ਬਿਜਲੀ ਦੀ ਵਾਇਰਿੰਗ ਸ਼ਾਰਟ ਹੋਣ ਨਾਲ ਘਰ 'ਚ ਲੱਗੀ ਭਿਆਨਕ ਅੱਗ
ਤਹਿਸੀਲਪੁਰਾ ਵਿਖੇ ਘਰ 'ਚ ਅੱਗ ਲੱਗਣ ਕਾਰਨ ਨਿਕਲ ਰਹੀਆਂ ਲੱਪਟਾਂ | ਤਸਵੀਰ : ਨਿਰਮਲ ਸਟੂਡੀਓ
<br/>
15-04-2026
ਅੰਮਿ੍ਤਸਰ, 14 ਅਪ੍ਰੈਲ (ਹਰਮਿੰਦਰ ਸਿੰਘ)-ਸਥਾਨਕ ਬੱਸ ਅੱਡਾ ਨੇੜੇ ਸ਼ਹਿਰ ਦੇ ਭੀੜ ਭਾੜ ਵਾਲੇ ਤਹਿਸੀਲਪੁਰਾ ਇਲਾਕੇ ਵਿਖੇ ਦੋ ਮੰਜਿਲਾ ਇਕ ਘਰ 'ਚ ਬਿਜਲੀ ਦੀ ਵਾਇਰਿੰਗ ਸ਼ਾਰਟ ਹੋਣ ਨਾਲ ਘਰ 'ਚ ਕਿਰਾਏ 'ਤੇ ਰਹਿੰਦੇ 2 ਪ੍ਰਵਾਸੀ ਪਰਿਵਾਰਾਂ 'ਚੋਂ ਇਕ ਪਰਿਵਾਰ ਦਾ ਸਾਰਾ ਸਾਮਾਨ ਸੜ ਗਿਆ | ਸਭ ਤੋਂ ਜ਼ਿਆਦਾ ਨੁਕਸਾਨ ਉਪਰ ਵਾਲੀ ਮੰਜਿਲ 'ਤੇ ਹੋਇਆ, ਜਿਸ ਵੇਲੇ ਅੱਗ ਲੱਗੀ ਉਸ ਵੇਲੇ ਬੱਚਿਆਂ ਸਮੇਤ ਘਰ 'ਚ 8 ਲੋਕ ਮੌਜੂਦ ਸਨ ਜੋ ਸੁਰੱਖਿਅਤ ਬਾਹਰ ਨਿਕਲ ਆਏ | ਇਸ ਸੰਬੰਧ ਵਿਚ ਘਰ 'ਚ ਰਹਿੰਦੇ ਕਿਰਾਏਦਾਰ ਮੂਲ ਨਿਪਾਲ ਨਿਵਾਸੀ ਭੀਮ ਬਹਾਦਰ ਨੇ ਦੱਸਿਆ ਕਿ ਉਕਤ ਘਰ 'ਚ ਦੋ ਪਰਿਵਾਰ ਕਿਰਾਏ 'ਤੇ ਰਹਿੰਦੇ ਹਨ | ਸ਼ਾਮ 6 ਵਜੇ ਦੇ ਕਰੀਬ ਘਰ ਦੀ ਉਪਰ ਵਾਲੀ ਮੰਜਿਲ 'ਚ ਬਿਜਲੀ ਦੀ ਵਾਇਰਿੰਗ ਸ਼ਾਰਟ ਹੋਣ ਨਾਲ ਧਮਾਕਾ ਹੋਇਆ ਅਤੇ ਉਸ ਦੀ ਚਿੰਗਾਰੀ ਘਰ 'ਚ ਪਏ ਸਾਮਾਨ 'ਤੇ ਡਿੱਗ ਗਈ | ਜਿਸ ਨੇ ਦੇਖਦਿਆਂ ਹੀ ਦੇਖਦਿਆਂ ਗੰਭੀਰ ਰੂਪ ਅਖਤਿਆਰ ਕਰ ਲਿਆ ਅਤੇ ਘਰ ਦੇ ਸਾਮਾਨ ਨੂੰ ਆਪਣੀ ਲਪੇਟ 'ਚ ਲੈ ਲਿਆ | ਘਰ 'ਚ ਮੌਜੂਦ ਲੋਕਾਂ ਨੇ ਤੇਜੀ ਨਾਲ ਬਾਹਰ ਨਿਕਲ ਕੇ ਆਪਣੀਆਂ ਜਾਨਾਂ ਬਚਾਈਆਂ | ਇਸ ਘਟਨਾ ਦਾ ਪਤਾ ਚਲਦੇ ਹੀ ਇਲਾਕਾ ਨਿਵਾਸੀਆਂ ਨੇ ਤੁਰੰਤ ਫਾਇਰ ਬਿ੍ਗੇਡ ਦੀ ਟੀਮ ਨੂੰ ਸੂਚਿਤ ਕੀਤਾ, ਜਿਸ 'ਤੇ ਦੋ ਗੱਡੀਆਂ ਨਗਰ ਨਿਗਮ ਫਾਇਰ ਬਿ੍ਗੇਡ ਅਤੇ ਇਕ ਢਾਬ ਬਸਤੀ ਫਾਇਰ ਸਟੇਸ਼ਨ ਤੋਂ ਪਹੁੰਚ ਗਈਆਂ | ਜਿਨ੍ਹਾਂ ਨੇ ਅੱਗ 'ਤੇ ਕਾਬੂੁ ਪਾਇਆ | ਇਸ ਘਟਨਾ ਦੀ ਇਤਲਾਹ ਮਿਲਦੇ ਹੀ ਬੱਸ ਅੱਡਾ ਚੌਕੀ ਤੋਂ ਇੰਚਾਰਜ ਲਖਵਿੰਦਰ ਸਿੰਘ ਵੀ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਗਏ |