06-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-03-2026

ਖ਼ਾਲਸਾ ਕਾਲਜ ਵਿਖੇ 'ਏ. ਆਈ. ਦੇ ਦੌਰ 'ਚ ਖੋਜ ਅਤੇ ਸਿਰਜਣਾਤਮਿਕਤਾ' ਵਿਸ਼ੇ 'ਤੇ 3 ਦਿਨਾ ਅੰਤਰਰਾਸ਼ਟਰੀ ਕਾਨਫ਼ਰੰਸ ਆਰੰਭ

ਅਜੀਤ ਡੈਸਕ 27-03-2026
ਅੰਮਿ੍ਤਸਰ, 26 ਮਾਰਚ (ਜਸਵੰਤ ਸਿੰਘ ਜੱਸ)-ਅੱਜ ਇੱਥੇ ਸਥਾਨਕ ਖ਼ਾਲਸਾ ਕਾਲਜ ਵਿਖੇ ਪੰਜਾਬ ਕਲਾ ਪ੍ਰੀਸ਼ਦ ਅਤੇ ਪੰਜਾਬ ਸਾਹਿਤ ਅਕਾਡਮੀ ਚੰਡੀਗੜ੍ਹ ਵਲੋਂ 'ਏ. ਆਈ. ਦੇ ਦੌਰ 'ਚ ਖੋਜ ਅਤੇ ਸਿਰਜਨਾਤਮਿਕਤਾ : ਨਵੇਂ ਸੰਦ, ਤਕਨੀਕਾਂ ਅਤੇ ਖੋਜ ਵਿਧੀਆਂ' ਵਿਸ਼ੇ 'ਤੇ ਤਿੰਨ ਦਿਨਾ ਬਹੁ-ਅਨੁਸ਼ਾਸਨੀ ਅੰਤਰ-ਰਾਸ਼ਟਰੀ ਕਾਨਫ਼ਰੰਸ ਆਰੰਭ ਹੋਈ | ਇਸ ਕਾਨਫਰੰਸ ਦੀ ਸ਼ੁਰੂਆਤ ਮੌਕੇ ਕਾਲਜ ਦੇ ਪਿ੍ੰਸੀਪਲ ਅਤੇ ਕਾਨਫ਼ਰੰਸ ਦੇ ਚੀਫ਼ ਕੋਆਰਡੀਨੇਟਰ ਡਾ. ਆਤਮ ਸਿੰਘ ਰੰਧਾਵਾ ਨੇ ਪੁੱਜੀਆਂ ਨਾਮਵਰ ਸ਼ਖ਼ਸੀਅਤਾਂ ਨੂੰ ਫ਼ੁੱਲਾਂ ਦੇ ਗੁਲਦਸਤੇ ਦੇ ਕੇੇ ਸਵਾਗਤ ਕੀਤਾ | ਕਾਨਫਰੰਸ ਦੀ ਪ੍ਰਧਾਨਗੀ ਕਰਦਿਆਂ ਖ਼ਾਲਸਾ ਯੂਨੀਵਰਸਿਟੀ ਦੇ ਪ੍ਰੋ-ਚਾਂਸਲਰ ਅਤੇ ਖਾਲਸਾ ਕਾਲਜ ਗਵ: ਕੌਂਸਲ ਦੇ ਆਨਰੇਰੀ ਸਕੱਤਰ ਰਜਿੰਦਰ ਮੋਹਨ ਸਿੰਘ ਛੀਨਾ ਨੇ ਕਿਹਾ ਕਿ ਅਜੋਕਾ ਸਮਾਜ ਆਪਣੀਆਂ ਜ਼ਰੂਰਤਾਂ ਦੀ ਪੂਰਤੀ ਲਈ ਤੇਜੀ ਨਾਲ ਬਦਲ ਰਿਹਾ ਹੈ | ਸਾਨੂੰ ਸਮੇਂ ਦੇ ਹਾਣ ਦਾ ਹੋਣ ਲਈ ਏ. ਆਈ. ਵਰਗੇ ਸਾਧਨਾਂ ਨੂੰ ਵਰਤੋਂ 'ਚ ਲਿਆਉਣਾ ਲਾਜ਼ਮੀ ਹੋ ਗਿਆ ਹੈ | ਪਿ੍ੰ: ਡਾ. ਰੰਧਾਵਾ ਨੇ ਕਿਹਾ ਕਿ ਅਜੋਕੇ ਸਮੇਂ 'ਚ ਅਕਾਦਮਿਕ ਪੱਧਰ 'ਤੇ ਖੋਜ ਦੇ ਨਵੇਂ ਸੰਦਾਂ ਦੀ ਵਰਤੋਂ ਅਤੇ ਤਕਨੀਕ ਦੇ ਮਹੱਤਵ ਨੂੰ ਮੁੱਖ ਰੱਖਦਿਆਂ ਹੋਇਆਂ ਇਸ ਕਾਨਫ਼ਰੰਸ ਦਾ ਆਯੋਜਨ ਕੀਤਾ ਗਿਆ ਹੈ | ਵਿਸ਼ੇਸ਼ ਮਹਿਮਾਨ ਵਜੋਂ ਪੁੱਜੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ: ਕਰਮਜੀਤ ਸਿੰਘ ਨੇ ਕਿਹਾ ਕਿ ਇਹ ਕਾਨਫਰੰਸ ਖੋਜ-ਕਾਰਜ ਕਰਨ ਵਾਲੇ ਵਿਦਿਆਰਥੀਆਂ ਲਈ ਏ. ਆਈ. ਨਾਲ ਜੁੜੀਆਂ ਤਕਨੀਕੀ ਵਿਧੀਆਂ ਦੀ ਵਰਤੋਂ ਲਈ ਲਾਹੇਵੰਦ ਸਾਬਤ ਹੋਵੇਗੀ | ਖ਼ਾਲਸਾ 'ਵਰਸਿਟੀ ਦੇ ਉਪ-ਕੁਲਪਤੀ ਡਾ. ਮਹਿਲ ਸਿੰਘ ਨੇ ਕਿਹਾ ਕਿ ਸਾਹਿਤਕ ਖੇਤਰ 'ਚ ਏ. ਆਈ. ਮਨੁੱਖੀ ਦਿਮਾਗ ਦਾ ਬਦਲ ਨਹੀਂ ਹੈ | ਵਿਕਾਸ ਦਾ ਸੰਬੰਧ ਤਕਨੀਕ ਨਾਲ ਨਹੀਂ ਬਲਕਿ ਮਨੁੱਖੀ ਦਿਮਾਗ ਨਾਲ ਹੈ | ਆਪਣੇ ਆਲੇ-ਦੁਆਲੇ ਪ੍ਰਤੀ ਵਾਪਰ ਰਹੇ ਵਰਤਾਰੇ ਪ੍ਰਤੀ ਜਾਗਰੂਕਤਾ ਪੈਦਾ ਕਰਕੇ ਅਸੀਂ ਅਜੋਕੀ ਤਕਨੀਕ ਦੇ ਮਾਰੂ ਪ੍ਰਭਾਵਾਂ ਤੋਂ ਸੁਰੱਖਿਅਤ ਰਹਿ ਸਕਦੇ ਹਾਂ | ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਉਪ-ਕੁਲਪਤੀ ਪ੍ਰੋ: ਸਤਬੀਰ ਸਿੰਘ ਗੋਸਲ ਨੇ ਖੇਤੀਬਾੜੀ ਵਿਚ ਵਰਤੀਆਂ ਜਾ ਰਹੀਆਂ ਨਵੀਆਂ ਤਕਨੀਕਾਂ ਅਤੇ ਇਨ੍ਹਾਂ ਦੀ ਵਰਤੋਂ ਬਾਰੇ ਲਾਹੇਵੰਦ ਜਾਣਕਾਰੀ ਸਾਂਝੀ ਕੀਤੀ | ਏ. ਆਈ. ਮਾਹਿਰ ਯੋਗੇਸ਼ ਕੌਛਰ ਨੇ ਨੌਜਵਾਨ ਪੀੜ੍ਹੀ 'ਤੇ ਏ. ਆਈ. ਵਰਗੇ ਉਪਕਰਣਾਂ ਦੇ ਮਾਰੂ ਪ੍ਰਭਾਵਾਂ ਦੀ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਅਸੀਂ ਫੋਨ ਵਿਚ ਚਲਾਉਣ ਵਾਲੇ ਐਪਸ ਦੇ ਗੁਲਾਮ ਬਣ ਚੁਕੇ ਹਾਂ | ਚਿੰਤਕ ਅਮਰਜੀਤ ਸਿੰਘ ਗਰੇਵਾਲ ਨੇ ਕਿਹਾ ਕਿ ਮਨੁੱਖ ਅਤੇ ਤਕਨੀਕ ਦੇ ਆਪਸੀ ਸੰਬੰਧਾਂ ਨੂੰ ਸਮਝੇ ਬਿਨਾਂ ਏ. ਆਈ. ਨੂੰ ਸਮਝਿਆ ਨਹੀਂ ਜਾ ਸਕਦਾ ਹੈ ਤੇ ਤਕਨੀਕ ਤੋਂ ਬਿਨਾਂ ਮਨੁੱਖ ਜੀਵਤ ਨਹੀਂ ਰਹਿ ਸਕਦਾ, ਪਰ ਮਨੁੱਖ ਦੀ ਸਿਰਜਣਾਤਮਿਕਤਾ ਏ. ਆਈ. ਦਾ ਬਦਲ ਨਹੀਂ ਹੈ | ਇਸ ਸਮੇਂ ਕਾਲਜ ਮੈਗਜ਼ੀਨ ਦਰਬਾਰ ਅਤੇ ਸੰਵਾਦ ਦਾ 23ਵਾਂ ਅੰਕ ਲੋਕ ਅਰਪਿਤ ਕੀਤਾ ਗਿਆ | ਇਸ ਮੌਕੇ ਵਿਸ਼ੇਸ਼ ਮਹਿਮਾਨ ਵਜੋਂ ਪੰਜਾਬ ਕਲਾ ਪ੍ਰੀਸ਼ਦ ਚੰਡੀਗੜ੍ਹ ਦੇ ਪ੍ਰਧਾਨ ਸਵਰਨਜੀਤ ਸਿੰਘ ਸਵੀ ਨੇ ਸ਼ਿਰਕਤ ਕੀਤੀ | ਕਾਨਫ਼ਰੰਸ ਦਾ ਪਹਿਲਾ ਅਕਾਦਮਿਕ ਸੈਸ਼ਨ ਸਰ ਸੁੰਦਰ ਸਿੰਘ ਮਜੀਠੀਆ ਹਾਲ ਵਿਚ ਏ. ਆਈ. ਵਿਸ਼ੇ ਨਾਲ ਸੰਬੰਧਿਤ ਵਿਚਾਰ-ਚਰਚਾ ਨਾਲ ਸ਼ੁਰੂ ਹੋਇਆ ਜਿਸਦੀ ਪ੍ਰਧਾਨਗੀ ਭਾਰਤੀ ਸਾਹਿਤ ਅਕਾਦਮੀ ਦਿੱਲੀ ਦੇ ਕਨਵੀਨਰ ਪ੍ਰੋਫ਼ੈਸਰ ਰਵੇਲ ਸਿੰਘ ਨੇ ਕੀਤੀ ਤੇ ਮੁੱਖ ਬੁਲਾਰੇ ਵਜੋਂ ਐੱਮ. ਡੀ. ਡਾਟਾ ਵੀਵ ਟੈਕਨਾਲੋਜੀ ਮੁੰਬਈ ਦੇ ਵਿਦਾਂਤ ਆਹਲੂਵਾਲੀਆ, ਮੁਖੀ ਏ. ਆਈ. ਐਨਟਾਇਰ ਸਲਿਊਸ਼ਨਜ਼ ਅਜੀਤਪਾਲ ਬਰਾੜ ਅਤੇ ਡਾਇਰੈਕਟਰ ਇੰਟਰਨੈਸ਼ਨਲ ਅਫੇਅਰਜ਼ ਤੇ ਪ੍ਰੋਫ਼ੈਸਰ ਮੈਨੇਜਮੈਂਟ ਗੁਰੂ ਗੋਬਿੰਦ ਸਿੰਘ ਇੰਦਰਪ੍ਰਸਥ ਯੂਨੀਵਰਸਿਟੀ, ਨਵੀਂ ਦਿੱਲੀ ਦੇ ਗਗਨਦੀਪ ਸ਼ਰਮਾ ਨੇ ਮੁੱਖ ਬੁਲਾਰਿਆਂ ਵਜੋਂ ਪੈਨਲ ਚਰਚਾ ਵਿਚ ਹਿੱਸਾ ਲਿਆ | ਦੁਪਹਿਰ ਤੋਂ ਬਾਅਦ ਦੂਜਾ ਅਕਾਦਮਿਕ ਸੈਸ਼ਨ 'ਸਮਾਜ ਵਿਗਿਆਨ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ' ਵਿਸ਼ੇ 'ਤੇ ਹੋਇਆ ਜਿਸਦੀ ਪ੍ਰਧਾਨਗੀ ਪ੍ਰੋ. ਡਾ. ਕੁਲਦੀਪ ਸਿੰਘ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਡਾ. ਸਤਨਾਮ ਸਿੰਘ ਦਿਓਲ ਅਤੇ ਡਾ. ਜਤਿੰਦਰ ਸਿੰਘ ਨੇ ਆਪਣੇ ਵਿਚਾਰ ਪੇਸ਼ ਕੀਤੇ |
ਸਮਾਨਾਂਤਰ ਸੈਸ਼ਨ ਦੇ ਚਲਦਿਆਂ 'ਭੌਤਿਕ ਵਿਗਿਆਨ ਵਿੱਚ ਖੋਜ ਦੀਆਂ ਵਿਧੀਆਂ ਅਤੇ ਤਕਨੀਕਾਂ' ਵਿਸ਼ੇ 'ਤੇ ਵਿਚਾਰ ਚਰਚਾ ਕਰਵਾਈ ਗਈ ਜਿਸਦੀ ਪ੍ਰਧਾਨਗੀ ਪ੍ਰੋ. ਆਰ. ਕੇ. ਬੇਦੀ ਨੇ ਕੀਤੀ ਅਤੇ ਵਿਸ਼ਾ ਮਾਹਿਰ ਵਜੋਂ ਡਾ. ਅਨੁਪਿੰਦਰ ਸਿੰਘ, ਭਾਭਾ ਐਟੋਮਿਕ ਰਿਸਰਚ ਸੈਂਟਰ, ਮੁੰਬਈ ਦੇ ਸਾਬਕਾ ਵਿਗਿਆਨਕ ਅਧਿਕਾਰੀ, ਡਾ. ਸਰਬਜੀਤ ਸਿੰਘ ਅਤੇ ਡਾ. ਵਿਜੇ ਕੁਮਾਰ ਨੇ ਵਿਚਾਰ ਪੇਸ਼ ਕੀਤੇ |ਸਾਹਿਤਕ ਸ਼ਾਮ ਦੇ ਤਹਿਤ ਭਾਸ਼ਾ ਵਿਭਾਗ ਪੰਜਾਬ ਵਲੋਂ ਡਾ. ਮਹਿੰਦਰ ਸਿੰਘ ਰੰਧਾਵਾ ਦੀ ਯਾਦ ਨੂੰ ਸਮਰਪਿਤ 'ਸ਼ਾਮ-ਏ-ਸੁਖ਼ਨ' ਮੁਸ਼ਾਇਰਾ ਕਰਵਾਇਆ, ਜਿਸਦੀ ਪ੍ਰਧਾਨਗੀ ਸਾਹਿਤ ਅਕੈਡਮੀ ਦਿੱਲੀ ਦੇ ਪ੍ਰਧਾਨ ਮਾਧਵ ਕੌਸ਼ਿਕ ਨੇ ਕੀਤੀ ਤੇ ਨਾਮਵਰ ਉਰਦੂ ਸ਼ਾਇਰ ਵਸੀਮ ਬਰੇ੍ਹਲਵੀ ਅਤੇ ਨਾਮਵਰ ਪੰਜਾਬੀ ਗਾਇਕ ਤੇ ਸ਼ਾਇਰ ਡਾ. ਸਤਿੰਦਰ ਸਰਤਾਜ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਪੰਜਾਬੀ, ਉਰਦੂ ਅਤੇ ਹਿੰਦੀ ਭਾਸ਼ਾ ਦੇ ਨਾਮਵਰ ਸ਼ਾਇਰਾਂ ਸੁਖਵਿੰਦਰ ਅੰਮਿ੍ਤ, ਖੁਸ਼ਬੀਰ ਸਿੰਘ ਸ਼ਾਦ, ਪ੍ਰੋ. ਰਾਜੇਸ਼ ਮੋਹਨ, ਤਰਲੋਚਨ ਲੋਚੀ, ਮੁਕੇਸ਼ ਆਲਮ, ਜਤਿੰਦਰ ਸ੍ਰੀਵਾਸਤਵ ਅਤੇ ਅਜੀਤ ਪਾਲ ਨੇ ਆਪਣੇ ਕਲਾਮ ਰਾਹੀਂ ਮਹਿਫਲ ਦਾ ਰੰਗ ਬੰਨਿਆ | ਮੰਚ ਸੰਚਾਲਕ ਵਜੋਂ ਸਵਾਮੀ ਅੰਤਰੀਵ ਨੀਰਵ ਆਪਣੀ ਬਿਹਤਰੀਨ ਭੂਮਿਕਾ ਨਿਭਾਈ | ਭਾਸ਼ਾ ਵਿਭਾਗ ਪੰਜਾਬ ਦੇ ਡਾਇਰੈਕਟਰ ਜਸਵੰਤ ਸਿੰਘ ਜਫ਼ਰ ਆਈਆਂ ਹੋਈਆਂ ਸ਼ਖ਼ਸੀਅਤਾਂ ਦਾ ਧੰਨਵਾਦ ਕੀਤਾ | ਇਸ ਮੌਕੇ ਡਾ. ਪਰਮਿੰਦਰ ਸਿੰਘ, ਡਾ. ਹੀਰਾ ਸਿੰਘ, ਸਵਾਮੀ ਅੰਤਰੀਵ ਨੀਰਵ, ਡਾ. ਇੰਦਰਜੀਤ ਸਿੰਘ ਗੋਗੋਆਣੀ ਸਮੇਤ ਹੋਰ ਸ਼ਖ਼ਸੀਅਤਾਂ ਹਾਜ਼ਰ ਸਨ |
ਪਿਛਲੀ ਖ਼ਬਰ ਗੁਰਦੁਆਰਾ ਨਾਨਕਸਰ ਵੇਰਕਾ ਦਾ 2 ਰੋਜ਼ਾ ਮੇਲਾ ਸਮਾਪਤ <br/> ਅਗਲੀ ਖ਼ਬਰ ਬਲਜਿੰਦਰ ਸਿੰਘ ਮਾਹਲ ਦੀ ਅੰਤਿਮ ਅਰਦਾਸ ਮੌਕੇ ਵੱਖ-ਵੱਖ ਆਗੂਆਂ ਵਲੋਂ ਸ਼ਰਧਾਂਜਲੀਆਂ ਭੇਟ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।