ਫਲਾਈਓਵਰ ਦਾ ਨਿਰਮਾਣ ਕਾਰਜ ਅਧੂਰਾ ਹੋਣ ਕਾਰਨ ਟ੍ਰੈਫਿਕ ਦੀ ਸਮੱਸਿਆ
ਸੁਲਤਾਨਵਿੰਡ, 29 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ-ਜਲੰਧਰ ਹਾਈਵੇ ’ਤੇ ਸਥਿਤ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਇਸ ਵਾਰ ਪਟਾਕਾ ਮਾਰਕੀਟ ਨਾ ਲਗਾਉਣ ਦੀ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਇਕ ਰਿਹਾਇਸ਼ੀ ਇਲਾਕਾ ਹੈ, ਜਿੱਥੇ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ।
ਸੁਲਤਾਨਵਿੰਡ, 29 ਅਕਤੂਬਰ (ਗੁਰਨਾਮ ਸਿੰਘ ਬੁੱਟਰ)-ਅੰਮ੍ਰਿਤਸਰ-ਜਲੰਧਰ ਹਾਈਵੇ ’ਤੇ ਸਥਿਤ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਖੇ ਇਸ ਵਾਰ ਪਟਾਕਾ ਮਾਰਕੀਟ ਨਾ ਲਗਾਉਣ ਦੀ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਕੋਲੋਂ ਪੁਰਜ਼ੋਰ ਮੰਗ ਕੀਤੀ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਇਹ ਇਕ ਰਿਹਾਇਸ਼ੀ ਇਲਾਕਾ ਹੈ, ਜਿੱਥੇ ਵੱਡੀ ਗਿਣਤੀ ਵਿਚ ਲੋਕ ਆਪਣੇ ਪਰਿਵਾਰਾਂ ਸਮੇਤ ਰਹਿੰਦੇ ਹਨ। ਅਜਿਹੇ ਵਿਚ ਰਿਹਾਇਸ਼ੀ ਇਲਾਕੇ ਅੰਦਰ ਪਟਾਕਾ ਮਾਰਕੀਟ ਲਗਾਉਣ ਨਾਲ ਲੋਕਾਂ ਨੂੰ ਕਈ ਤਰ੍ਹਾਂ ਦੀਆਂ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਸੰਬੰਧੀ ਗੱਲਬਾਤ ਕਰਦਿਆਂ ਪ੍ਰਿਤਪਾਲ ਸਿੰਘ ਨੇ ਦੱਸਿਆ ਕਿ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਇਕ ਰਿਹਾਇਸ਼ੀ ਇਲਾਕਾ ਹੈ, ਜਿੱਥੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀਆਂ ਰਿਹਾਇਸ਼ਾਂ ਵੀ ਮੌਜੂਦ ਹਨ। ਉਨ੍ਹਾਂ ਕਿਹਾ ਕਿ ਇਲਾਕੇ ਦੀ ਆਬਾਦੀ ਅਤੇ ਲੋਕਾਂ ਦੀ ਸੁਰੱਖਿਆ ਨੂੰ ਧਿਆਨ ਵਿਚ ਰੱਖਦਿਆਂ ਪ੍ਰਸ਼ਾਸਨ ਨੂੰ ਪਟਾਕਾ ਮਾਰਕੀਟ ਲਗਾਉਣ ਦੇ ਫ਼ੈਸਲੇ ’ਤੇ ਮੁੜ ਵਿਚਾਰ ਕਰਨਾ ਚਾਹੀਦਾ ਹੈ। ਨਿਊ ਅੰਮ੍ਰਿਤਸਰ ਰੈਜੀਡੈਂਸ ਵੈਲਫੇਅਰ ਐਸੋਸੀਏਸ਼ਨ ਦੇ ਪ੍ਰਧਾਨ ਰਛਪਾਲ ਸਿੰਘ, ਕੁਲਦੀਪ ਸਿੰਘ ਮੱਤੇਵਾਲ, ਪ੍ਰਿਤਪਾਲ ਸਿੰਘ ਅਤੇ ਹੋਰਾ ਨੇ ਕਿਹਾ ਕਿ ਨਿਊ ਅੰਮ੍ਰਿਤਸਰ ਵਿਖੇ ਬਣ ਰਹੇ ਨਵੇਂ ਫਲਾਈਓਵਰ ਦਾ ਨਿਰਮਾਣ ਕਾਰਜ ਅਜੇ ਪੂਰੀ ਤਰ੍ਹਾਂ ਮੁਕੰਮਲ ਨਹੀਂ ਹੋਇਆ, ਜਿਸ ਕਾਰਨ ਪਹਿਲਾਂ ਹੀ ਇਲਾਕਾ ਵਾਸੀਆਂ ਅਤੇ ਰਾਹਗੀਰਾਂ ਨੂੰ ਆਵਾਜਾਈ ਸੰਬੰਧੀ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅਜਿਹੇ ਹਾਲਾਤ ਵਿਚ ਜੇਕਰ ਇਸੇ ਇਲਾਕੇ ਵਿਚ ਪਟਾਕਾ ਮਾਰਕੀਟ ਲਗਾਈ ਜਾਂਦੀ ਹੈ ਤਾਂ ਤਿਉਹਾਰਾਂ ਦੇ ਦਿਨਾਂ ਦੌਰਾਨ ਖਰੀਦਦਾਰੀ ਲਈ ਆਉਣ ਵਾਲੇ ਲੋਕਾਂ ਦੀ ਭੀੜ ਵਧਣ ਨਾਲ ਟ੍ਰੈਫਿਕ ਦੀ ਸਮੱਸਿਆ ਹੋਰ ਗੰਭੀਰ ਹੋ ਸਕਦੀ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਨਿਊ ਅੰਮ੍ਰਿਤਸਰ ਭਾਈ ਗੁਰਦਾਸ ਜੀ ਨਗਰ ਵਿਚ ਪਟਾਕਾ ਮਾਰਕੀਟ ਲਗਾਉਣ ਦੀ ਬਜਾਏ ਕਿਸੇ ਹੋਰ ਢੁੱਕਵੀਂ ਥਾਂ ’ਤੇ ਇਸ ਦਾ ਪ੍ਰਬੰਧ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪਟਾਕਾ ਮਾਰਕੀਟ ਕਾਰਨ ਇਲਾਕਾ ਵਾਸੀਆਂ ਨੂੰ ਕਿਸੇ ਤਰ੍ਹਾਂ ਦਾ ਨੁਕਸਾਨ ਹੁੰਦਾ ਹੈ ਤਾਂ ਇਸ ਦੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ।