ਤਰਨ ਤਾਰਨ, 19 ਫਰਵਰੀ (ਹਰਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹਰ ਹਲਕੇ ਵਿੱਚ 'ਪੰਜਾਬ ਬਚਾਓ' ਮੁਹਿੰਮ ਤਹਿਤ ਰੈਲੀ ਕਰਵਾਈ ਗਈ, ਜਿਸ ਤਹਿਤ ਹਲਕਾ ਖਡੂਰ ਸਾਹਿਬ ਤੋਂ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਰਵਿੰਦਰ ਸਿੰਘ ਬ੍ਰਹਮਪੁਰਾ ਮੀਤ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਦੀ ਅਗਵਾਈ ਵਿਚ ਗੁਰਸੇਵਕ ਸਿੰਘ ਸ਼ੇਖ਼ ਕੋਰ ਕਮੇਟੀ ਮੈਂਬਰ ਯੂਥ ਅਕਾਲੀ ਦਲ ਅਤੇ ਹੋਰ ਸੀਨੀਅਰ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਵਿਸਥਾਰਪੂਰਵਕ ਵਿਚਾਰ-ਵਟਾਂਦਰਾ ਕੀਤਾ | ਇਸ ਦੌਰਾਨ ਹਲਕੇ ਦੀ ਸੰਗਠਨਾਤਮਕ ਸਥਿਤੀ, ਰੈਲੀ ਦੀ ਰਣਨੀਤੀ ਅਤੇ ਮੌਜੂਦਾ ਸਿਆਸੀ ਹਾਲਾਤਾਂ 'ਤੇ ਚਰਚਾ ਹੋਈ | ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵਲੋਂ ਪੰਜਾਬ ਦੇ ਹਰ ਹਲਕੇ ਵਿਚ ਚਲਾਈ ਜਾ ਰਹੀ 'ਪੰਜਾਬ ਬਚਾਓ' ਮੁਹਿੰਮ ਲੋਕਾਂ ਦੇ ਹੱਕਾਂ ਅਤੇ ਸੂਬੇ ਦੀ ਇੱਜ਼ਤ ਬਚਾਉਣ ਦੀ ਲੜਾਈ ਹੈ ਅਤੇ ਖਡੂਰ ਸਾਹਿਬ ਦੀ ਰੈਲੀ ਇਸ ਅਭਿਆਨ ਦਾ ਮਹੱਤਵਪੂਰਨ ਪੜਾਅ ਸਾਬਿਤ ਹੋਵੇਗੀ | ਬ੍ਰਹਮਪੁਰਾ ਤੇ ਸ਼ੇਖ ਨੇ ਕਿਹਾ ਕਿ ਉਹ ਆਪਣੀ ਪੂਰੀ ਟੀਮ ਅਤੇ ਸੀਨੀਅਰ ਆਗੂਆਂ ਨਾਲ ਮਿਲ ਕੇ ਇਹ ਯਕੀਨੀ ਬਣਾਉਣਗੇ ਕਿ ਖਡੂਰ ਸਾਹਿਬ ਦੀ ਧਰਤੀ 'ਤੇ ਇਤਿਹਾਸਕ ਇਕੱਠ ਹੋਵੇ ਅਤੇ ਪੰਜਾਬ ਦੀ ਆਵਾਜ਼ ਨੂੰ ਦਿੱਲੀ ਤੱਕ ਸੁਣਾਇਆ ਜਾਵੇ | ਉਨ੍ਹਾਂ ਦਾਅਵਾ ਕੀਤਾ ਕਿ ਲੋਕ ਅੱਜ ਮੌਜੂਦਾ ਸਰਕਾਰ ਤੋਂ ਨਿਰਾਸ਼ ਹਨ ਅਤੇ ਬਦਲਾਅ ਦੀ ਲੋੜ ਮਹਿਸੂਸ ਕਰ ਰਹੇ ਹਨ | ਉਨ੍ਹਾਂ ਨੇ ਮੌਜੂਦਾ ਆਮ ਆਦਮੀ ਪਾਰਟੀ ਦੀ ਸਰਕਾਰ 'ਤੇ ਤਿੱਖਾ ਹਮਲਾ ਕਰਦਿਆਂ ਕਿਹਾ ਕਿ ਜਿਨ੍ਹਾਂ ਵਾਅਦਿਆਂ ਦੇ ਆਧਾਰ 'ਤੇ ਸੱਤਾ ਹਾਸਲ ਕੀਤੀ ਗਈ ਸੀ, ਉਹ ਅੱਜ ਕਾਗਜ਼ਾਂ ਤੱਕ ਸੀਮਿਤ ਰਹਿ ਗਏ ਹਨ | ਉਨ੍ਹਾਂ ਮੁਤਾਬਿਕ ਪੰਜਾਬ ਕਰਜ਼ੇ ਦੇ ਬੋਝ ਹੇਠ ਹੋਰ ਦੱਬਦਾ ਜਾ ਰਿਹਾ ਹੈ ਅਤੇ ਆਮ ਆਦਮੀ ਪਾਰਟੀ ਪੰਜਾਬ ਦਾ ਖ਼ਜ਼ਾਨਾ ਲੁੱਟਣ ਵਿਚ ਕੋਈ ਕਸਰ ਨਹੀਂ ਛੱਡ ਰਹੀ | ਕਾਨੂੰਨ-ਵਿਵਸਥਾ ਦੀ ਸਥਿਤੀ ਚਿੰਤਾਜਨਕ ਬਣੀ ਹੋਈ ਹੈ ਅਤੇ ਨੌਜਵਾਨਾਂ ਨੂੰ ਰੋਜ਼ਗਾਰ ਦੇ ਨਾਂਅ 'ਤੇ ਸਿਰਫ਼ ਐਲਾਨ ਮਿਲੇ ਹਨ | ਬ੍ਰਹਮਪੁਰਾ ਨੇ ਕਿਹਾ ਕਿ ਅੱਜ ਪੰਜਾਬ ਨੂੰ ਮਜ਼ਬੂਤ ਅਤੇ ਤਜਰਬੇਕਾਰ ਨ੍ਰੇਤਿਤਵ ਦੀ ਲੋੜ ਹੈ, ਜੋ ਸੂਬੇ ਦੀ ਅਰਥਵਿਵਸਥਾ ਨੂੰ ਪਟੜੀ 'ਤੇ ਲਿਆ ਸਕੇ ਅਤੇ ਨੌਜਵਾਨਾਂ ਨੂੰ ਭਵਿੱਖ ਦੀ ਆਸ ਦੇ ਸਕੇ | ਉਨ੍ਹਾਂ ਵਿਸ਼ਵਾਸ ਜਤਾਇਆ ਕਿ 'ਪੰਜਾਬ ਬਚਾਓ' ਮੁਹਿੰਮ ਸੂਬੇ ਵਿਚ ਨਵਾਂ ਜਾਗਰੂਕਤਾ ਅਭਿਆਨ ਸਾਬਤ ਹੋਵੇਗੀ ਅਤੇ ਖਡੂਰ ਸਾਹਿਬ ਦੀ ਰੈਲੀ ਇਸ ਸੰਘਰਸ਼ ਦੀ ਮਜ਼ਬੂਤ ਸ਼ੁਰੂਆਤ ਬਣੇਗੀ, ਤਾਂ ਜੋ ਹੋ ਰਹੀਆਂ ਰੈਲੀਆਂ ਤੋਂ ਬਾਅਦ ਅਗਲੇ ਪੜਾਅ ਵਿਚ ਕੀਤੀ ਜਾਵੇਗੀ | ਇਸ ਮੌਕੇ ਸਤਨਾਮ ਸਿੰਘ ਸ਼ਾਹ ਮਾਣੋਚਾਲ੍ਹ, ਕੁਲਵਿੰਦਰ ਸਿੰਘ ਪਿੰਕਾ, ਲਖਬੀਰ ਸਿੰਘ ਸੈਕਟਰੀ, ਕੁਲਦੀਪ ਸਿੰਘ ਆਦਿ ਹਾਜ਼ਰ ਸਨ |