ਅੰਮਿ੍ਤਸਰ, 1 ਅਪ੍ਰੈਲ (ਹਰਮਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਸ੍ਰੀ ਹਰਿਮੰਦਰ ਸਾਹਿਬ ਦੇ ਆਲੇ ਦੁਆਲੇ ਵਸੇ ਪੁਰਾਣੇ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਦਿੱਤੇ ਜਾਣ ਤੋਂ ਬਾਅਦ ਸ਼ਹਿਰ ਦੀ ਪਵਿੱਤਰਤਾ ਨੂੰ ਮੁੱਖ ਰੱਖਦੇ ਹੋਏ ਪੁਰਾਣੇ ਸ਼ਹਿਰ ਦੀ ਚਾਰਦੀਵਾਰੀ ਅੰਦਰੋਂ ਮੀਟ, ਤਮਾਕੂ ਅਤੇ ਸ਼ਰਾਬ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਲਈ ਅਗਲੇ ਦਿਨਾਂ 'ਚ ਵੱਖ-ਵੱਖ ਵਿਭਾਗਾਂ ਵਲੋਂ ਕਾਰਵਾਈ ਕੀਤੀ ਜਾਵੇਗੀ | ਇਸ ਦੇ ਲਈ ਇਨ੍ਹਾਂ ਵਿਭਾਗਾਂ ਦੀਆਂ ਕਮੇਟੀਆਂ ਬਣਾਈਆਂ ਜਾ ਰਹੀਆਂ ਹਨ ਜੋ ਉਪ੍ਰੋਕਤ ਦੁਕਾਨਾਂ ਨੂੰ ਬਾਹਰ ਕੱਢਣਗੀਆਂ | ਪੁਰਾਣੇ ਸ਼ਹਿਰ ਦੇ ਅੰਦਰੋਂ ਮੀਟ, ਅੰਡੇ, ਸ਼ਰਾਬ, ਤਮਾਕੂ ਦੀਆਂ ਦੁਕਾਨਾਂ ਨੂੰ ਬਾਹਰ ਕੱਢਣ ਲਈ ਸਿਹਤ ਵਿਭਾਗ, ਨਗਰ ਨਿਗਮ ਦੇ ਅਸਟੇਟ ਵਿਭਾਗ ਤੇ ਨਿਗਮ ਦੇ ਪਸ਼ੂ ਪਾਲਣ ਵਿਭਾਗ ਅਤੇ ਕਰ ਅਤੇ ਆਬਕਾਰੀ ਵਿਭਾਗ ਵਲੋਂ ਕਾਰਵਾਈ ਕੀਤੀ ਜਾਵੇਗੀ | ਪਤਾ ਲੱਗਾ ਹੈ ਤਮਾਕੂ, ਸਿਗਰੇਟਾਂ ਵਾਲੀਆ ਦੁਕਾਨਾਂ ਨੂੰ ਬਾਹਰ ਕੱਢਣ ਲਈ ਨਿਗਮ ਦੇ ਅਸਟੇਟ ਵਿਭਾਗ ਅਤੇ ਸਿਹਤ ਵਿਭਾਗ ਦੀਆਂ ਟੀਮਾਂ ਕੰਮ ਕਰਨਗੀਆਂ | ਪਤਾ ਲੱਗਾ ਹੈ ਸਿਹਤ ਵਿਭਾਗ ਵਲੋਂ ਕਮੇਟੀ ਬਣਾਉਣ ਲਈ ਅੱਜ ਬੈਠਕ ਕੀਤੀ ਗਈ ਹੈ ਅਤੇ ਭਲਕੇ ਨਿਗਮ ਕਮਿਸ਼ਨਰ ਦੀਆਂ ਹਦਾਇਤਾਂ 'ਤੇ ਨਿਗਮ ਦੇ ਅਸਟੇਟ ਵਿਭਾਗ ਅਤੇ ਪਸ਼ੂ ਪਾਲਣ ਵਿਭਾਗ ਦੀਆਂ ਟੀਮਾਂ ਦਾ ਗਠਿਨ ਕੀਤਾ ਜਾਵੇਗਾ | ਨਿਗਮ ਦੇ ਪਸ਼ੂ ਪਾਲਣ ਵਿਭਾਗ ਵਲੋਂ ਮੀਟ, ਅੰਡਿਆਂ ਵਾਲੀਆਂ ਦੁਕਾਨਾਂ ਨੂੰ ਬਾਹਰ ਕੱਢਣ ਲਈ ਦੁਕਾਨਦਾਰਾਂ ਨੂੰ ਨੋਟਿਸ ਕੱਢੇ ਗਏ ਹਨ ਅਤੇ ਇਕ ਹਫ਼ਤੇ ਦਾ ਸਮਾਂ ਦਿੱਤਾ ਗਿਆ ਹੈ | ਇਸ ਅਰਸੇ ਦੌਰਾਨ ਕਾਰਵਾਈ ਲਈ ਕਮੇਟੀ ਦਾ ਗਠਨ ਹੋ ਜਾਵੇਗਾ |