ਤਰਨ ਤਾਰਨ, 29 ਜਨਵਰੀ (ਇਕਬਾਲ ਸਿੰਘ ਸੋਢੀ) ਭਲਕੇ ਮਿਤੀ 30 ਜਨਵਰੀ 2026 ਨੂੰ ਭਾਰਤ ਸਰਕਾਰ ਦੇ ਅਦਾਰੇ ਮੇਰਾ ਯੁਵਾ ਭਾਰਤ ਵੱਲੋਂ ਜ਼ਿਲ੍ਹਾ ਪ੍ਰਸ਼ਾਸਨ ਦੇ ਸਹਿਯੋਗ ਨਾਲ ਰਾਸ਼ਟਰੀ ਵੋਟਰ ਦਿਵਸ ਨੂੰ ਸਮਰਪਿਤ ਤਰਨ ਤਾਰਨ ਸ਼ਹਿਰ ਵਿਖੇ ਇੱਕ ਜ਼ਿਲ੍ਹਾ ਪੱਧਰੀ ਪੈਦਲ ਯਾਤਰਾ (ਪਦ ਯਾਤਰਾ) ਕਰਵਾਈ ਜਾਵੇਗੀ | | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਕਮਿਸ਼ਨਰ (ਜਨਰਲ) ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਇਹ ਪੈਦਲ ਯਾਤਰਾ 30 ਜਨਵਰੀ ਨੂੰ ਸਵੇਰੇ 10:00 ਵਜੇ ਸੇਵਾ ਦੇਵੀ ਐੱਸ.ਡੀ. ਕਾਲਜ ਤਰਨ ਤਾਰਨ (ਨੇੜੇ੍ਹ ਗੁਰਦੁਆਰਾ ਸ੍ਰੀ ਟੱਕਰ ਸਾਹਿਬ) ਤੋਂ ਸ਼ੁਰੂ ਹੋਵੇਗੀ, ਜੋ ਬਜ਼ਾਰ ਵਿਚੋਂ ਹੁੰਦੀ ਹੋਈ ਐੱਸ.ਡੀ.ਐੱਮ. ਦਫ਼ਤਰ ਤਰਨ ਤਾਰਨ ਵਿਖੇ ਪਹੁੰਚੇਗੀ ਅਤੇ ਓਥੋਂ ਵਾਪਸ ਫਿਰ ਸੇਵਾ ਦੇਵੀ ਐੱਸ.ਡੀ. ਕਾਲਜ, ਤਰਨ ਤਾਰਨ ਵਿਖੇ ਪਹੁੰਚ ਕੇ ਸਮਾਪਤ ਹੋਵੇਗੀ | ਸਹਾਇਕ ਕਮਿਸ਼ਨਰ ਡਾ. ਕਰਨਵੀਰ ਸਿੰਘ ਨੇ ਦੱਸਿਆ ਕਿ ਇਸ ਪੈਦਲ ਯਾਤਰਾ ਦਾ ਉਦੇਸ਼ ਵੋਟਰ ਜਾਗਰੂਕਤਾ, ਚੋਣ ਭਾਗੀਦਾਰੀ ਅਤੇ ਲੋਕਤੰਤਰੀ ਕਦਰਾਂ-ਕੀਮਤਾਂ ਅਤੇ ਪਹਿਲੀ ਵਾਰ ਵੋਟ ਪਾਉਣ ਵਾਲੇ ਵੋਟਰਾਂ ਨੂੰ ਉਤਸ਼ਾਹਿਤ ਕਰਨਾ ਹੈ | ਉਨ੍ਹਾਂ ਕਿਹਾ ਕਿ ਇਸ ਪੈਦਲ ਯਾਤਰਾ ਵਿਚ ਨੌਜਵਾਨ ਵੋਟਰਾਂ, ਵਿਦਿਆਰਥੀਆਂ, ਅਧਿਕਾਰੀਆਂ ਅਤੇ ਆਮ ਲੋਕਾਂ ਦੀ ਭਾਗੀਦਾਰੀ ਹੋਵੇਗੀ | ਉਨ੍ਹਾਂ ਜ਼ਿਲ੍ਹਾ ਤਰਨ ਤਾਰਨ ਦੇ ਨੌਜਵਾਨਾਂ ਨੂੰ ਸੱਦਾ ਦਿੱਤਾ ਹੈ ਕਿ ਉਹ ਮਿਤੀ 30 ਜਨਵਰੀ ਨੂੰ ਸਵੇਰੇ 10:00 ਵਜੇ ਸੇਵਾ ਦੇਵੀ ਐੱਸ.ਡੀ. ਕਾਲਜ ਵਿਖੇ ਪਹੁੰਚ ਕੇ ਇਸ ਪੈਦਲ ਯਾਤਰਾ ਦਾ ਹਿੱਸਾ ਬਣਨ |