ਅੰਮਿ੍ਤਸਰ, 26 ਮਾਰਚ (ਰੇਸ਼ਮ ਸਿੰਘ)-ਸ਼ਹਿਰ ਜਿੱਥੇ ਆਵਾਜਾਈ ਸਮੱਸਿਆ ਨਾਲ ਜੂਝ ਰਿਹਾ ਹੈ ਉੱਥੇ ਸੜਕਾਂ 'ਤੇ ਹੁੰਦੇ ਧਾਰਮਿਕ ਸਮਾਗਮ ਸ਼ਹਿਰ ਦੀ ਆਵਾਜਾਈ ਜਾਮ ਦਾ ਅਕਸਰ ਕਾਰਨ ਬਣਦੇ ਹਨ ਅਤੇ ਇਨ੍ਹਾਂ ਸਮਾਗਮਾਂ 'ਤੇ ਪਾਬੰਧੀ ਲਾਉਣੀ ਚਾਹੀਦੀ ਹੈ | ਇਹ ਮੰਗ ਸਮਾਜ ਸੇਵਕ ਜਸਵੰਤ ਸਿੰਘ ਆਜ਼ਾਦ ਵਾਸੀ ਖਾਲਸਾ ਐਵੇਨਿਊ ਨੇੜੇ ਖਾਲਸਾ ਕਾਲਜ ਨੇ ਸੁਪਰੀਮ ਕੋਰਟ ਤੇ ਹਾਈਕੋਰਟ ਦੇ ਮੁੱਖ ਜੱਜਾਂ ਨੂੰ ਲਿਖੇ ਪੱਤਰ 'ਚ ਧਾਰਮਿਕ ਸਮਾਗਮ 'ਤੇ ਪਾਬੰਧੀ ਲਾਉਣ ਦੀ ਮੰਗ ਕਰਦਿਆਂ ਕੀਤਾ | ਉਨ੍ਹਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਜਿਵੇਂ ਬਾਕੀ ਸ਼ਹਿਰ 'ਚ ਜਗਰਾਤੇ ਹੋਰ ਧਰਮਾਂ ਦੇ ਧਾਰਮਿਕ ਸਮਾਗਮ ਹੁੰਦੇ ਹਨ ਅਤੇ ਇਸੇ ਤਰ੍ਹਾਂ ਹਰ ਸਾਲ ਸਕੱਤਰੀ ਬਾਗ ਚਾਟੀਵਿੰਡ ਚੌਕ, ਵਿਖੇ ਨਗਰ ਕੀਰਤਨ ਦਾ ਪ੍ਰੋਗਰਾਮ ਸੜਕ 'ਤੇ ਹੀ ਹੁੰਦਾ ਹੈ | ਪਿਛਲੇ 5-6 ਸਾਲ ਤੋਂ ਉਹ ਦੇਖਦੇ ਆ ਰਹੇ ਹਨ ਕਿ ਕੀਰਤਨ ਦਰਬਾਰ ਵਾਲੇ ਇੱਕ ਪਾਸੇ ਦੀ ਸੜਕ ਬੰਦ ਕਰਕੇ 2 ਦਿਨ ਉਸ ਦੇ ਟੈਂਟ ਅਤੇ ਪੰਡਾਲ ਲਾਉਂਦੇ ਹਨ ਅਤੇ 1 ਦਿਨ ਪ੍ਰੋਗਰਾਮ ਕਰਕੇ 2 ਦਿਨ ਟੈਂਟ ਅਤੇ ਪੰਡਾਲ ਉਤਾਰਨ 'ਤੇ ਲਗਾ ਦਿੰਦੇ ਹਨ ਜੋ ਕਿ 5 ਦਿਨ ਸੜਕ ਬੰਦ ਰਹਿੰਦੀ ਹੈ ਜਿਸ ਨਾਲ ਇਲਾਕੇ ਦੀ ਆਮ ਪਬਲਿਕ ਨੂੰ ਆਉਣ ਜਾਣ ਵਿਚ ਕਾਫੀ ਭਾਰੀ ਮੁਸ਼ਕਿਲ ਦਾ ਸਾਹਮਣਾ ਕਰਨਾ ਪੈਂਦਾ ਹੈ | ਉਨ੍ਹਾਂ ਨੂੰ ਧਾਰਮਿਕ ਸਮਾਗਮਾਂ 'ਤੇ ਕੋਈ ਇਤਰਾਜ਼ ਨਹੀਂ ਹੈ ਪਰ ਉਸਦਾ ਮੰਨਣਾ ਹੈ ਕਿ ਇਹ ਪਾਰਕਾਂ ਜਾਂ ਖੁੱਲੀ ਥਾਂ 'ਤੇ ਹੀ ਹੋਣੇ ਚਾਹੀਦੇ ਹਨ ਤਾਂ ਜੋ ਜਨਤਾ ਨੂੰ ਇਸ ਪ੍ਰੋਗਰਾਮ ਦੌਰਾਨ ਭਾਰੀ ਮੁਸ਼ਕਿਲਾਂ ਅਤੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ | ਉਨ੍ਹਾਂ ਕਿਹਾ ਕਿ ਇਸ ਲਈ ਉਹ ਪੁਲਿਸ ਕਮਿਸ਼ਨਰ ਤੇ ਏ.ਡੀ.ਸੀ.ਪੀ. ਟਰੈਫਿਕ ਨੂੰ ਵੀ ਪੱਤਰ ਲਿਖ ਚੁੱਕੇ ਹਨ |