ਤਰਨ ਤਾਰਨ, 7 ਮਈ (ਪਰਮਜੀਤ ਜੋਸ਼ੀ)-ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੀਆਂ ਪ੍ਰਮੁੱਖ ਜਥੇਬੰਦੀਆਂ ਪੀ.ਐੱਸ.ਈ.ਬੀ. ਇੰਪਲਾਇਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰਜ਼, ਗਰਿੱਡ ਸਬ ਸਟੇਸ਼ਨ ਇੰਪਲਾਈਜ਼ ਯੂਨੀਅਨ, ਪਾਵਰਕਾਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ (ਸੰਬੰਧਿਤ ਏਟਕ), ਪੈਨਸ਼ਨਰ ਵੈਲਫੇਅਰ ਫੈਡਰੇਸ਼ਨ ਨਾਲ ਸੰਬੰਧਿਤ ਆਗੂਆਂ ਦੀ ਮੀਟਿੰਗ ਪਾਵਰ ਮੈਨੇਜਮੈਂਟ ਨਾਲ ਸੀ.ਐਮ.ਡੀ. ਡਾ. ਬਸੰਤ ਗਰਗ ਦੀ ਪ੍ਰਧਾਨਗੀ ਹੇਠ ਹੋਈ | ਸਾਂਝੇ ਥੜੇ ਦੇ ਆਗੂਆਂ ਕੁਲਵਿੰਦਰ ਸਿੰਘ ਢਿੱਲੋਂ, ਗੁਰਪ੍ਰੀਤ ਸਿੰਘ ਗੰਡੀਵਿੰਡ, ਹਰਪਾਲ ਸਿੰਘ ਅਤੇ ਗੁਰਵੇਲ ਸਿੰਘ ਬੱਲਪੁਰੀਆ ਨੇ ਦੱਸਿਆ ਕੇ ਦੇਰ ਸ਼ਾਮ ਤੱਕ ਸੁਖਾਵੇਂ ਮਾਹੌਲ ਵਿਚ ਤਕਰੀਬਨ ਤਿੰਨ ਘੰਟੇ ਤੋਂ ਵੱਧ ਸਮੇਂ ਤੱਕ ਚਲੀ ਇਸ ਮੀਟਿੰਗ ਵਿਚ ਬਿਜਲੀ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਦੇ ਮੰਗਾਂ ਮਸਲਿਆਂ ਨੂੰ ਲੈ ਕੇ ਬਿਜਲੀ ਨਿਗਮ ਦੀ ਮੈਨੇਜਮੈਂਟ ਨਾਲ ਵਿਸਥਾਰਪੂਰਵਕ ਵਿਚਾਰ ਚਰਚਾ ਕੀਤੀ ਗਈ | ਮੀਟਿੰਗ ਵਿਚ ਬਿਜਲੀ ਮੁਲਾਜ਼ਮਾਂ ਦੇ ਵਿੱਤੀ ਮਸਲੇ ਜਿਵੇਂ ਕਿ 17 ਜੁਲਾਈ 2020 ਤੋਂ ਬਾਅਦ ਭਰਤੀ ਹੋਏ ਕਰਮਚਾਰੀਆਂ ਤੇ ਬਿਜਲੀ ਨਿਗਮ ਦੇ ਸਕੇਲ ਲਾਗੂ ਕਰਨ, 17 ਨਵੰਬਰ 2021 ਤੋਂ ਬਾਅਦ ਤਰੱਕੀ ਹੋਏ ਕਰਮਚਾਰੀਆਂ ਨੂੰ ਪੇ ਬੈਂਡ ਦਾ ਲਾਭ ਦੇਣ, ਜੇ. ਈ. ਕੈਟਾਗਿਰੀ ਉੱਪਰ ਵਿੱਤ ਸਰਕੂਲਰ 10/16 ਲਾਗੂ ਕਰਨ, ਗਰੁੱਪ ਨੰਬਰ 13 ਅਤੇ ਅਗਲੇ ਗਰੁੱਪਾਂ ਦੀਆਂ ਕੈਟਾਗਿਰੀਆਂ ਦੀ ਮੁੱਢਲੀ ਤਨਖਾਹ ਆਦਿ ਮਸਲਿਆਂ ਸਬੰਧੀ ਤੁਰੰਤ ਪੰਜਾਬ ਸਰਕਾਰ ਨਾਲ ਮੀਟਿੰਗ ਕਰਵਾਉਣ, ਸੋਲੇਸ਼ੀਅਮ ਪਾਲਿਸੀ ਵਾਲੇ ਕੇਸਾਂ ਵਿਚ ਲਗਾਇਆ 12 ਫ਼ੀਸਦੀ ਵਿਆਜ਼ ਮੁਆਫ ਕਰਨ ਅਤੇ ਪਾਲਿਸੀ ਨਾਲ ਸੰਬੰਧਿਤ ਹੋਰ ਮਸਲੇ 15 