ਖਡੂਰ ਸਹਿਬ, 19 ਫਰਵਰੀ (ਰਸ਼ਪਾਲ ਸਿੰਘ ਕੁਲਾਰ)--ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਤਹਿਸੀਲ ਕਮੇਟੀ ਦੀ ਮੀਟਿੰਗ ਤਹਿਸੀਲ ਪ੍ਰਧਾਨ ਮਨਜੀਤ ਸਿੰਘ ਬੱਗੂ ਦੀ ਪ੍ਰਧਾਨਗੀ ਹੇਠ ਹੋਈ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸੂਬਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕੇਂਦਰ ਸਰਕਾਰ ਵਲੋਂ ਸੂਬਿਆਂ ਦੇ ਅਧਿਕਾਰਾਂ ਉੱਪਰ ਲਗਾਤਾਰ ਛਾਪੇ ਮਾਰੇ ਜਾ ਰਹੇ ਹਨ ਅਤੇ ਧੱਕੇ ਵਿਤਕਰੇ ਬਾਦਸਤੂਰ ਜਾਰੀ ਹਨ | ਪੰਜਾਬ ਦੇ ਰਾਜਨੀਤਿਕ ਮੁੱਦੇ ਲਗਾਤਾਰ ਲਟਕਦੇ ਆ ਰਹੇ ਹਨ, ਜਿਸ ਵਿਚ ਪੰਜਾਬ ਦੀ ਰਾਜਧਾਨੀ ਚੰਡੀਗੜ੍ਹ ਪੰਜਾਬ ਨੂੰ ਦੇਣ, ਦਰਿਆਵੀ ਪਾਣੀਆਂ ਦਾ ਹੱਕ, ਪੰਜਾਬ ਦੇ ਡੈਮਾਂ ਦਾ ਕੰਟਰੋਲ ਪੰਜਾਬ ਨੂੰ ਦੇਣ, ਪੰਜਾਬ ਦੇ ਬਾਰਡਰ ਖੋਹਲਕੇ ਵਿਦੇਸ਼ਾਂ ਨਾਲ ਵਪਾਰ ਕਰਨ, ਜੇਲ੍ਹਾਂ ਵਿਚ ਬੰਦ ਸਿਆਸੀ ਅਧਾਰ 'ਤੇ ਬੰਦ ਬੰਦੀਆਂ ਦੀ ਰਿਹਾਈ ਸਮੇਤ ਪੰਜਾਬ ਦੇ ਅਣਸੁਲਝੇ ਮਸਲਿਆਂ ਦੇ ਹੱਲ ਲਈ ਵਿਸ਼ਾਲ ਇਕੱਠ 26 ਫਰਵਰੀ ਨੂੰ ਚੰਡੀਗੜ੍ਹ ਵਿਖੇ ਕੀਤਾ ਜਾਵੇਗਾ, ਜਿਸ ਵਿਚ ਪੰਜਾਬ ਭਰ ਵਿਚੋਂ ਹਜ਼ਾਰਾਂ ਲੋਕ ਸ਼ਮੂਲੀਅਤ ਕਰਨਗੇ | ਉਨ੍ਹਾਂ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੀ ਮੋਦੀ ਸਰਕਾਰ ਦੀ ਵਿਚਾਰਧਾਰਾ ਗੁਰੂਆਂ ਦੇ ਫਲਸਫੇ ਜਾਤ-ਪਾਤ ਰਹਿਤ, ਔਰਤ ਮੁਕਤੀ ਅਤੇ ਬਰਾਬਰਤਾ ਅਧਾਰਿਤ ਸਮਾਜ ਸਿਰਜਣਾ ਦੇ ਵਿਰੋਧ ਦੀ ਵਿਚਾਰਧਾਰਾ ਹੈ | ਉਨ੍ਹਾਂ ਪੰਜਾਬ ਦੇ ਸਮੂਹ ਲੋਕਾਂ ਨੂੰ ਵੱਧ ਤੋਂ ਵੱਧ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ | ਜ਼ਿਲ੍ਹਾ ਸਕੱਤਰ ਮੁਖਤਾਰ ਸਿੰਘ ਮੱਲਾ ਅਤੇ ਤਹਿਸੀਲ ਸਕੱਤਰ ਸਲੱਖਣ ਸਿੰਘ ਤੁੜ ਨੇ ਦੱਸਿਆ ਕਿ ਤਹਿਸੀਲ ਖਡੂਰ ਸਹਿਬ ਵਿਚੋਂ ਸੈਂਕੜੇ ਲੋਕ ਸ਼ਾਮਿਲ ਹੋਣਗੇ, ਜਿਸ ਦੀਆਂ ਤਿਆਰੀਆਂ ਲਈ ਡਿਊਟੀਆਂ ਦੀ ਵੰਡ ਕੀਤੀ ਗਈ ਹੈ | ਮੀਟਿੰਗ ਨੂੰ ਹੋਰਨਾਂ ਤੋਂ ਇਲਾਵਾ ਰੇਸ਼ਮ ਸਿੰਘ ਫੈਲੋਕੇ, ਮਾ. ਸਰਬਜੀਤ ਸਿੰਘ ਭਰੋਵਾਲ, ਕੁਲਵਿੰਦਰ ਕੌਰ ਖਡੂਰ ਸਹਿਬ, ਝਿਲਮਿਲ ਸਿੰਘ ਬਾਣੀਆ, ਨਰਿੰਦਰ ਸਿੰਘ ਤੁੜ, ਨਛੱਤਰ ਸਿੰਘ ਤੁੜ, ਬਾਬਾ ਦੀਨੇਵਾਲ, ਜੋਗਿੰਦਰ ਸਿੰਘ ਖਡੂਰ ਸਹਿਬ, ਬੀਬੀ ਚਰਨ ਕੌਰ, ਸੁਖਵੰਤ ਸਿੰਘ ਛਾਪੜੀ ਸਹਿਬ ਆਦਿ ਆਗੂਆਂ ਨੇ ਸਬੋਧਨ ਕੀਤਾ |