇ ਵਿਚ ਕਿਸੇ ਵੀ ਮਾਈਨਿੰਗ ਨੀਤੀ ਦੀ ਅਣਹੋਂਦ ਕਾਰਨ ਪੰਜਾਬ ਦਾ ਭੱਠਾ ਉਦਯੋਗ ਪਹਿਲਾਂ ਹੀ ਵੈਂਟੀਲੇਟਰ 'ਤੇ ਹੈ ਅਤੇ ਆਪਣੇ ਆਖਰੀ ਸਾਹਾਂ ਦੀ ਗਿਣਤੀ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਭੱਠਾ ਉਦਯੋਗ ਨੂੰ ਬਚਾਉਣ ਲਈ ਕੋਈ ਯਤਨ ਨਾ ਕੀਤੇ ਗਏ ਤਾਂ ਜਿੱਥੇ ਇਕ ਅੰਦਾਜ਼ੇ ਅਨੁਸਾਰ 5 ਲੱਖ ਮਜ਼ਦੂਰ ਵਿਹਲੇ ਹੋ ਜਾਣਗੇ, ਉਥੇ ਹੀ ਉਨ੍ਹਾਂ ਦੇ ਪਰਿਵਾਰਾਂ 'ਤੇ ਵੀ ਮਾੜਾ ਅਸਰ ਪਵੇਗਾ, ਜਿਸ ਦੀ ਜ਼ਿੰਮੇਵਾਰ ਕੇਂਦਰ ਅਤੇ ਪੰਜਾਬ ਸਰਕਾਰ ਹੋਵੇਗੀ | ਐਸੋ: ਦੇ ਮੈਂਬਰਾਂ ਨੇ ਕਿਹਾ ਕਿ ਕਾਂਡਲਾ ਬੰਦਰਗਾਹ ਤੋਂ ਪੰਜਾਬ ਤੱਕ ਪਹੁੰਚ ਰਿਹਾ ਕੋਲਾ ਘਟੀਆ ਗੁਣਵੱਤਾ ਦਾ ਤਾਂ ਹੈ ਹੀ, ਉਸ 'ਤੇ ਪਾਣੀ ਛਿੜਕ ਕੇ ਕੋਲੇ ਦਾ ਭਾਰ ਵਧਾ ਕੇ ਕਾਰੋਬਾਰੀਆਂ ਨਾਲ ਧੋਖਾ ਕੀਤਾ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਜੇਕਰ ਭੱਠਾ ਕਾਰੋਬਾਰੀਆਂ ਨਾਲ ਹੋ ਰਹੀ ਧੱਕੇਸ਼ਾਹੀ ਬੰਦ ਨਾ ਹੋਈ ਤਾਂ ਪੰਜਾਬ ਭਰ ਦੇ ਭੱਠਾ ਮਾਲਕਾਂ ਦੀ ਇਕ ਸੂਬਾ ਪੱਧਰੀ ਮੀਟਿੰਗ ਬੁਲਾ ਕੇ ਵੱਡਾ ਅੰਦੋਲਨ ਸ਼ੁਰੂ ਕੀਤਾ ਜਾਵੇਗਾ |