ਵਿਸ਼ਵ ਰੰਗਮੰਚ ਦਿਵਸ 'ਤੇ ਵਿਸ਼ੇਸ਼ ਰੰਗਮੰਚ ਨੂੰ ਹੋਰ ਉੱਚਾ ਚੁੱਕਣ ਦੀ ਬਹੁਤ ਹੈ ਲੋੜ, ਸਰਕਾਰਾਂ ਦੀ ਸਵੱਲੀ ਨਜ਼ਰ ਦੀ ਹੈ ਉਡੀਕ
ਪਿ੍ਤਪਾਲ ਪਾਲੀ, ਜਗਦੀਸ਼ ਸਿੰਘ ਸੱਚਦੇਵਾ, ਦਲਜੀਤ ਸਿੰਘ ਅਰੋੜਾ ਦੀਆਂ ਤਸਵੀਰਾਂ |
<br/>
27-03-2026
ਰੰਗਕਰਮੀ ਅਤੇ ਫ਼ਿਲਮ ਅਦਾਕਾਰ ਜਗਦੀਸ਼ ਸੱਚਦੇਵਾ ਦਾ ਕਹਿਣਾ ਹੈ ਕਿ 27 ਮਾਰਚ ਦਾ ਦਿਹਾੜਾ ਹਰ ਸਾਲ ਪੂਰੇ ਵਿਸ਼ਵ ਦੇ ਰੰਗਕਰਮੀਆਂ ਵਲੋਂ ਵਿਸ਼ਵ ਰੰਗਮੰਚ ਦਿਵਸ ਵਜੋਂ ਬੜੇ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ | ਇਸ ਦਿਹਾੜੇ ਦਾ ਮਕਸਦ, ਮੇਰੀ ਜਾਚੇ ਇਹ ਮਿਥਿਆ ਗਿਆ ਹੋਵੇਗਾ, ਕਿ ਸਾਲ 'ਚ ਇਕ ਦਿਨ, ਦੁਨੀਆਂ ਭਰ ਦੀਆਂ ਰੰਗਮੰਚ ਨੂੰ ਸਮਰਪਿਤ ਹਸਤੀਆਂ ਮਿਲ ਬੈਠਕੇ, ਇਹ ਵਿਚਾਰ ਕਰਨ, ਕਿ ਬੀਤੇ ਵਰ੍ਹੇ 'ਚ ਅਸੀਂ ਆਪਣੇ ਪਿਆਰੇ ਰੰਗਮੰਚ ਅਤੇ ਆਪਣੀ ਪਿਆਰੀ ਮਾਂ ਬੋਲੀ ਦੇ ਨਾਟਕ ਨੂੰ ਕਿੰਨਾ ਕੁ ਅਗਾਂਹ ਤੋਰਨ ਵਿਚ ਸਫ਼ਲ ਹੋ ਸਕੇ ਹਾਂ | ਇਸ ਬਾਬਤ ਅਸੀਂ ਸਫਲ ਹੋ ਵੀ ਸਕੇ ਹਾਂ, ਜਾਂ ਨਹੀਂ ਅਤੇ ਨਵੇਂ ਵਰੇ੍ਹ ਵਿਚ ਸਾਡੇ, ਰੰਗਮੰਚ ਪ੍ਰਤੀ ਕੀ ਟੀਚੇ ਤੇ ਕਿਸ ਪੱਧਰ ਦੀਆਂ ਕੋਸ਼ਿਸ਼ਾਂ ਹੋਣੀਆਂ ਚਾਹੀਦੀਆਂ ਹਨ | ਅਦਾਕਾਰ ਦਲਜੀਤ ਸਿੰਘ ਅਰੋੜਾ ਨੇ ਕਿਹਾ ਕਿ ਅੰਮਿ੍ਤਸਰ ਰੰਗਮੰਚ ਦਾ ਇਤਿਹਾਸ ਬਹੁਤ ਸਮਾਜਿਕ, ਸੱਭਿਆਚਾਰਕ, ਸਾਹਿਤਕ ਅਤੇ ਰਾਜਨੀਤਿਕ ਗਤੀਵਿਧੀਆਂ ਦੀ ਡੂੰਘਾਈ ਨਾਲ ਜੁੜਿਆ ਹੋਇਆ ਬਹੁਤ ਹੀ ਅਮੀਰ ਅਤੇ ਦਿਲਚਸਪ ਹੈ | ਸਮੇਂ-ਸਮੇਂ ਸਮਾਜਿਕ ਊਣਤੀਆਆਂ ਦੇ ਵਿਰੋਧ ਵਜੋਂ ਵਿਰੋਧ ਦੇ ਇਹ ਇਕ ਥੰਮ੍ਹ ਬਣ ਕੇ ਉੱਭਰਿਆ | ਸਮਾਜਿਕ ਤੌਰ 'ਤੇ ਚੇਤੰਨ ਰੰਗਮੰਚ ਵਿਕਸਤ ਕਰਨ ਲਈ ਗੁਰਸ਼ਰਨ ਸਿੰਘ ਭਾਅ ਜੀ ਇਸ ਦੀ ਸੁਚੱਜੀ ਅਗਵਾਈ ਕਰਨ ਲਈ ਇਕ ਪਲੇਟਫਾਰਮ ਦਾ ਨੀਂਹ ਪੱਥਰ ਰੱਖਿਆ | ਭਾਈ ਵੀਰ ਸਿੰਘ ਅਤੇ ਨਾਨਕ ਸਿੰਘ ਵਰਗੇ ਲੇਖਕਾਂ ਦੇ ਸ਼ੁਰੂਆਤੀ ਯੋਗਦਾਨ ਨਾਲ ਅੰਮਿ੍ਤਸਰ ਰੰਗਮੰਚ ਪੰਜਾਬੀ ਸਾਹਿਤ ਅਤੇ ਸੱਭਿਆਚਾਰ ਦਾ ਕੇਂਦਰ ਬਣਿਆ ਜਿਸਨੇ ਥੀਏਟਰ ਲਈ ਇਕ ਮਜ਼ਬੂਤ ਬੌਧਿਕ ਨੀਂਹ ਨੂੰ ਉਤਸ਼ਾਹਿਤ ਕੀਤਾ |
ਅੰਮਿ੍ਤਸਰ ਰੰਗਮੰਚ ਨੂੰ ਨਵੀਆਂ ਬੁਲੰਦੀਆਂ ਤੱਕ ਲਿਜਾਣ ਵਾਲੀਆਂ ਪ੍ਰਮੁੱਖ ਸ਼ਖ਼ਸੀਅਤਾਂ-
ਨਿਰਦੇਸ਼ਕਾਂ ਅਤੇ ਕਲਾਕਾਰਾਂ 'ਚ ਕੇਵਲ ਧਾਲੀਵਾਲ, ਜਤਿੰਦਰ ਬਰਾੜ, ਹਰਭਜਨ ਜੱਬਲ, ਜਤਿੰਦਰ ਕੌਰ, ਬਲਰਾਜ ਸਾਹਨੀ, ਅਚਲਾ ਸਹਿਦੇਵ, ਯੱਸ਼ ਸ਼ਰਮਾ, ਜਗਦੀਸ਼ ਸੱਚਦੇਵਾ, ਸੁਰੇਸ਼ ਪੰਡਿਤ, ਜਸਵੰਤ ਸਿੰਘ ਜੱਸ, ਅਨੀਤਾ ਦੇਵਗਨ, ਹਰਦੀਪ ਗਿੱਲ ਅਤੇ ਹਰਿੰਦਰ ਸੋਹਲ ਆਦਿ ਦਾ ਅਹਿਮ ਯੋਗਦਾਨ ਹੈ |