ਅੰਮ੍ਰਿਤਸਰ, 17 ਫਰਵਰੀ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ 8ਵੀਂ ਜਮਾਤ ਦੀਆਂ ਪ੍ਰੀਖਿਆਵਾਂ ਸ਼ੁਰੂ ਹੋ ਗਈਆਂ ਹਨ। ਅੱਜ ਪਹਿਲੇ ਦਿਨ ਅੰਗਰੇਜ਼ੀ ਵਿਸ਼ੇ ਦਾ ਇਮਤਿਹਾਨ ਹੋਇਆ। ਇਸ ਦੌਰਾਨ ਸਿੱਖਿਆ ਵਿਭਾਗ ਦੀਆਂ 18 ਤੋਂ ਵਧੇਰੇ ਉੱਡਣ ਦਸਤਿਆਂ ਵਲੋਂ 47 ਦੇ ਕਰੀਬ ਪ੍ਰੀਖਿਆਂ ਸੈਂਟਰਾਂ ਦਾ ਅਚਨਚੇਤ ਦੌਰਾ ਕੀਤਾ। ਇਸ ਦੌਰਾਨ ਜ਼ਿਲ੍ਹਾ ਸਿੱਖਿਆ ਅਫਸਰ (ਸ) ਰਾਜੇਸ਼ ਕੁਮਾਰ ਸ਼ਰਮਾ ਤੇ ਉਪ ਜ਼ਿਲ੍ਹਾ ਸਿੱਖਿਆ ਅਫਸਰ ਰਾਜੇਸ਼ ਖੰਨਾ ਵਲੋਂ ਸਰਕਾਰੀ ਸਕੂਲ ਮੁਸਤਫਾਬਾਦ, ਵੱਲ੍ਹਾ ਤੇ ਪੁਤਲੀਘਰ ਵਿਖੇ ਬਣਾਏ ਗਏ ਪ੍ਰੀਖਿਆ ਕੇਂਦਰਾਂ ਦਾ ਦੌਰਾ ਕੀਤਾ। ਇਸ ਦੌਰਾਨ ਉਕਤ ਸਿੱਖਿਆ ਅਧਿਕਾਰੀਆਂ ਨੇ ਦੱਸਿਆ ਕਿ ਬੋਰਡ ਪ੍ਰੀਖਿਆਵਾਂ ਲਈ 220 ਪ੍ਰੀਖਿਆ ਕੇਂਦਰ ਬਣਾਏ ਗਏ ਹਨ। ਇਸ ਦੌਰਾਨ ਸ਼ਾਂਤੀਪੂਰਵਕ ਪ੍ਰੀਖਿਆ ਹੋਈ ਹੈ ਅਤੇ ਨਕਲ ਦਾ ਕੋਈ ਵੀ ਮਾਮਲਾ ਸਾਹਮਣੇ ਨਹੀਂ ਆਇਆ। ਉਨ੍ਹਾਂ ਵਿਦਿਆਰਥੀਆਂ ਨੂੰ ਬਿਨਾਂ ਕਿਸੇ ਦਬਾਅ ਦੇ ਆਪਣੀਆਂ ਪ੍ਰੀਖਿਆਵਾਂ ਦੇਣ ਲਈ ਉਤਸ਼ਾਹਿਤ ਕਰਦੇ ਹੋਏ ਕਿਹਾ ਕਿ ਉਹ ਇਨੀ ਦਿਨੀ ਆਪਣਾ ਧਿਆਨ ਸਿਰਫ ਪ੍ਰੀਖਿਆਵਾਂ 'ਤੇ ਕੇਂਦਰਿਤ ਕਰਨ। ਉਨ੍ਹਾਂ ਮਾਪਿਆਂ ਨੂੰ ਅਪੀਲ ਕੀਤੀ ਕਿ ਵਿਦਿਆਰਥੀਆਂ ਨੂੰ ਪ੍ਰੀਖਿਆਵਾਂ ਦੇ ਦਿਨਾਂ 'ਚ ਖਾਸ ਕਰਕੇ ਮੋਬਾਇਲ ਦੀ ਵਰਤੋਂ ਨੂੰ ਰੋਕਣ ਅਤੇ ਤਿਆਰੀ ਲਈ ਘਰ 'ਚ ਢੁੱਕਵਾਂ ਮਾਹੌਲ ਦੇਣ।
ਸੀ. ਬੀ. ਐੱਸ. ਈ. ਦੀਆਂ ਪ੍ਰੀਖਿਆਵਾਂ ਹੋਈਆਂ ਸ਼ੁਰੂ : ਅੱਜ ਸੀ. ਬੀ. ਐੱਸ. ਈ. ਦੀਆਂ 10ਵੀਂ ਜਮਾਤ ਦੀਆਂ ਪ੍ਰੀਖਿਆਵਾਂ ਵੀ ਸ਼ੁਰੂ ਹੋ ਗਈਆਂ। ਅੱਜ ਪਹਿਲੇ ਦਿਨ ਗਣਿਤ ਵਿਸ਼ੇ ਦਾ ਇਮਤਿਹਾਨ ਹੋਇਆ। ਇਸ ਦੌਰਾਨ ਪੇੇਪਰ ਸੰਬੰਧੀ ਵਿਦਿਆਰਥੀਆਂ ਦੀ ਰਲੀਮਿਲੀ ਪ੍ਰਤੀਕਿਰਿਆ ਸਾਹਮਣੇ ਆਈ।
ਪੰਜਾਬ ਸਕੂਲ ਸਿੱਖਿਆ ਬੋਰਡ ਤੇ ਸੀ. ਬੀ. ਐਸ. ਈ. ਦੀਆਂ ਪ੍ਰੀਖਿਆਵਾਂ ਸ਼ੁਰੂ
ਅਜੀਤ ਡੈਸਕ
18-02-2026