ਸੁਲਤਾਨਵਿੰਡ, 7 ਮਈ (ਗੁਰਨਾਮ ਸਿੰਘ ਬੁੱਟਰ)-ਇਤਿਹਾਸਕ ਪਿੰਡ ਸੁਲਤਾਨਵਿੰਡ ਦੇ ਮੁੱਖ ਬਾਜ਼ਾਰ ਵਿਚ ਗੰਦਗੀ ਦੇ ਲੱਗੇ ਵੱਡੇ-ਵੱਡੇ ਢੇਰਾਂ ਕਾਰਨ ਇਲਾਕਾ ਨਿਵਾਸੀਆਂ, ਦੁਕਾਨਦਾਰਾਂ ਅਤੇ ਰਾਹਗੀਰਾਂ ਦਾ ਨੱਕ ਵਿਚ ਦਮ ਆਇਆ ਹੋਇਆ ਹੈ | ਭਿਆਨਕ ਗਰਮੀ ਦੇ ਇਸ ਮੌਸਮ ਵਿਚ ਕੂੜੇ ਤੋਂ ਉੱਠ ਰਹੀ ਬਦਬੂ ਕਾਰਨ ਜਿੱਥੇ ਬਾਜ਼ਾਰ ਵਿਚੋਂ ਲੰਘਣਾ ਦੂਰ ਦੀ ਗੱਲ ਹੋ ਗਈ ਹੈ, ਉੱਥੇ ਹੀ ਦੁਕਾਨਦਾਰਾਂ ਲਈ ਆਪਣੀਆਂ ਦੁਕਾਨਾਂ ਵਿਚ ਬੈਠਣਾ ਵੀ ਅਸੰਭਵ ਹੋ ਚੁੱਕਾ ਹੈ | ਸਥਾਨਕ ਦੁਕਾਨਦਾਰਾਂ ਤੇ ਰਾਹਗੀਰਾਂ ਨੇ ਰੋਸ ਜ਼ਾਹਿਰ ਕਰਦਿਆਂ ਦੱਸਿਆ ਕਿ ਇਸ ਜਗ੍ਹਾ 'ਤੇ ਲੋਕਾਂ ਵਲੋਂ ਸੁੱਟਿਆ ਜਾਂਦਾ ਕੂੜਾ ਦਿਨ-ਬ-ਦਿਨ ਵੱਡੀ ਮੁਸੀਬਤ ਬਣ ਰਿਹਾ ਹੈ | ਕੂੜੇ ਦੇ ਢੇਰਾਂ ਨੂੰ ਆਵਾਰਾ ਪਸ਼ੂ ਅਤੇ ਕੁੱਤੇ ਲਗਾਤਾਰ ਖਿਲਾਰਦੇ ਰਹਿੰਦੇ ਹਨ, ਜਿਸ ਕਾਰਨ ਸੜਕ ਦਾ ਕਾਫੀ ਹਿੱਸਾ ਗੰਦਗੀ ਦੀ ਲਪੇਟ ਵਿਚ ਆ ਜਾਂਦਾ ਹੈ | ਵਧ ਰਹੀ ਗਰਮੀ ਕਾਰਨ ਕੂੜੇ 'ਤੇ ਮੱਖੀਆਂ ਤੇ ਮੱਛਰਾਂ ਦੀ ਭਰਮਾਰ ਹੋ ਗਈ ਹੈ, ਜਿਸ ਨਾਲ ਇਲਾਕੇ ਵਿਚ ਭਿਆਨਕ ਬਿਮਾਰੀਆਂ ਫ਼ੈਲਣ ਦਾ ਖਦਸ਼ਾ ਬਣਿਆ ਹੋਇਆ ਹੈ | ਸਥਿਤੀ ਇੰਨੀ ਗੰਭੀਰ ਹੈ ਕਿ ਦੁਕਾਨਦਾਰ ਆਪਣੀ ਦੁਕਾਨ ਵਿਚ ਬੈਠ ਕੇ ਰੋਟੀ ਤੱਕ ਨਹੀਂ ਖਾ ਸਕਦੇ | ਕੂੜਾ ਚੁੱਕਣ ਵਾਲੀਆਂ ਗੱਡੀਆਂ ਦੀ ਅਣਗਹਿਲੀ ਦੇ ਨਾਲ-ਨਾਲ ਕੂੜਾ ਸੁੱਟਣ ਵਾਲੇ ਲੋਕ ਵੀ ਇਸ ਗੰਦਗੀ ਲਈ ਬਰਾਬਰ ਦੇ ਜ਼ਿੰਮੇਵਾਰ ਹਨ | ਸਥਾਨਕ ਦੁਕਾਨਦਾਰਾਂ ਤੇ ਇਲਾਕਾ ਵਾਸੀਆਂ ਨੇ ਪ੍ਰਸ਼ਾਸਨ ਤੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਸੁਲਤਾਨਵਿੰਡ ਦੇ ਮੇਨ ਬਾਜ਼ਾਰ ਵਿਚੋਂ ਕੂੜੇ ਦੇ ਇਨ੍ਹਾਂ ਢੇਰਾਂ ਨੂੰ ਤੁਰੰਤ ਹਟਾਇਆ ਜਾਵੇ | ਸੜਕਾਂ 'ਤੇ ਗੰਦਗੀ ਫ਼ੈਲਾਉਣ ਵਾਲੇ ਅਣਪਛਾਤੇ ਲੋਕਾਂ ਵਿਰੁੱਧ ਕਾਨੂੰਨੀ ਕਾਰਵਾਈ ਕੀਤੀ ਜਾਵੇ | ਸਫਾਈ ਵਿਵਸਥਾ ਨੂੰ ਪੱਕੇ ਤੌਰ 'ਤੇ ਸੁਧਾਰਨ ਲਈ ਠੋਸ ਕਦਮ ਚੁੱਕੇ ਜਾਣ |