ਪੱਟੀ, 22 ਜਨਵਰੀ (ਕੁਲਵਿੰਦਰਪਾਲ ਸਿੰਘ ਕਾਲੇਕੇ)-ਸ਼ਹੀਦ ਭਗਤ ਸਿੰਘ ਸਿੱਖਿਆ ਸੰਸਥਾਵਾਂ ਦੀ ਨਾਮਵਰ ਸਿੱਖਿਆ ਸੰਸਥਾ ਸੈਂਟਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਨੇ ਜ਼ਿਲ੍ਹਾ ਕਚਹਿਰੀਆਂ ਤਰਨ ਤਾਰਨ ਵਿਖੇ ਆਲਟਰਨੇਟਿਵ ਡਿਸਪਿਊਟ ਰੈਜੋਲਿਊਸ਼ਨ ਸੈਂਟਰ ਦੇ ਨੀਹ ਪੱਥਰ ਰੱਖਣ ਦੇ ਮੌਕੇ ਉਚੇਚੇ ਤੌਰ 'ਤੇ ਪਹੁੰਚ ਕਰਕੇ ਆਪਣੀ ਕਲਾ ਦਾ ਪ੍ਰਦਰਸ਼ਨ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮੰਨਵਾਇਆ | ਇਸ ਏ.ਡੀ.ਆਰ. ਸੈਂਟਰ ਦਾ ਨੀਹ ਪੱਥਰ ਰੱਖਣ ਵਾਸਤੇ ਪੰਜਾਬ ਅਤੇ ਹਰਿਆਣਾ ਹਾਈਕੋਰਟ ਦੇ ਮੁੱਖ ਜੱਜ ਸੀਲ ਨਾਗੂ, ਜੱਜ ਅਸ਼ਵਨੀ ਕੁਮਾਰ ਮਿਸ਼ਰਾ, ਜੱਜ ਅਨੂਪਿੰਦਰ ਸਿੰਘ ਗਰੇਵਾਲ ਅਤੇ ਜੱਜ ਕੁਲਦੀਪ ਤਿਬਰੀ ਨੇ ਜ਼ਿਲ੍ਹਾ ਅਤੇ ਸੈਸ਼ਨ ਜੱਜ ਕਵਲਜੀਤ ਸਿੰਘ ਬਾਜਵਾ ਦੀ ਮੌਜੂਦਗੀ ਵਿੱਚ ਰੱਖਿਆ ਗਿਆ | ਇਸ ਮੌਕੇ ਸੈਂਟਰ ਕਾਨਵੈਂਟ ਸੀਨੀਅਰ ਸੈਕੰਡਰੀ ਸਕੂਲ ਪੱਟੀ ਦੀਆਂ ਵਿਦਿਆਰਥਣਾਂ ਨੇ ਸਰਸਵਤੀ ਵੰਦਨਾ ਦੀ ਪੇਸ਼ਕਾਰੀ ਕੀਤੀ, ਜਿਸ ਦੀ ਉੱਥੇ ਮੌਜੂਦ ਸਾਰੀਆਂ ਹੀ ਉੱਚ ਸ਼ਖ਼ਸੀਅਤਾਂ ਨੇ ਕਾਫੀ ਤਾਰੀਫ ਕੀਤੀ ਅਤੇ ਵਿਦਿਆਰਥਣਾਂ ਦੀ ਹੌਸਲਾ ਆਫਜਾਈ ਕੀਤੀ | ਇਸ ਤੋਂ ਇਲਾਵਾ ਸਕੂਲ ਦੀਆਂ ਵਿਦਿਆਰਥਣਾਂ ਨੇ ਪੰਜਾਬੀ ਲੋਕ ਨਾਚ ਗਿੱਦਾ ਪੇਸ਼ ਕਰਕੇ ਸਾਰੇ ਹਾਲ ਵਿਚ ਤਾੜੀਆਂ ਦੀ ਗੜਗੜਾਹਟ ਛੇੜ ਦਿੱਤੀ | ਮੌਜੂਦ ਸਾਰੇ ਹੀ ਜੱਜਾਂ ਨੇ ਇਸ ਪੇਸ਼ਕਾਰੀ ਨੂੰ ਕਾਫੀ ਸਰਾਹਿਆ | ਇਸ ਪ੍ਰੋਗਰਾਮ ਦੇ ਸਮਾਪਨ ਤੇ ਇਨ੍ਹਾਂ ਵਿਦਿਆਰਥਣਾਂ ਨੂੰ ਟਰਾਫੀਆਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਿਤ ਵੀ ਕੀਤਾ ਗਿਆ | ਸਕੂਲੀ ਵਿਦਿਆਰਥਣਾ ਦੀ ਇਸ ਪ੍ਰਾਪਤੀ ਤੇ ਚੇਅਰਮੈਨ ਡਾ. ਰਾਜੇਸ਼ ਭਾਰਦਵਾਜ , ਮੈਨੇਜਿੰਗ ਡਾਇਰੈਕਟਰ ਕਮ-ਪਿ੍ੰਸੀਪਲ ਡਾ. ਮਰਿਦੁਲਾ ਭਾਰਦਵਾਜ ਨੇ ਕਾਫੀ ਪ੍ਰਸੰਸਤਾ ਪ੍ਰਗਟਾਈ ਅਤੇ ਆਪਣੇ ਹੱਥੀ ਇਹ ਟਰਾਫੀਆਂ ਅਤੇ ਸਰਟੀਫਿਕੇਟ ਵਿਤਰਣ ਕਰਕੇ ਯਾਦਗਾਰੀ ਤਸਵੀਰ ਵੀ ਖਿਚਵਾਈ | ਡਾਇਰੈਕਟਰ ਸੱਤਿਅਮ ਭਾਰਦਵਾਜ ਅਤੇ ਸ਼ੁਭੀ ਭਾਰਦਵਾਜ ਨੇ ਵੀ ਇਨ੍ਹਾਂ ਵਿਦਿਆਰਥਣਾਂ ਨੂੰ ਮੁਬਾਰਕਬਾਦ ਦਿੱਤੀ | ਆਪਣੇ ਭਾਸ਼ਣ ਵਿਚ ਚੇਅਰਮੈਨ ਡਾਕਟਰ ਰਾਜੇਸ਼ ਭਾਰਦਵਾਜ ਨੇ ਕਿਹਾ ਕਿ ਹਰੇਕ ਵਿਦਿਆਰਥੀ ਦੇ ਅੰਦਰ ਕੋਈ ਨਾ ਕੋਈ ਹੁਨਰ ਜ਼ਰੂਰ ਹੁੰਦਾ ਹੈ, ਜਿਸ ਨੂੰ ਜ਼ਰੂਰ ਪ੍ਰਦਰਸ਼ਿਤ ਕੀਤਾ ਜਾਣਾ ਚਾਹੀਦਾ ਹੈ, ਉਹ ਚਿੱਤਰਕਾਰੀ, ਡਾਂਸ, ਗੀਤ ਸੰਗੀਤ, ਭਾਸ਼ਣ ਜਾਂ ਅੱਜ ਦੇ ਯੁੱਗ ਵਿਚ ਵਿਗਿਆਨ ਦੇ ਖੇਤਰ ਵਿਚ ਕੋਈ ਮਾਡਲ ਵਿਕਸਿਤ ਕਰਕੇ ਜਾਂ ਫਿਰ ਏ.ਆਈ. ਦੇ ਦੁਆਰਾ ਕੋਈ ਨਵੇਂ ਕੀਰਤੀਮਾਨ ਵੀ ਸਥਾਪਿਤ ਕੀਤਾ ਜਾ ਸਕਦਾ ਹੈ | ਜਿਸ ਨਾਲ ਸਾਡੇ ਵਿਦਿਆਰਥੀ ਆਪਣੇ ਨਾਂਅ, ਆਪਣੇ ਮਾਤਾ ਪਿਤਾ ਦਾ ਨਾਂਅ ਅਤੇ ਆਪਣੀ ਸੰਸਥਾ ਦਾ ਨਾਂਅ ਵੀ ਚਮਕਾ ਸਕਦੇ ਹਨ | ਉਨ੍ਹਾਂ ਨੇ ਇਹ ਵੀ ਵਿਸ਼ਵਾਸ ਦਿਵਾਇਆ ਕਿ ਸਕੂਲ ਦੀ ਤਰਫੋਂ ਜਾਂ ਮੈਨੇਜਮੈਂਟ ਦੀ ਤਰਫੋਂ ਇਸ ਤਰ੍ਹਾਂ ਦੇ ਕੀਤੇ ਜਾਣ ਵਾਲੇ ਉਪਰਾਲਿਆਂ ਲਈ ਭਰਪੂਰ ਸਹਿਯੋਗ ਅਤੇ ਸਹਾਇਤਾ ਪ੍ਰਦਾਨ ਕੀਤੀ ਜਾਵੇਗੀ | ਇਸ ਮੌਕੇ ਇਨ ਟੈਕ ਦੁਆਰਾ ਸਕੂਲ ਦੇ ਹੀ ਵਿਦਿਆਰਥੀ ਸਾਹਿਬਪ੍ਰੀਤ ਸਿੰਘ ਦੀ ਪੇਂਟਿੰਗ ਚੁਣੀ ਜਾਣ ਕਰਕੇ ਇਕ ਟੈਕ ਵਲੋਂ ਇਸ ਵਿਦਿਆਰਥੀ ਲਈ ਸਰਟੀਫਿਕੇਟ ਅਤੇ ਭੇਜੀ ਗਈ ਕਿੱਟ ਵੀ ਵਿਦਿਆਰਥੀ ਨੂੰ ਵਿਤਰਿਤ ਕੀਤੀ ਅਤੇ ਇਸ ਵਿਦਿਆਰਥੀ ਦੀ ਪ੍ਰਸ਼ੰਸਾ ਕੀਤੀ | ਇਸੇ ਤਰ੍ਹਾਂ ਰਾਸ਼ਟਰੀ ਪੱਧਰ ਤੇ ਕਰਵਾਈ ਗਈ ਰਾਸ਼ਟਰੀ ਟੈਲੈਂਟ ਸਰਚ ਪ੍ਰੀਖਿਆ ਵਲੋਂ ਦੇਸ਼ ਭਰ ਵਿੱਚੋਂ ਅੱਵਲ ਰਹਿਣ ਵਾਲੀ ਵਿਦਿਆਰਥਣ ਖੁਸ਼ਪ੍ਰੀਤ ਕੌਰ ਦੀ ਵੀ ਪ੍ਰਸੰਸਾ ਕੀਤੀ ਅਤੇ ਵਿਦਿਆਰਥੀਆਂ ਨੂੰ ਅਜਿਹੇ ਵਿਦਿਆਰਥੀਆਂ ਤੋਂ ਸੇਧ ਜਰੂਰ ਲੈਣੀ ਚਾਹੀਦੀ ਹੈ | ਪਿ੍ੰਸੀਪਲ ਡਾ. ਮਰੀਦੁਲਾ ਭਾਰਦਵਾਜ ਨੇ ਵੀ ਅੱਗੇ ਤੋਂ ਹੋਰ ਵੀ ਵੱਧ ਚੜ ਕੇ ਪੜ੍ਹਾਈ ਦੇ ਨਾਲ ਨਾਲ ਹੋਰ ਖੇਤਰਾਂ ਵਿਚ ਵੀ ਆਪਣੀ ਬਿਹਤਰੀਨ ਪ੍ਰਦਰਸ਼ਨ ਦੀ ਅਪੀਲ ਕੀਤੀ | ਚੇਅਰਮੈਨ ਅਤੇ ਮੈਡਮ ਨੇ ਇਨ੍ਹਾਂ ਵਿਦਿਆਰਥੀਆਂ ਦੀ ਤਿਆਰੀ ਕਰਵਾਉਣ ਵਾਲੇ ਅਧਿਆਪਕਾਂ ਨੂੰ ਵੀ ਮੁਬਾਰਕਬਾਦ ਅਤੇ ਸ਼ਾਬਾਸ਼ ਕਹੀ | ਇਸ ਮੌਕੇ ਐਡਮਨਿਸਟ੍ਰੇਟਰ ਨਰਿੰਦਰ ਸਿੰਘ, ਵਾਈਸ ਪਿ੍ੰਸੀਪਲ ਸ੍ਰੀਮਤੀ ਸੋਨੀਆ ਸ਼ਰਮਾ, ਮੈਡਮ ਨਵਜੋਤ ਕੌਰ, ਲਵਪ੍ਰੀਤ ਕੌਰ, ਦਲਜੀਤ ਸਿੰਘ ਅਤੇ ਸਮੂਹ ਸਟਾਫ਼ ਮੈਂਬਰ ਹਾਜ਼ਰ ਰਹੇ |