ਖਾਲੜਾ, 22 ਜਨਵਰੀ (ਜੱਜਪਾਲ ਸਿੰਘ ਜੱਜ)- ਖਾਲੜਾ ਤੋਂ ਭਿੱਖੀਵਿੰਡ ਜਾਂਦੀ ਮੇਨ ਸੜਕ ਤੇ ਪਿੰਡ ਨਾਰਲਾ ਅਤੇ ਵੀਰਮ ਦੇ ਵਿਚਕਾਰ ਇਕ ਤੇਜ਼ ਰਫਤਾਰ ਗੱਡੀ ਵਲੋਂ ਟੱਕਰ ਮਾਰਨ ਨਾਲ ਪਿੰਡ ਅਮੀਸ਼ਾਹ ਦੇ ਨੌਜਵਾਨ ਦੀ ਮੌਤ ਹੋ ਜਾਣ ਦੀ ਦੁਖਦਾਈ ਖ਼ਬਰ ਹੈ | ਸਰਪੰਚ ਲਖਵਿੰਦਰ ਸਿੰਘ ਅਮੀਸ਼ਾਹ ਅਤੇ ਮਿ੍ਤਕ ਲੜਕੇ ਦੇ ਪਿਤਾ ਡਾਕਟਰ ਕਾਬਲ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਨਾਂ ਦਾ ਲੜਕਾ ਗੁਰਵਿੰਦਰ ਸਿੰਘ ਲਾਲੀ (38) ਜੋ ਘਰੇਲੂ ਕੰਮ ਭਿੱਖੀਵਿੰਡ ਗਿਆ ਹੋਇਆ ਸੀ ਅਤੇ ਭਿੱਖੀਵਿੰਡ ਤੋਂ ਮੋਟਰਸਾਈਕਲ 'ਤੇ ਸਵਾਰ ਹੋ ਕੇ ਵਾਪਸ ਪਿੰਡ ਅਮੀਸ਼ਾਹ ਆ ਰਿਹਾ ਸੀ ਕਿ ਜਦੋਂ ਉਹ ਪਿੰਡ ਨਾਰਲਾ ਤੇ ਵੀਰਮ ਦੇ ਵਿਚਕਾਰ ਪਹੁੰਚਿਆ ਤਾਂ ਅੱਗੋਂ ਆਉਂਦੀ ਇੱਕ ਤੇਜ਼ ਰਫਤਾਰ ਕਾਰ ਨੇ ਆਪਣਾ ਸੰਤੁਲਨ ਗਵਾ ਕੇ ਇਸ ਨੂੰ ਸਿੱਧੀ ਟੱਕਰ ਮਾਰ ਦਿੱਤੀ | ਜਿਸ ਨਾਲ ਗੁਰਵਿੰਦਰ ਸਿੰਘ ਦੀ ਮੌਕੇ 'ਤੇ ਹੀ ਮੌਤ ਹੋ ਗਈ | ਗੁਰਵਿੰਦਰ ਸਿੰਘ ਆਪਣੇ ਮਾਪਿਆਂ ਦਾ ਇੱਕਲੌਤਾ ਪੁੱਤਰ ਸੀ ਜੋ ਆਪਣੇ ਪਿੱਛੇ 14 ਸਾਲ ਦਾ ਬੇਟਾ, ਵਿਧਵਾ ਅਤੇ ਮਾਤਾ ਪਿਤਾ ਨੂੰ ਵਿਲਕਦਿਆਂ ਛੱਡ ਗਿਆ ਹੈ | ਸਰਪੰਚ ਲਖਵਿੰਦਰ ਸਿੰਘ ਨੇ ਦੱਸਿਆ ਕਿ ਇਸ ਘਟਨਾ ਸਬੰਧੀ ਥਾਣਾ ਖਾਲੜਾ ਵਿਖੇ ਦਰਖਾਸਤ ਦੇ ਦਿੱਤੀ ਗਈ ਹੈ |