ਮਈ ਤੱਕ ਕੈਬਨਿਟ ਤੋਂ ਪਾਸ ਕਰਵਾਉਣ ਦੀ ਸਹਿਮਤੀ ਬਣੀ | ਇਸ ਤੋਂ ਬਿਨਾਂ ਮੈਨੇਜਮੈਂਟ ਨਾਲ ਸੰਬੰਧਿਤ ਅਹਿਮ ਮੰਗਾਂ ਜਿਵੇਂ ਕਿ ਨਵੀਂ ਭਰਤੀ, ਗਰਿੱਡ ਸਟਾਫ ਨਾਲ ਸੰਬੰਧਿਤ ਮਸਲੇ, ਕੰਟਰੈਕਟ ਪੀਰੀਅਡ ਦਾ ਸੇਵਾ ਲਾਭ ਦੇਣ, ਦਰਜਾ ਚਾਰ ਤੋਂ ਕਲਰਕ ਦੀ ਤਰੱਕੀ ਜਲਦੀ ਕਰਨ ਆਦਿ ਅਹਿਮ ਮਸਲੇ ਵੀ ਵਿਚਾਰੇ ਗਏ ਅਤੇ ਰਹਿੰਦੇ ਮਸਲੇ ਵਿਚਾਰਨ ਲਈ ਇਸ ਮੀਟਿੰਗ ਦੀ ਲਗਾਤਾਰਤਾ ਵਿਚ ਜਥੇਬੰਦੀ ਨੂੰ 20 ਮਈ ਦੀ ਮੀਟਿੰਗ ਪ੍ਰਦਾਨ ਕੀਤੀ ਗਈ | ਇਸ ਮੌਕੇ ਹਰਜੀਤ ਸਿੰਘ, ਦਵਿੰਦਰ ਸਿੰਘ ਪਿਸ਼ੌਰ, ਗੁਰਭੇਜ ਸਿੰਘ ਢਿੱਲੋਂ, ਰਵੇਲ ਸਿੰਘ ਸਹਾਏਪੁਰ, ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਕੌਰ ਸਿੰਘ ਸੋਹੀ, ਜਰਨੈਲ ਸਿੰਘ, ਗੁਰਪਿਆਰ ਸਿੰਘ, ਗੁਰਤੇਜ ਸਿੰਘ ਪੱਖੋ, ਰਾਧੇ ਸ਼ਿਆਮ, ਬਾਬਾ ਅਮਰਜੀਤ ਸਿੰਘ, ਨਿਰਮਲ ਸਿੰਘ, ਸਰਬਜੀਤ ਸਿੰਘ ਭਾਣਾ, ਸਰਿੰਦਰਪਾਲ ਲਹੌਰੀਆ, ਕਰਮਜੀਤ ਸਿੰਘ ਆਦਿ ਨੇ ਹਿੱਸਾ ਲਿਆ | ਇਸ ਮੀਟਿੰਗ ਵਿਚ ਮੈਨੇਜਮੈਂਟ ਨਾਲ ਹੋਈਆਂ ਸਹਿਮਤੀਆਂ ਉਪਰੰਤ ਜਥੇਬੰਦੀਆਂ ਵਲੋਂ ਫ਼ੈਸਲਾ ਕੀਤਾ ਗਿਆ ਕਿ ਸਨਅਤੀ ਅਦਾਰੇ ਦਾ ਮਾਹੌਲ ਸ਼ਾਤ ਰੱਖਣ ਲਈ 20 ਮਈ ਤੱਕ ਵਰਕ ਟੂ ਰੂਲ ਅਤੇ ਬਿਜਲੀ ਮੰਤਰੀ ਸਮੇਤ ਪਾਵਰ ਮੈਨੇਜ਼ਮੈਂਟ ਦੇ ਘਿਰਾਓ ਦਾ ਸੰਘਰਸ਼ ਮੁਲਤਵੀ ਕੀਤਾ ਜਾਂਦਾ ਹੈ | ਜੇਕਰ ਮੈਨੇਜਮੈਂਟ ਵਲੋਂ ਮਿਤੀ 20 ਮਈ ਤੱਕ ਕੀਤੇ ਸਮਝੌਤੇ ਲਾਗੂ ਨਾ ਕੀਤੇ ਗਏ ਤਾਂ 21 ਮਈ ਨੂੰ ਮੁੜ ਤੋਂ ਸੰਘਰਸ਼ ਸ਼ੁਰੂ ਕੀਤਾ ਜਾਵੇਗਾ, ਜਿਸ ਵਿਚ 24 ਮਈ ਨੂੰ ਮੁੱਖ ਮੰਤਰੀ ਦੀ ਸੰਗਰੂਰ ਰਿਹਾਇਸ਼ ਅੱਗੇ ਸੂਬਾ ਪੱਧਰੀ ਰੋਸ ਧਰਨਾ ਦੇਣ ਉਪਰੰਤ 16 ਅਤੇ 17 ਜੂਨ ਨੂੰ ਦੋ ਰੋਜ਼ਾ ਮੁਕੰਮਲ ਹੜਤਾਲ ਕਰਨ ਤੋਂ ਇਲਾਵਾ ਪੈਨਸ਼ਨਰ ਜਥੇਬੰਦੀਆਂ ਦੇ ਵਰਕਰ ਸਾਰੇ ਪੰਜਾਬ ਵਿਚ ਡਿਪਟੀ ਕਮਿਸ਼ਨਰ ਦਫਤਰਾਂ ਸਾਹਮਣੇ ਆਪਣੇ 'ਆਪ' ਨੂੰ ਗਿ੍ਫ਼ਤਾਰੀਆਂ ਲਈ ਪੇਸ਼ ਕਰਨਗੇ |