16-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਹੁਣ ਲੋੜ ਹੈ ਇਕ ਹੋਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕਰਨ ਦੀ-ਭੁੱਚਰ

ਅਜੀਤ ਡੈਸਕ 20-02-2026
ਖਾਲੜਾ, 19 ਫਰਵਰੀ (ਜੱਜਪਾਲ ਸਿੰਘ ਜੱਜ)-ਅੱਜ ਤੋਂ ਕਰੀਬ 105 ਸਾਲ ਪਹਿਲਾਂ ਅੰਗਰੇਜ ਸਰਕਾਰ ਸਮੇਂ ਗੁਰਦੁਆਰਾ ਸੁਧਾਰ ਲਹਿਰ ਸੰਨ 1920 ਤੋਂ 1925 ਤੱਕ ਚੱਲੀ ਸੀ, ਜਿਸ ਦੌਰਾਨ ਮਹੰਤਾਂ ਤੋਂ ਗੁਰਦੁਆਰਾ ਸਾਹਿਬ ਆਜਾਦ ਕਰਵਾਏ ਗਏ ਸਨ ਅਤੇ ਪ੍ਰਬੰਧ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮਿ੍ਤਸਰ ਦਾ ਗਠਨ ਕੀਤਾ ਗਿਆ | ਇਕ ਮਹੀਨੇ ਬਾਅਦ ਹੀ ਸ਼੍ਰੋਮਣੀ ਅਕਾਲੀ ਦਲ ਦਾ ਗਠਨ ਸ੍ਰੀ ਅਕਾਲ ਤਖਤ ਸਾਹਿਬ ਅੰਮਿ੍ਤਸਰ ਦੀ ਰਹਿਨੁਮਾਈ ਹੇਠ ਕੀਤਾ ਗਿਆ, ਪਰ ਪਿਛਲੇ ਕੁਝ ਸਮੇਂ ਤੋਂ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ਦਾ ਲਗਾਤਾਰ ਕਬਜ਼ਾ ਹੋਣ ਕਾਰਨ ਅਤੇ ਸ਼੍ਰੋਮਣੀ ਕਮੇਟੀ ਦੇ ਪ੍ਰਬੰਧ ਵਿਚ ਬਾਦਲ ਪਰਿਵਾਰ ਦੀ ਸਿੱਧੀ ਦਖਲਅੰਦਾਜ਼ੀ ਨੇ ਸ਼੍ਰੋਮਣੀ ਕਮੇਟੀ ਵਿਚ ਫੈਲੇ ਭਿ੍ਸ਼ਟਾਚਾਰ ਦਾ ਮੁੱਦਾ ਸਿੱਖ ਕੌਮ ਲਈ ਗੰਭੀਰ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ | ਸ੍ਰੀ ਅਕਾਲ ਤਖਤ ਸਾਹਿਬ ਦੇ ਸਾਬਕਾ ਜਥੇਦਾਰ ਅਤੇ ਸ੍ਰੀ ਹਰਿਮੰਦਰ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਘਬੀਰ ਸਿੰਘ ਵਲੋਂ ਪ੍ਰੈੱਸ ਕਾਨਫਰੰਸ ਦੌਰਾਨ ਸ਼੍ਰੋਮਣੀ ਕਮੇਟੀ ਵਿਚ ਫੈਲੇ ਭਿ੍ਸ਼ਟਾਚਾਰ ਅਤੇ ਬੇਨਿਯਮੀਆਂ ਬਾਰੇ ਸਨਸਨੀਖੇਜ ਪ੍ਰਗਟਾਵੇ ਕਰਨ ਨਾਲ ਬਹੁਤ ਸਾਰੇ ਸਵਾਲ ਪੈਦਾ ਹੋ ਗਏ ਹਨ | ਜਿਨ੍ਹਾਂ ਦੇ ਜਵਾਬ ਨਿਰਪੱਖ ਜਾਂਚ ਨਾਲ ਹੀ ਸਾਹਮਣੇ ਆ ਸਕਦੇ ਹਨ | ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਅਨੁਸਾਰ ਬਾਦਲ ਪਰਿਵਾਰ ਦਾ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਤੇ ਇਸ ਕਦਰ ਪ੍ਰਭਾਵ ਹੈ ਕਿ ਦੋਨਾਂ ਸੰਸਥਾਵਾਂ ਵਿਚ ਉਨ੍ਹਾਂ ਦੀ ਮਰਜੀ ਬਗੈਰ ਪੱਤਾ ਵੀ ਨਹੀਂ ਹਿਲਦਾ | ਸ੍ਰੀ ਅਕਾਲ ਤਖਤ ਸਾਹਿਬ ਜਥੇਦਾਰ, ਗੁਰਦੁਆਰਾ ਸੁਧਾਰ ਲਹਿਰ ਦੇ ਮੋਢੀ, ਆਜਾਦੀ ਘੁਲਾਟੀਏ ਜਥੇਦਾਰ ਤੇਜਾ ਸਿੰਘ ਭੁੱਚਰ ਦੇ ਪੋਤਰੇ ਸੁਰਜੀਤ ਸਿੰਘ ਭੁੱਚਰ ਨੇ ਵਿਚਾਰ ਪ੍ਰਗਟ ਕਰਦਿਆਂ ਕਿਹਾ ਕਿ ਅੱਜ ਫਿਰ ਲੋੜ ਹੈ ਕਿ ਗੁਰਦੁਆਰਾ ਪ੍ਰਬੰਧ ਵਿਚ ਫੈਲੇ ਭਿ੍ਸ਼ਟਾਚਾਰ, ਗੁਰਦੁਆਰਿਆਂ ਦੀਆਂ ਜਾਇਦਾਦਾਂ ਦੀ ਰਾਖੀ ਅਤੇ ਗੁਰਦੁਆਰਾ ਪ੍ਰਬੰਧ ਵਿਚ ਸੁਧਾਰ ਲਿਆਉਣ ਲਈ ਇਕ ਹੋਰ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਕੀਤੀ ਜਾਵੇ, ਜਿਸ ਲਈ ਸਾਰੀਆਂ ਪ੍ਰਮੁੱਖ ਧਾਰਮਿਕ ਜਥੇਬੰਦੀਆਂ, ਸੰਸਥਾਵਾਂ ਇਕੱਠੀਆਂ ਹੋ ਕੇ ਹੰਭਲਾ ਮਾਰਨ | ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਕਰਵਾਉਣ ਲਈ ਵੀ ਸਾਂਝੇ ਸੰਘਰਸ਼ ਦੀ ਲੋੜ ਹੈ |
ਪਿਛਲੀ ਖ਼ਬਰ ਆਯੁਰਵੈਦਿਕ ਚਿਕਿਸਤਾ ਸਲਾਹ ਕੈਂਪ 22 ਨੂੰ ਅਗਲੀ ਖ਼ਬਰ ਖੇਤੀਬਾੜੀ ਸਹਿਕਾਰੀ ਸਭਾਵਾਂ ਦੀ ਹੰਗਾਮੀ ਮੀਟਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।