ਅੰਮਿ੍ਤਸਰ, 19 ਫ਼ਰਵਰੀ (ਹਰਮਿੰਦਰ ਸਿੰਘ)-ਫ਼ੋਕਲੋਰ ਰਿਸਰਚ ਅਕਾਦਮੀ (ਰਜਿ.) ਅੰਮਿ੍ਤਸਰ ਅਤੇ ਪ੍ਰਗਤੀਸ਼ੀਲ ਲੇਖਕਸੰਘ ਅੰਮਿ੍ਤਸਰ ਵਲੋਂ ਕੌਮਾਂਤਰੀ ਪੰਜਾਬੀ ਮਾਂ-ਬੋਲੀ ਦਿਵਸ ਦੇ ਸੰਬੰਧ 'ਚ ਪੰਜਾਬ ਨਾਟਸ਼ਾਲਾ ਦੇ ਸੰਸਥਾਪਕ ਸ਼ੋ੍ਰਮਣੀ ਨਾਟਕਕਾਰ ਜਤਿੰਦਰ ਬਰਾੜ ਨੂੰ ਸਮਰਪਿਤ ਸਮਾਗਮ ਸਰੂਪ ਰਾਣੀ ਸਰਕਾਰੀ ਕਾਲਜ਼ (ਇ.) ਦੇ ਸਹਿਯੋਗ ਨਾਲ ਕਾਲਜ ਵਿਖੇ ਕਰਵਾਇਆ ਗਿਆ | ਜਿਸ ਵਿਚ ਸਾਹਿਤਕਾਰਾਂ, ਲੇਖਕਾਂ, ਅਧਿਆਪਕਾਂ, ਵਿਦਿਆਰਥੀਆਂ ਤੇ ਸਾਹਿਤ ਪ੍ਰੇਮੀਆਂ ਨੇ ਹਿੱਸਾ ਲਿਆ | ਇਸ ਮੌਕੇ ਮੁੱਖ ਬੁਲਾਰੇ ਵਜੋਂ ਭਾਰਤੀ ਸਾਹਿਤ ਅਕਾਦਮੀ ਪੁਰਸਕਾਰ ਜੇਤੂ ਨਾਟਕਕਾਰ ਡਾ: ਕੁਲਦੀਪ ਸਿੰਘ ਦੀਪ (ਪਟਿਆਲਾ) ਨੇ ਆਪਣੇ ਪ੍ਰਧਾਨਗੀ ਭਾਸ਼ਣ 'ਚ ਕਿਹਾ ਕਿ ਵਿਸ਼ਵ ਦੀਆਂ ਕੁਝ ਤਾਕਤਾਂ ਵਲੋਂ ਦੁਨੀਆ ਭਰ 'ਚ ਬੋਲੀਆਂ ਜਾਣ ਵਾਲੀਆਂ ਭਾਸ਼ਾਵਾਂ ਨੂੰ ਕਿਨਾਰੇ ਕਰਕੇ ਆਪਣੀ ਭਾਸ਼ਾ ਨੂੰ ਉਤਸ਼ਾਹਿਤ ਕੀਤਾ ਜਾ ਰਿਹਾ ਹੈ | ਜਿਸ ਕਾਰਨ ਇਕ ਭਾਸ਼ਾ ਨੂੰ ਬੋਲਣ ਵਾਲੇ ਲੋਕ ਦੂਜੀ ਭਾਸ਼ਾ ਵਿਚ ਪ੍ਰਵਾਸ ਕਰ ਰਹੇ ਹਨ | ਜਦੋਂ ਕਿਸੇ ਭਾਸ਼ਾ ਨੂੰ ਬੋਲਣ ਵਾਲੇ ਆਪਣੀ ਭਾਸ਼ਾ ਪ੍ਰਤੀ ਹੀਣਤਾ ਮਹਿਸੂਸ ਕਰਨ ਲਗ ਪੈਣ ਤਾਂ ਉਹ ਭਾਸ਼ਾ ਮਰਨਾ ਸ਼ੁਰੂ ਹੋ ਜਾਂਦੀ ਹੈ | ਉਨ੍ਹਾਂ ਕਿਹਾ ਕਿ ਹਰ ਭਾਸ਼ਾ ਦੇ ਗੀਤ ਆਪਣੇ ਖਿਤੇ ਦੇ ਸਭਿਆਚਾਰ ਦੀ ਨੁਮਾਇੰਦਗੀ ਕਰਦੇ ਹਨ, ਇਸ ਕਰਕੇ ਪੰਜਾਬ ਦੇ ਸਕੂਲਾਂ ਵਿਚ ਵਿਦਿਆਰਥੀਆਂ ਨੂੰ ਅਗਰੇਜ਼ੀ ਦੀ ਥਾਂ 'ਤੇ ਆਪਣੀ ਮਾਂ ਬੋਲੀ 'ਚ ਬਾਲ ਗੀਤ ਤਿਆਰ ਕਰਵਾਏ ਜਾਣੇ ਚਾਹੀਦੇ ਹਨ ਅਤੇ ਪਹਿਲੀ ਤੋਂ ਉਚੇਰੀ ਜਮਾਤ ਤੱਕ ਦਾ ਮਧਿਅਮ ਪੰਜਾਬੀ ਹੀ ਹੋਣਾ ਚਾਹੀਦਾ ਹੈ | ਪੰਜਾਬੀ ਸ਼ਾਇਰ ਪ੍ਰੋ: ਸੁਰਜੀਤ ਜੱਜ ਨੇ ਕਿਹਾ ਕਿ ਗਿਆਨ ਅਤੇ ਕਲਪਨਾ ਦਾ ਵਿਸਥਾਰ ਸਿਰਫ਼ ਆਪਣੀ ਭਾਸ਼ਾ 'ਚ ਹੀ ਹੋ ਸਕਦਾ ਹੈ | ਦੂਜੀ ਭਾਸ਼ਾ ਦਿਮਾਗ ਵਿਚੋਂ ਪੈਦਾ ਹੁੰਦੀ ਹੈ ਪਰ ਆਪਣੀ ਮਾਂ-ਬੋਲੀ ਦਿਲ ਦੀ ਜ਼ੁਬਾਨ ਹੁੰਦੀ ਹੈ | ਉਨ੍ਹਾਂ ਕਿਹਾ ਕਿ ਮਨੁੱਖ ਦੇ ਜਜ਼ਬੇ ਸਿਰਫ਼ ਤੇ ਸਿਰਫ਼ ਆਪਣੀ ਮਾਂ-ਬੋਲੀ ਵਿਚ ਹੀ ਪ੍ਰਗਟਾਏ ਜਾ ਸਕਦੇ ਹਨ | ਅਕਾਦਮੀ ਦੇ ਪ੍ਰਧਾਨ ਰਮੇਸ਼ ਯਾਦਵ ਨੇ ਆਏ ਹੋਏ ਮਹਿਮਾਨਾਂ, ਅਧਿਆਪਕਾਂ, ਸ਼ਾਇਰਾਂ ਅਤੇ ਵਿਦਿਆਰਥੀਆਂ ਨੂੰ ਜੀ ਆਇਆਂ ਕਹਿੰਦਿਆਂ ਕਿਹਾ ਕਿ ਇਹ ਸੰਸਥਾ ਹਮੇਸ਼ਾਂ ਪੰਜਾਬੀ ਭਾਈਚਾਰੇ ਦੀ ਆਪਸੀ ਸਹਿਮਤੀ, ਉਸਾਰੂ ਸਭਿਆਚਾਰ ਤੇ ਲੋਕ ਸਾਹਿਤ ਦੀ ਨੁਮਾਇੰਦਗੀ ਲਈ ਯਤਨਸ਼ੀਲ ਹੈ | ਇਸ ਦੌਰਾਨ ਰੰਗਮੰਚ ਕਲਾਕਾਰ ਅਤੇ 'ਅਜੀਤ' ਉਪ ਦਫ਼ਤਰ ਅੰਮਿ੍ਤਸਰ ਦੇ ਇੰਚਾਰਜ ਜਸਵੰਤ ਸਿੰਘ ਜੱਸ ਨੂੰ ਜਤਿੰਦਰ ਬਰਾੜ ਦੀ ਤਸਵੀਰ ਦੇ ਕੇ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਗਿਆ | ਸਮਾਗਮ ਦੇ ਦੂਸਰੇ ਸੈਸ਼ਨ ਦੌਰਾਨ ਪੰਜਾਬੀ ਨੂੰ ਪ੍ਰਫ਼ੂਲਤ ਕਰਨ ਵਾਲੇ ਪੰਜ ਅਧਿਆਪਕਾਂ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ ਜਿਸ ਵਿਚ ਜਸਵਿੰਦਰ ਸਿੰਘ ਝਬਾਲ, ਜਗਰੂਪ ਕੌਰ ਭਗਤਾਂਵਾਲਾ, ਜਗਜੀਤ ਕੌਰ ਬਹੋੜੂ, ਮਨਪ੍ਰੀਤ ਕੌਰ ਝੰਜੋਟੀ ਅਤੇ ਇੰਦਰਜੀਤ ਸਿੰਘ ਸ਼ਾਮਿਲ ਹਨ | ਇਸ ਮੌਕੇ ਸ਼ਾਇਰ ਸੁਖਬੀਰ ਸਿੰਘ ਭੁੱਲਰ ਦੀ ਨਵ-ਪ੍ਰਕਾਸ਼ਤ ਕਾਵਿ ਪੁਸਤਕ 'ਹਵਾਂ ਵਿਚ ਲਟਕਦੇ ਪਲ', ਸ਼ਾਇਰਾ ਕਮਲ ਗਿੱਲ ਦੀ ਸੰਪਾਦਿਤ ਪੁਸਤਕ 'ਕਾਲ-ਕੋਠੜੀ ਤੇ ਹੋਰ ਕਹਾਣੀਆਂ' ਅਤੇ ਤ੍ਰੈ-ਮਾਸਿਕ ਮੈਗਜ਼ੀਨ 'ਅਨੁਤਾਸ਼' ਦਾ ਲੋਕ ਅਰਪਣ ਕੀਤਾ ਗਿਆ | ਇਸ ਮੌਕੇ ਉਪ ਪਿ੍ੰਸੀਪਲ ਡਾ: ਸੁਨੀਲਾ ਸ਼ਰਮਾ, ਪੰਜਾਬੀ ਵਿਭਾਗ ਦੀ ਮੁਖੀ ਪ੍ਰੋ: ਸਰਘੀ, ਡਾ: ਪੂਜਾ, ਭੂਪਿੰਦਰ ਸਿੰਘ ਸੰਧੂ, ਡਾ: ਹਰਜੀਤ ਕੌਰ, ਡਾ: ਰਣਜੀਤ, ਡਾ: ਪਰਮਜੀਤ, ਕਰਮਜੀਤ ਕੌਰ ਜੱਸਲ, ਗੁਰਜਿੰਦਰ ਬਘਿਆੜੀ, ਹਰਜੀਤ ਸਰਕਾਰੀਆ, ਦਿਲਬਾਗ ਸਿੰਘ ਸਰਕਾਰੀਆ, ਜਸਵੰਤ ਸਿੰਘ ਰੰਧਾਵਾ, ਹਰੀਸ਼ ਸਾਬਰੀ, ਜਗਰੂਪ ਐਮਾ ਤੋਂ ਇਲਾਵਾ ਸ਼ਾਇਰ ਰਾਜਬੀਰ ਗਰੇਵਾਲ, ਐੱਸ. ਪ੍ਰਸ਼ੋਤਮ, ਬਲਵਿੰਦਰ ਪੰਧੇਰ, ਨਿਰਮਲ ਕੋਟਲਾ, ਸਿਮਰਨ ਗਿੱਲ, ਸਤਿੰਦਰਜੀਤ ਕੌਰ, ਕਵਲਪ੍ਰੀਤ ਥਿੰਦ, ਹਰਮੀਤ ਆਰਟਿਸਟ, ਨਵਜੋਤ ਭੁੱਲਰ, ਵਿਦਿਆਰਥਣ ਜਸਪਾਲ ਕੌਰ, ਹਰਸ਼ਰਨ ਕੌਰ, ਕਸ਼ਿਸ਼, ਜਸ਼ਨਪ੍ਰੀਤ ਕੌਰ ਆਦਿ ਨੇ ਆਪੋ ਆਪਣੀ ਰਚਨਾ ਪੇਸ਼ ਕੀਤੀ | ਸਮਾਗਮ ਦੇ ਅੰਤ 'ਚ ਲਾਇਬ੍ਰੇਰੀਅਨ ਡਾ: ਪ੍ਰਭਜੋਤ ਕੌਰ ਨੇ ਸਾਰਿਆ ਦਾ ਧੰਨਵਾਦ ਕੀਤਾ |