ਤਰਨ ਤਾਰਨ, 19 ਫਰਵਰੀ (ਇਕਬਾਲ ਸਿੰਘ ਸੋਢੀ)- ਪੰਜਾਬ ਦਿਵਿਆਂਗ ਐਕਸ਼ਨ ਕਮੇਟੀ ਦੇ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਪੰਜਾਬ ਸਰਕਾਰ ਵਿਰੁੱਧ ਧਰਨਾ ਪ੍ਰਦਰਸ਼ਨ ਕਰਨ ਦਾ ਐਲਾਨ ਕੀਤਾ | ਜਾਣਕਾਰੀ ਸਾਂਝੀ ਕਰਦਿਆਂ ਬਲਾਕ ਤਰਨ ਤਾਰਨ ਮੀਤ ਪ੍ਰਧਾਨ ਗੁਰਮੁੱਖ ਸਿੰਘ ਕਾਜੀਕੋਟ ਅਤੇ ਇਨਸਾਫ਼ ਲਈ ਥਾਣਿਆਂ ਦੇ ਚੱਕਰ ਕੱਟ ਰਿਹਾ ਗੁਰਮੀਤ ਸਿੰਘ ਗੰਡੀਵਿੰਡ ਜੋ ਕਿ 100 ਫੀਸਦੀ ਦਿਵਿਆਂਗ ਹੈ, ਨੇ ਦੱਸਿਆ ਕਿ ਪਿਛਲੇ ਸਾਲ ਦੇ ਦਸੰਬਰ ਤੋਂ ਥਾਣਾ ਸਰਾਏ ਅਮਾਨਤ ਖਾਂ ਵਿਖੇ ਘਰ ਵਿਚ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਆਪਣੇ ਹਿੱਸੇ ਆਉਂਦੇ ਥਾਂ 'ਤੇ ਕੰਧ ਕੱਢਣਾ ਚਾਹੁੰਦਾ ਹਾਂ ਪ੍ਰੰਤੂ ਵੱਡਾ ਭਰਾ ਮੇਜਰ ਸਿੰਘ ਡਰਾਉਂਦਾ ਧਮਕਾਉਂਦਾ ਹੈ | ਇਸ ਸਬੰਧੀ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਦੀ ਅਗਵਾਈ ਹੇਠ ਥਾਣਾ ਇੰਚਾਰਜ ਨੂੰ ਵੀ ਮਿਲੇ ਸੀ ਪ੍ਰੰਤੂ ਉਨ੍ਹਾਂ ਨੇ ਦੋ ਦਿਨਾਂ ਦਾ ਸਮਾਂ ਦਿੱਤਾ ਗਿਆ ਅਤੇ ਦੋਬਾਰਾ ਫਿਰ ਦਰਖਾਸਤ ਦੇਣ ਲਈ ਕਿਹਾ ਜੋ ਕਿ ਮੈਂ ਸਬੂਤਾਂ ਸਮੇਤ ਦੋਬਾਰਾ ਫਿਰ ਦਰਖਾਸਤ ਦਿੱਤੀ ਪ੍ਰੰਤੂ ਪੁਲਿਸ ਪ੍ਰਸ਼ਾਸਨ ਵਲੋਂ ਅੰਗਹੀਣ ਭਲਾਈ ਐਕਟ 2016 ਦੀ ਧਾਰਾ 92 ਤਹਿਤ ਬਣਦੀ ਕਾਰਵਾਈ ਅਮਲ ਵਿਚ ਨਹੀਂ ਲਿਆਂਦੀ ਗਈ | ਜਿਸ ਤੋਂ ਨਿਰਾਸ਼ ਹੋ ਕੇ ਜ਼ਿਲ੍ਹਾ ਤਰਨ ਤਾਰਨ ਅਤੇ ਜ਼ਿਲ੍ਹਾ ਅੰਮਿ੍ਤਸਰ ਦੇ ਦਿਵਿਆਂਗ ਵੱਡੀ ਗਿਣਤੀ ਵਿੱਚ ਇਕੱਠੇ ਹੋ ਕੇ ਅਗਲੇ ਹਫ਼ਤੇ ਬੋਹੜੀ ਚੌਂਕ ਧਰਨਾ ਲਗਾਉਣ ਉਪਰੰਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਮਾਨ ਵਲੋਂ ਜਾਰੀ ਕੀਤਾ ਅੰਗਹੀਣ ਵਿਅਕਤੀਆਂ ਦੀ ਭਲਾਈ ਲਈ ਐਕਟ ਦਾ ਪੋਸਟਰ ਸਾੜਿਆ ਜਾਵੇਗਾ | ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਦੱਸਿਆ ਕਿ ਸਮਾਨ ਮੌਕੇ ਅਧਿਕਾਰਾਂ ਦੀ ਸੁਰੱਖਿਆ ਅਤੇ ਪੂਰਨ ਸ਼ਮੂਲੀਅਤ ਵਰਗੇ ਸਖ਼ਤ ਕਾਨੂੰਨ ਦੀ ਉਲੰਘਣਾ ਵੀ ਕਾਨੂੰਨ ਦੇ ਰਖਵਾਲਿਆਂ ਵਲੋਂ ਕੀਤੀ ਗਈ ਹੈ ਜਿਸ ਸਬੰਧੀ ਸੂਬਾ ਪ੍ਰਧਾਨ ਲਖਵੀਰ ਸਿੰਘ ਸੈਣੀ ਨੇ ਡੀ.ਐੱਸ.ਪੀ. ਸੁਖਬੀਰ ਸਿੰਘ ਨੂੰ ਵੀ ਮਿਲਣ ਲਈ ਸੰਪਰਕ ਕੀਤਾ ਪ੍ਰੰਤੂ ਉਨ੍ਹਾਂ ਚੰਡੀਗੜ੍ਹ ਗਏ ਹੋਣ ਬਾਰੇ ਦੱਸਿਆ | ਸੈਣੀ ਨੇ ਕਿਹਾ ਕਿ ਪਿੰਡ ਗੰਡੀਵਿੰਡ ਦੀ ਪੰਚਾਇਤ ਵਲੋਂ ਵੀ ਵੰਡ ਸਬੰਧੀ ਫੈਸਲਾ ਕੀਤਾ ਗਿਆ ਹੈ ਅਤੇ ਗੁਰਮੀਤ ਸਿੰਘ ਦੀ ਮਾਤਾ ਨੇ ਵੀ ਮਾਲਕਾਨਾ ਹੱਕ ਦਿੱਤਾ ਹੋਇਆ ਹੈ ਪਰ ਅੰਗਹੀਣ ਹੋਣਾ ਇਨਸਾਫ਼ ਲਈ ਅੜਿੱਕਾ ਬਣ ਰਿਹਾ ਹੈ ਦੂਜੇ ਪਾਸੇ ਪੁਲਿਸ ਪ੍ਰਸ਼ਾਸਨ ਵੀ ਅੱਖਾਂ ਮੀਚ ਦਿਵਿਆਂਗ ਨੂੰ ਗੇੜੇ ਮਰਵਾ ਰਹੇ ਹਨ, ਜੋ ਕਿ ਚਿੰਤਨਯੋਗ ਹੈ |