ਅੰਮਿ੍ਤਸਰ, 1 ਅਪ੍ਰੈਲ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਦੇ 40 ਹਜ਼ਾਰ ਆੜ੍ਹਤੀਏ ਤੇ 1 ਲੱਖ ਮੁਨੀਮ ਮੁਲਾਜ਼ਮਾਂ ਵਲੋਂ ਅੱਜ ਢਾਈ ਪ੍ਰਤੀਸ਼ਤ ਆੜ੍ਹਤ ਨਾ ਵਧਾਉਣ ਦੇ ਰੋਸ ਵਜੋਂ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ ਕਰ ਦਿੱਤੀ ਹੈ | ਇਸ ਸੰਬੰਧੀ ਅੰਮਿ੍ਤਸਰ ਜ਼ਿਲ੍ਹੇ ਦੀ ਪ੍ਰਮੁੱਖ ਦਾਣਾ ਮੰਡੀ ਭਗਤਾਂ ਵਾਲਾ ਵਿਖੇ ਪ੍ਰਧਾਨ ਅਮਨਦੀਪ ਸਿੰਘ ਛੀਨਾ ਦੀ ਅਗਵਾਈ ਹੇਠ ਆੜਤੀਆਂ ਅਤੇ ਮੁਨੀਮਾਂ ਨੇ ਹੋਰ ਹਮਖਿਆਲੀ ਜਥੇਬੰਦੀਆਂ ਦੇ ਸਹਿਯੋਗ ਕਾਲੀਆਂ ਪੱਟੀਆਂ ਬੰਨ੍ਹ ਕੇ ਸਰਕਾਰ ਖ਼ਿਲਾਫ਼ ਰੋਸ ਪ੍ਰਦਰਸ਼ਨ ਕੀਤਾ | ਇਸ ਮੌਕੇ ਚੇਅਰਮੈਨ ਗੁਰਭਿੰਦਰ ਸਿੰਘ ਮੰਮਣਕੇ, ਜਨਰਲ ਸਕੱਤਰ ਕੁਲਬੀਰ ਸਿੰਘ ਰੰਧਾਵਾ, ਬਲਦੇਵ ਸਿੰਘ ਚਾਟੀਵਿੰਡ, ਹਰਪਾਲ ਸਿੰਘ ਖਾਲਸਾ ਨੇ ਕਿਹਾ ਕਿ ਕੇਂਦਰ ਸਰਕਾਰ ਉਨ੍ਹਾਂ ਦੀ ਢਾਈ ਪ੍ਰਤੀਸ਼ਤ ਆੜ੍ਹਤ ਦੇ ਵਾਧੇ 'ਚ ਅੜਿੱਕਾ ਬਣੀ ਹੋਈ ਹੈ | ਉਨ੍ਹਾਂ ਕਿਹਾ ਕਿ ਆੜਤੀਆਂ ਨੂੰ ਪਹਿਲਾਂ ਢਾਈ ਫੀਸਦੀ ਆੜ੍ਹਤ ਮਿਲਦੀ ਸੀ ਪਰ ਕੇਂਦਰ ਸਰਕਾਰ ਨੇ 2018-19 'ਚ ਵਾਧੇ 'ਤੇ ਰੋਕ ਲਾ ਦਿੱਤੀ ਸੀ | ਉਨ੍ਹਾਂ ਕਿਹਾ ਕਿ ਸਰਕਾਰ ਨੇ ਆੜ੍ਹਤੀਆਂ ਦੀ ਦਾਮੀ ਵਧਾਉਣੀ ਤਾਂ ਦੂਰ ਸਗੋਂ ਉਲਟਾ ਪਹਿਲਾਂ ਮਿਲਦੀ ਢਾਈ ਫ਼ੀਸਦ ਆੜ੍ਹਤ ਵੀ ਘਟਾ ਦਿੱਤੀ ਹੈ, ਜਿਸ ਨਾਲ ਉਨ੍ਹਾਂ ਦਾ ਆਰਥਿਕ ਸ਼ੋਸ਼ਣ ਹੋ ਰਿਹਾ ਹੈ | ਉਨ੍ਹਾਂ ਮੰਗ ਕੀਤੀ ਕਿ ਆੜ੍ਹਤੀਆਂ ਦੀਆਂ ਮੰਗਾਂ ਜਲਦ ਪੂਰੀਆਂ ਕੀਤੀਆਂ ਜਾਣ ਅਤੇ ਜੇਕਰ ਅਜਿਹਾ ਨਾ ਹੋਇਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਚੇਅਰਮੈਨ ਗੁਰਭਿੰਦਰ ਸਿੰਘ ਮੰਮਣਕੇ, ਕੁਲਬੀਰ ਸਿੰਘ ਰੰਧਾਵਾ ਜਨਰਲ ਸਕੱਤਰ ਤੋਂ ਇਲਾਵਾ ਸ਼ਬੇਗ ਸਿੰਘ ਸੋਹਲ ਖਜਾਨਚੀ, ਹਰਪਾਲ ਸਿੰਘ ਖਾਲਸਾ ਜੁਆਇੰਟ ਸਕੱਤਰ, ਸਾਹਿਬ ਸਿੰਘ ਭੂਰਾ ਸੀਨੀਅਰ ਮੀਤ ਪ੍ਰਧਾਨ, ਜਰਨੈਲ ਸਿੰਘ ਬਾਠ ਸੀਨੀਅਰ ਮੀਤ ਪ੍ਰਧਾਨ, ਸੋਨੂੰ ਐੱਲ. ਆਰ. ਮੀਤ ਪ੍ਰਧਾਨ, ਗੁਰਮੇਜ ਸਿੰਘ ਚੁਗਾਵਾਂ ਮੀਤ ਪ੍ਰਧਾਨ, ਬਲਦੇਵ ਸਿੰਘ ਚਾਟੀਵਿੰਡ ਮੀਤ ਪ੍ਰਧਾਨ, ਗੁਰਮੀਤ ਸਿੰਘ ਝਬਾਲ, ਬਲਜੀਤ ਸਿੰਘ ਬੰਟੀ, ਸਤਬੀਰ ਸਿੰਘ ਗੁੰਮਟਾਲਾ, ਮਨੋਜ ਕੁਮਾਰ, ਗੁਰਅਵਤਾਰ ਸਿੰਘ ਚਾਟੀਵਿੰਡ, ਸਤਨਾਮ ਸਿੰਘ ਧੌਲ, ਰਾਣਾ ਏ ਜੀ ਸਰਾਂ, ਬਿਕਰਮਜੀਤ ਸਿੰਘ ਚਵਿੰਡਾ, ਸੰਜੀਵ ਕੁਮਾਰ ਮਨੀਸ਼, ਨਿਸ਼ਾਨ ਸਿੰਘ ਆਦਿ ਹਾਜ਼ਰ ਸਨ |
ਆੜ੍ਹਤੀਆਂ ਵਲੋਂ ਸਰਕਾਰ ਖ਼ਿਲਾਫ਼ ਅਣਮਿੱਥੇ ਸਮੇਂ ਲਈ ਹੜਤਾਲ ਸ਼ੁਰੂ <br/>
ਅਜੀਤ ਡੈਸਕ
02-04-2026