ਅੰਮਿ੍ਤਸਰ, 1 ਮਾਰਚ (ਹਰਮਿੰਦਰ ਸਿੰਘ)-ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਚਰਨ ਛੋਹ ਪ੍ਰਾਪਤ ਇਤਿਹਾਸਕ ਗੁ: ਕੋਠਾ ਸਾਹਿਬ ਵੱਲ੍ਹਾ ਦੇ ਚਲ ਰਹੇ ਮੇਲੇ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤਾਂ ਨੇ ਨਤਮਸਤਕ ਹੋ ਕੇ ਗੁਰੂ ਘਰ ਦਾ ਅਸ਼ੀਰਵਾਦ ਪ੍ਰਾਪਤ ਕੀਤਾ | ਇਸ ਸੰਬੰਧ 'ਚ ਸ਼ੋ੍ਰਮਣੀ ਕਮੇਟੀ ਵਲੋਂ ਧਾਰਮਿਕ ਸਭਾ ਸੁਸਾਇਟੀਆਂ ਤੇ ਸੰਗਤਾਂ ਦੇ ਸਹਿਯੋਗ ਨਾਲ ਅੱਜ ਧਾਰਮਿਕ ਸਮਾਗਮ ਸਜਾਏ ਗਏ | ਸਵੇਰ ਦੇ ਸਮੇਂ ਸ਼ਬਦ ਕੀਰਤਨ ਨਾਮ ਸਿਮਰਨ ਸੰਸਥਾ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਗਏ, ਜਿਸ ਉਪਰੰਤ ਭਾਈ ਜਸਬੀਰ ਸਿੰਘ ਬੈਂਕ ਵਾਲੇ, ਭਾਈ ਜਵਾਹਰ ਲਾਲ ਸਿੰਘ, ਬੀਬੀ ਖੁਪਰਾਜ ਕੌਰ, ਬੀਬੀ ਕੀਰਤ ਕੌਰ, ਬੀਬੀ ਅਰਵਿੰਦਰ ਕੌਰ ਤੇ ਬੀਬਾ ਪ੍ਰਭਨੂਰ ਕੌਰ ਦੇ ਜਥਿਆਂ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਲਗਾਈ | ਇਸ ਦੌਰਾਨ ਭਾਈ ਜਗਦੀਸ਼ ਸਿੰਘ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਈ | ਇਸ ਦੌਰਾਨ ਸਟੇਜ ਸੇਵਾ ਗਿਆਨੀ ਅੰਮਿ੍ਤਪਾਲ ਸਿੰਘ ਵਲੋਂ ਨਿਭਾਈ ਗਈ | ਉਪਰੰਤ ਸ਼ਬਦ ਗੁਰੂ ਕੀਰਤਨੀ ਜਥਾ ਵਲੋਂ ਭਾਈ ਗੁਰਵਿੰਦਰ ਸਿੰਘ ਰਿੰਕੂ ਵੀਰ ਜੀ ਵਲੋਂ ਸਮਾਗਮ ਨੂੰ ਅੱਗੇ ਵਧਾਇਆ ਗਿਆ | ਇਸ ਦੌਰਾਨ ਭਾਈ ਗੁਰਇਕਬਾਲ ਸਿੰਘ ਬੀਬੀ ਕੌਲਾ ਜੀ ਭਲਾਈ ਕੇਂਦਰ, ਬਾਲ ਫੁਲਵਾੜੀ ਦੇ ਜਥੇ, ਭਾਈ ਜਸਬੀਰ ਸਿੰਘ ਰੈਣ ਸੁਬਾਈ ਵਾਲੇ, ਭਾਈ ਹਰਿੰਦਰ ਸਿੰਘ ਰੋਮੀ ਤੇ ਅਖੰਡ ਕੀਰਤਨੀ ਜਥਿਆਂ ਸਮੇਤ ਕਈ ਹੋਰ ਪੰਥ ਪ੍ਰਸਿੱਧ ਰਾਗੀ ਜਥਿਆਂ ਵਲੋਂ ਵਲੋਂ ਗੁਰਬਾਣੀ ਕੀਰਤਨ ਦੀ ਛਹਿਬਰ ਲਗਾ ਕੇ ਸੰਗਤਾਂ ਨੂੰ ਨਿਹਾਲ ਕੀਤਾ | ਇਸ ਦੌਰਾਨ ਸ੍ਰੀ ਹਰਿਮੰਦਰ ਸਾਹਿਬ ਦੇ ਗ੍ਰੰਥੀ ਸਿੰਘ ਸਾਹਿਬ ਗਿਆਨੀ ਬਲਵਿੰਦਰ ਸਿੰਘ ਵਲੋਂ ਗੁਰਮਤਿ ਵਿਚਾਰਾਂ ਦੀ ਸਾਂਝ ਪਾਉਦੇ ਹੋਏ ਗੁਰ ਇਤਿਹਾਸ ਤੋਂ ਜਾਣੂੰ ਕਰਵਾਇਆ | ਇਸ ਮੌਕੇ ਗੁ: ਕੋਠਾ ਸਾਹਿਬ ਦੇ ਮੈਨੇਜਰ ਰਛਪਾਲ ਸਿੰਘ, ਮੀਤ ਮੈਨੇਜਰ ਜਗਰਾਜ ਸਿੰਘ ਵਲੋਂ ਰਾਗੀ ਜਥਿਆਂ, ਕਥਾ ਵਾਚਕਾਂ ਨੂੰ ਸਿਰੋਪਾਓ ਪਾ ਕੇ ਸਨਮਾਨਿਤ ਕੀਤਾ | ਇਸ ਮੌਕੇ ਗੁਰੂ ਲੰਗਰ ਅਟੁੱਟ ਵਰਤਾਏ ਗਏ | ਇਸ ਮੌਕੇ ਸਤਿੰਦਰ ਸਿੰਘ ਚਾਵਲਾ, ਕੁਲਦੀਪ ਸਿੰਘ, ਜਗਦੀਸ਼ ਸਿੰਘ ਵਾਲੀਆ, ਹਰਪ੍ਰੀਤ ਸਿੰਘ, ਹਰਜਿੰਦਰ ਸਿੰਘ ਸਬਜ਼ੀ ਮੰਡੀ ਵਾਲੇ, ਰਣਜੋਧ ਸਿੰਘ, ਇਕਬਾਲ ਸਿੰਘ, ਸਵਿੰਦਰ ਸਿੰਘ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਮੌਜੂਦ ਸਨ | ਇਸ ਸੰਬੰਧੀ ਮੈਨੇਜਰ ਰਛਪਾਲ ਸਿੰਘ ਨੇ ਦੱਸਿਆ ਕਿ ਇਹ ਮੇਲਾ 8 ਮਾਰਚ ਤੱਕ ਚਲੇਗਾ | ਇਸ ਦੌਰਾਨ ਰੋਜਾਨਾ ਹੀ ਵੱਖ-ਵੱਖ ਸਭਾ ਸੁਸਾਇਟੀਆਂ ਵਲੋਂ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਕੀਤੇ ਜਾਣਗੇ ਤੇ ਗੁਰਬਾਣੀ ਕੀਰਤਨ ਕੀਤਾ ਜਾਵੇਗਾ | ਮੇਲੇ ਦੌਰਾਨ ਵੱਖ-ਵੱਖ ਤਰ੍ਹਾਂ ਦੇ ਪੰਘੂੜੇ ਲਗਾਏ ਗਏ ਜੋ ਮੇਲੇ ਦੀਆਂ ਰੌਣਕਾਂ ਨੂੰ ਹੋਰ ਵਧਾ ਰਹੇ ਸਨ |