ਅੰਮਿ੍ਤਸਰ, 1 ਅਪ੍ਰੈਲ (ਰੇਸ਼ਮ ਸਿੰਘ)-ਇੱਥੇ ਸ੍ਰੀ ਦਰਬਾਰ ਸਾਹਿਬ ਨੇੜੇ ਹੋਟਲ 'ਚ ਠਹਿਰੀ ਇਕ ਔਰਤ ਦੀ ਭੇਦਭਰੀ ਹਾਲਤ 'ਚ ਮੌਤ ਹੋਣ ਉਪਰੰਤ ਕਮਰੇ 'ਚ ਉਸ ਦੀ ਲਾਸ਼ ਮਿਲਣ ਦੇ ਚਰਚਿਤ ਮਾਮਲੇ 'ਚ ਪੁਲਿਸ ਵਲੋਂ ਹੋਟਲ ਮੈਨੇਜਰ ਨੂੰ ਗਿ੍ਫਤਾਰ ਕਰ ਲਿਆ ਗਿਆ ਹੈ ਜਿਸ ਖਿਲਾਫ ਦੋਸ਼ ਹੈ ਕਿ ਬਿਨਾਂ ਸ਼ਨਾਖਤੀ ਸਬੂਤ ਤੋਂ ਉਹ ਹੋਟਲ ਦੇ ਕਮਰੇ ਮੁਹੱਈਆ ਕਰਵਾਉਂਦਾ ਸੀ | ਇਸ ਦੇ ਨਾਲ ਹੀ ਹੋਟਲ 'ਚ ਮਿ੍ਤਕ ਔਰਤ ਨਾਲ ਉਸ ਦੇ ਕਮਰੇ 'ਚ ਠਹਿਰੇ ਇਕ ਅਣਪਛਾਤੇ ਵਿਅਕਤੀ ਦੀ ਭਾਲ ਕੀਤੀ ਜਾ ਰਹੀ ਹੈ | ਗਿ੍ਫਤਾਰ ਕੀਤੇ ਹੋਟਲ ਮੈਨੇਜਰ ਦੀ ਸ਼ਨਾਖਤ ਸੁਖਚੈਨ ਸਿੰਘ ਵਾਸੀ ਪਿੰਡ ਭਰੋਪਾਲ ਅੰਮਿ੍ਤਸਰ ਵਜੋਂ ਹੋਈ ਹੈ | ਥਾਣਾ ਬੀ. ਡਵੀਜ਼ਨ ਦੇ ਮੁਖੀ ਇੰਸ: ਬਲਜਿੰਦਰ ਸਿੰਘ ਨੇ ਦਸਿਆ ਕਿ ਇਹ ਮਾਮਲਾ ਬੀਤੇ ਦਿਨ ਇਥੇ ਹੋਟਲ ਕੇ.ਕੇ. ਸ੍ਰੀ ਦਰਬਾਰ ਸਾਹਿਬ ਨੇੜੇ ਡਾਕਖਾਨਾ ਵਿਖੇ ਇਕ ਸ਼ਾਦੀ ਸ਼ੁਦਾ ਔਰਤ ਤਮੰਨਾ ਉਰਫ ਮੋਨਿਕਾ ਵਾਸੀ ਗੁਰੂ ਨਾਨਕਪੁਰਾ ਪੁਤਲੀਘਰ ਅੰਮਿ੍ਤਸਰ ਦੀ ਮੌਤ ਹੋਣ ਦੀ ਖ਼ਬਰ ਮਿਲੀ ਸੀ | ਪੁਲਿਸ ਨੇ ਉਸਦੀ ਲਾਸ਼ ਹੋਟਲ ਦੇ ਕਮਰੇ 'ਚੋਂ ਬਰਾਮਦ ਕੀਤੀ | ਪੁਲਿਸ ਤਫਤੀਸ਼ 'ਚ ਪਾਇਆ ਗਿਆ ਕਿ ਹੋਟਲ ਦਾ ਰਿਕਾਰਡ ਚੈੱਕ ਕਰਨ 'ਤੇ ਪਾਇਆ ਕਿ ਹੋਟਲ ਦੇ ਮੈਨੇਜਰ ਵਲੋਂ ਬਿਨਾਂ ਸ਼ਨਾਖਤੀ ਸਬੂਤ ਹੋਟਲ ਦੇ ਕਮਰੇ ਦਿੱਤੇ ਜਾਂਦੇ ਸਨ | ਉਨ੍ਹਾਂ ਦਸਿਆ ਕਿ ਅਣਪਛਾਤੇ ਵਿਅਕਤੀ ਦੀ ਗਿ੍ਫਤਾਰੀ ਉਪਰੰਤ ਹੀ ਇਹ ਸਾਫ ਹੋ ਸਕੇਗਾ ਕਿ ਔਰਤ ਦੀ ਮੌਤ ਕਿੰਨਾਂ ਹਾਲਾਤਾਂ 'ਚ ਹੋਈ | ਮਿ੍ਤਕ ਔਰਤ ਦੀ ਲਾਸ਼ ਦਾ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਗਈ ਹੈ |